ਪੰਜਾਬ ਸੰਭਾਵੀ ਹਾਦਸਿਆਂ ਵਾਲੇ ਸਾਰੇ 784 ਬਲੈਕ ਸਪਾਟਸ ਦੀ ਸ਼ਨਾਖ਼ਤ ਕਰਨ ਅਤੇ 60 ਫ਼ੀਸਦੀ ਨੂੰ ਦਰੁਸਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ: ਲਾਲਜੀਤ ਸਿੰਘ ਭੁੱਲਰ

0
181
ਟਰਾਂਸਪੋਰਟ ਮੰਤਰੀ ਨੇ ਸੜਕ ਸੁਰੱਖਿਆ ਮਹੀਨੇ ਦੀ ਕੀਤੀ ਸਮਾਪਤੀ

 

ਕਿਹਾ, ਸਰਕਾਰ ਸੜਕ ਹਾਦਸਿਆਂ ‘ਚ ਮੌਤ ਦਰ ਘਟਾਉਣ ਲਈ ਲਗਾਤਾਰ ਯਤਨਸ਼ੀਲ

 

“ਸੜਕੀ ਹਾਦਸਿਆਂ ਵਾਲੇ ਬਲੈਕ ਸਪਾਟਸ ਦੀ ਸ਼ਨਾਖ਼ਤ ਤੇ ਸੁਧਾਰ ਅਤੇ ਇਸ ਦੇ ਪ੍ਰਭਾਵ” ਵਿਸ਼ੇ ‘ਤੇ ਵਰਕਸ਼ਾਪ ਅਤੇ ਸੜਕ ਸੁਰੱਖਿਆ ‘ਤੇ ਲੈਕਚਰ ਕਰਵਾਇਆ

 

ਸੜਕ ਸੁਰੱਖਿਆ ਮਹੀਨੇ ਦੌਰਾਨ ਸੂਬੇ ਭਰ ‘ਚ ਵੱਖ-ਵੱਖ ਸੜਕ ਸੁਰੱਖਿਆ ਗਤੀਵਿਧੀਆਂ ਕਰਵਾਈਆਂ

 

ਚੰਡੀਗੜ੍ਹ, 14 ਫ਼ਰਵਰੀ:

 

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਨਵੀਨਤਮ ਇੰਜੀਨੀਅਰਿੰਗ ਤਕਨੀਕਾਂ ਦੀ ਸਹਾਇਤਾ ਨਾਲ ਸੰਭਾਵੀ ਹਾਦਸਿਆਂ ਵਾਲੇ ਸਾਰੇ 784 ਬਲਾਕ ਸਪਾਟਸ ਦੀ ਸ਼ਨਾਖ਼ਤ ਕਰਨ ਅਤੇ ਇਨ੍ਹਾਂ ਵਿੱਚੋਂ 60 ਫ਼ੀਸਦੀ ਨੂੰ ਦਰੁਸਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ।

 

ਇੱਥੇ ਮਗਸੀਪਾ ਵਿਖੇ ‘ਸੜਕ ਸੁਰੱਖਿਆ ਮਹੀਨੇ’ ਦੇ ਸਮਾਪਤੀ ਸਮਾਰੋਹ ਦੌਰਾਨ ਪੀ.ਆਰ.ਟੀ.ਸੀ./ਪੀ.ਬੀ. ਰੋਡਵੇਜ਼, ਟਰੱਕਾਂ ਅਤੇ ਸਕੂਲ ਬੱਸਾਂ ਦੇ ਡਰਾਈਵਰਾਂ, ਪ੍ਰਾਈਵੇਟ ਬੱਸ ਅਪਰੇਟਰਾਂ ਅਤੇ ਟੈਕਸੀ ਆਪਰੇਟਰਾਂ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਮੌਤ ਦਰ ਨੂੰ ਹੋਰ ਘਟਾਉਣ ਲਈ ਐਨ.ਐਚ.ਏ.ਆਈ. ਦੀ ਮਦਦ ਨਾਲ ਹੁਣ ਤੱਕ ਇਨ੍ਹਾਂ ਬਲੈਕ ਸਪਾਟਾਂ ਨੂੰ ਦਰੁਸਤ ਕਰਨ ਲਈ ਲਗਭਗ 700 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੜਕੀ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਬਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਲਈ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ, ਜੰਕਸ਼ਨਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਸਪੀਡੋ ਅਤੇ ਐਲਕੋ-ਮੀਟਰਾਂ ਦੀ ਵਰਤੋਂ ਵਰਗੇ ਵੱਖ-ਵੱਖ ਕਦਮ ਚੁੱਕੇ ਗਏ ਹਨ। ਡਰਾਈਵਰਾਂ ਨੂੰ ਸੇਫਟੀ ਬੈਲਟ ਨਿਯਮਿਤ ਤੌਰ ‘ਤੇ ਲਾਉਣ ਦੀ ਅਪੀਲ ਕੈਬਨਿਟ ਮੰਤਰੀ ਨੇ ਕਿਹਾ ਕਿ ਟੈਕਸੀਆਂ ਅਤੇ ਕਾਰਾਂ ਵਿੱਚ ਪਿਛਲੀ ਸੀਟ ਦੀ ਬੈਲਟ ਦੀ ਵਰਤੋਂ ਵੀ ਯਕੀਨੀ ਬਣਾਈ ਜਾਵੇ।

