ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਉਪਰਾਲੇ ਜਾਰੀ-ਐਸ.ਐਸ.ਪੀ.
* ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡ ਭੈਣੀ ਬਾਘਾ ਵਿਖੇ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਦੇ ਮੁਕਾਬਲੇ ਹੋਏ
* ਤਿੰਨ ਮੈਚਾਂ ’ਚ ਭੈਣੀ ਬਾਘਾ ਦੀ ਟੀਮ ਅਤੇ ਇਕ ਮੈਚ ’ਚ ਸਰਦੂਲਗੜ੍ਹ ਦੀ ਟੀਮ ਪਹਿਲੇ ਸਥਾਨ ’ਤੇ ਰਹੀ
ਮਾਨਸਾ, 30 ਜਨਵਰੀ:
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲੋਕਾਂ ਵਿੱਚ ਨਸ਼ਿਆਂ ਖਿਲਾਫ਼ ਚੇਤਨਾ ਪੈਦਾ ਹੋਈ ਹੈ ਜੋ ਕਿ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਪਿੰਡ ਭੈਣੀ ਬਾਘਾ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਖੇਡਾਂ ਜਿੱਥੇ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਤੰਦਰੁਸਤੀ ਵਿਚ ਸਹਾਈ ਹੁੰਦੀਆਂ ਹਨ ਉੱਥੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਿਰੋਗ ਜ਼ਿੰਦਗੀ ਜਿਊਣ ਲਈ ਅਹਿਮੀਅਤ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀ ਵੱਡੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਵਿਚ ਹਰੇਕ ਨਾਗਰਿਕ ਨੂੰ ਆਪਣਾ ਬਣਦਾ ਯੌਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਨਸ਼ੇ ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਮਾਰੂ ਗ੍ਰਿਫ਼ਤ ’ਚ ਨਾ ਲੈ ਸਕਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨਾਲ ਲੱਖਾਂ ਪਰਿਵਾਰਾਂ ਵਿੱਚ ਆਸ ਦੀ ਕਿਰਨ ਪੈਦਾ ਕਰ ਦਿੱਤੀ ਹੈ ਅਤੇ ਸਰਕਾਰ ਦੇ ਅਹਿਮ ਉਪਰਾਲਿਆਂ ਸਦਕਾ ਲੋਕ ਨਸ਼ਿਆਂ ਤੋਂ ਮੂੰਹ ਮੋੜਨ ਲੱਗ ਪਏ ਹਨ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ’ਚ ਸਫ਼ਲਤਾ ਹਾਸਿਲ ਕੀਤੀ ਹੈ ਅਤੇ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਵਿੱਚੋਂ ਕੱਢ ਕੇ ਸਿਹਤਮੰਦ ਜਿੰਦਗੀ ਲਈ ਪ੍ਰੇਰਿਤ ਕਰਨ ਲਈ ਹਰੇਕ ਜ਼ਿਲ੍ਹਾ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨਾ ਕੋਈ ਵੱਡੀ ਗੱਲ ਨਹੀ, ਹਰੇਕ ਜ਼ਿਲ੍ਹਾ ਨਿਵਾਸੀ ਨੂੰ ਰਾਜ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਅੰਦਰ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਹਰੇਕ ਪਰਿਵਾਰ ਨੂੰ ਆਪਣੇ ਘਰ ਅੰਦਰ ਪਲ ਰਹੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਹੀ ਅਸੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਸਕਦੇ ਹਾਂ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਬਾਸਕਿਟਬਾਲ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀਆਂ ਅੰਡਰ-17 ਉਮਰ ਵਰਗ ਵਿਚ ਸਰਦੂਲਗੜ੍ਹ ਪਹਿਲੇ, ਭੈਣੀ ਬਾਘਾ ਦੂਜੇ ਅਤੇ ਫੱਤਾ ਮਾਲੋਕਾ ਤੀਜੇ ਸਥਾਨ ’ਤੇ ਰਿਹਾ। ਅੰਡਰ-19 ਉਮਰ ਵਰਗ ਲੜਕੀਆਂ ਵਿਚ ਭੈਣੀ ਬਾਘਾ ਪਹਿਲੇ, ਸਰਦੂਲਗੜ੍ਹ ਦੂਜੇ ਅਤੇ ਫੱਤਾ ਮਾਲੋਕਾ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਵਿਚ ਭੈਣੀ ਬਾਘਾ ਪਹਿਲੇ, ਠੂਠਿਆਂਵਾਲੀ ਦੂਜੇ ਅਤੇ ਭਾਈ ਦੇਸਾ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਵਿਚ ਭੈਣੀ ਬਾਘਾ ਪਹਿਲੇ, ਠੂਠਿਆਂਵਾਲੀ ਦੂਜੇ ਅਤੇ ਸਰਦੂਲਗੜ੍ਹ ਤੀਜੇ ਸਥਾਨ ’ਤੇ ਰਿਹਾ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਐਸ.ਪੀ. (ਐਚ) ਸ੍ਰੀ ਜਸਕੀਰਤ ਸਿੰਘ, ਡੀ.ਐਸ.ਪੀ ਮਾਨਸਾ ਹੀਨਾ ਗੁਪਤਾ, ਡੀ.ਐਸ.ਪੀ. (ਡੀ) ਪੁਸ਼ਪਿੰਦਰ ਸਿੰਘ, ਡੀ.ਐਸ.ਪੀ (ਹੈਡਕੁਆਰਟਰ) ਹਰਪਾਲ ਸਿੰਘ ਗਰੇਵਾਲ, ਪ੍ਰਿੰਸੀਪਲ ਯੋਗਿਤਾ ਜੋਸ਼ੀ, ਸਿੱਖਿਆ ਵਿਭਾਗ ਤੋਂ ਰਾਜਦੀਪ ਸਿੰਘ, ਨਿਰਮਲ ਸਿੰਘ ਸਮੇਤ ਪਿੰਡ ਦੇ ਵਸਨੀਕ ਹਾਜ਼ਰ ਸਨ।