ਪੰਜਾਬ ਸਰਕਾਰ ਵੱਲੋਂ ਐਨ.ਜੀ.ਓਜ਼ ਨੂੰ ਵਿੱਤੀ ਸਹਾਇਤਾ ਲਈ 80 ਲੱਖ ਰੁਪਏ ਦੀ ਗਰਾਂਟ ਜਾਰੀ – ਡਾ. ਬਲਜੀਤ ਕੌਰ

0
43

ਪੰਜਾਬ ਸਰਕਾਰ ਵੱਲੋਂ ਐਨ.ਜੀ.ਓਜ਼ ਨੂੰ ਵਿੱਤੀ ਸਹਾਇਤਾ ਲਈ 80 ਲੱਖ ਰੁਪਏ ਦੀ ਗਰਾਂਟ ਜਾਰੀ – ਡਾ. ਬਲਜੀਤ ਕੌਰ
ਸਮਾਜਿਕ ਵਿਕਾਸ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਹੁਨਰਮੰਦ ਬਣਾਉਣਾ ਸਾਡੀ ਸਰਕਾਰ ਦੀ ਮੁੱਖ ਤਰਜੀਹ

ਚੰਡੀਗੜ੍ਹ , 31 ਮਾਰਚ 2025:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਅਤੇ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਐਨ.ਜੀ.ਓਜ਼ (ਗੈਰ-ਸਰਕਾਰੀ ਸੰਸਥਾਵਾਂ) ਨੂੰ 80 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਹੈ। ਇਹ ਜਾਣਕਾਰੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਐਨ.ਜੀ.ਓਜ਼ ਰਾਹੀਂ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਕਟਿੰਗ-ਟੇਲਰਿੰਗ, ਫੈਸ਼ਨ ਡਿਜ਼ਾਇਨਿੰਗ, ਕੰਪਿਊਟਰ,  ਟੈਲੀ ਟ੍ਰੇਨਿੰਗ ਅਤੇ ਬਿਊਟੀ ਥੈਰੇਪਿਸਟ ਟ੍ਰੇਨਿੰਗ  ਵਰਗੀਆਂ ਕੋਰਸਾਂ ਰਾਹੀਂ ਸਵੈ-ਰੋਜ਼ਗਾਰ ਯੋਗ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 4 ਗੈਰ ਸਰਕਾਰੀ ਸੰਸਥਾਵਾਂ ਨੂੰ ਕਟਿੰਗ ਐਂਡ ਟੇਲਰਿੰਗ, ਫੈਸ਼ਨ ਡਿਜ਼ਾਇਨਿੰਗ ਅਤੇ ਕੰਪਿਊਟਰ ਟ੍ਰੇਨਿੰਗ ਪ੍ਰਾਜੈਕਟਾਂ ਲਈ 40 ਲੱਖ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸੰਗਰੂਰ ਜ਼ਿਲ੍ਹੇ ਦੀ ਇੱਕ ਸੰਸਥਾ ਨੂੰ ਕਟਿੰਗ ਐਂਡ ਟੇਲਰਿੰਗ ਕੋਰਸ ਲਈ 10 ਲੱਖ ਰੁਪਏ ਦੀ ਰਾਸ਼ੀ ਜਾਰੀ  ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 3 ਗੈਰ ਸਰਕਾਰੀ ਸੰਸਥਾਵਾਂ ਨੂੰ ਇਨ੍ਹਾਂ ਕੋਰਸਾਂ ਲਈ 30 ਲੱਖ ਰੁਪਏ ਜਾਰੀ ਕੀਤੇ ਗਏ ਹਨ, ਤਾਂ ਜੋ ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨ ਆਪਣੀ ਆਜੀਵਿਕਾ ਕਮਾਉਣ ਲਈ ਸਮੱਰਥ ਬਣ ਸਕਣ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜਿਕ ਵਿਕਾਸ ਅਤੇ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਕੀਮਾਂ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਲਗਾਤਾਰ ਉਪਰਾਲੇ ਜਾਰੀ ਰਹਿਣਗੇ।

LEAVE A REPLY

Please enter your comment!
Please enter your name here