 

ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਜਨਰਲ ਲੀਡ ਏਜੰਸੀ ਸ੍ਰੀ ਆਰ. ਵੈਂਕਟ ਰਤਨਮ ਨੇ ਦੱਸਿਆ ਕਿ ਸੜਕ ਸੁਰੱਖਿਆ ਮਹੀਨੇ ਦੌਰਾਨ ਸੂਬੇ ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਾਈਕਲ/ਦੋ-ਪਹੀਆ ਵਾਹਨ ਰੈਲੀਆਂ, ਟਰਾਂਸਪੋਰਟ ਵਾਹਨਾਂ ‘ਤੇ ਰੀਟਰੋ-ਰਿਫਲੈਕਟਿਵ ਟੇਪ ਲਗਾਉਣਾ, ਡਰਾਈਵਰਾਂ ਨਾਲ ਨੁੱਕੜ ਟਾਕ, ਸੀਟ ਬੈਲਟ ਤੇ ਹੈਲਮੇਟ ਅਤੇ ਲਾਲ ਬੱਤੀ ਦੀ ਉਲੰਘਣਾ ਬਾਰੇ ਜਾਗਰੂਕਤਾ ਮੁਹਿੰਮਾਂ, ਤੇਜ਼ ਰਫਤਾਰ ਅਤੇ ਸ਼ਰਾਬ ਪੀ ਕੇ ਡਰਾਈਵਿੰਗ ਵਿਰੁੱਧ ਵਿਸ਼ੇਸ਼ ਮੁਹਿੰਮਾਂ, ਸੜਕ ਕਿਨਾਰੇ ਉੱਗੀ ਬਨਸਪਤੀ ਦੀ ਸਫ਼ਾਈ, ਰੋਡ ਸਾਈਨਜ਼ ਲਗਾਉਣਾ, ਡਰਾਈਵਰਾਂ ਲਈ ਮੈਡੀਕਲ/ਅੱਖਾਂ ਦਾ ਚੈਕਅੱਪ ਕੈਂਪ ਅਤੇ ਸੰਭਾਵੀ ਹਾਦਸੇ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨਾ ਸ਼ਾਮਲ ਸੀ। ਇਸ ਤੋਂ ਇਲਾਵਾ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਗਠਨਾਂ ਅਤੇ ਸੜਕ ਸੁਰੱਖਿਆ ਮਾਹਿਰਾਂ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਬਾਰੇ ਭਾਸ਼ਣ, ਵਾਕਥੌਨ, ਪੋਸਟਰ ਮੇਕਿੰਗ ਤੇ ਕੁਇਜ਼ ਮੁਕਾਬਲੇ, ਪ੍ਰਦਰਸ਼ਨੀਆਂ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।

 

ਇਸ ਮੌਕੇ “ਐਕਸੀਡੈਂਟ ਬਲੈਕ ਸਪਾਟਸ ਦੀ ਸ਼ਨਾਖ਼ਤ ਤੇ ਸੁਧਾਰ ਅਤੇ ਇਸ ਦੇ ਪ੍ਰਭਾਵ” ਵਿਸ਼ੇ ‘ਤੇ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਸੜਕੀ ਮਾਮਲਿਆਂ ਨਾਲ ਸਬੰਧਤ ਵਿਭਾਗ ਜਿਵੇਂ ਐਨ.ਐਚ.ਏ.ਆਈ., ਪੀ.ਡਬਲਿਊ.ਡੀ. (ਬੀ ਐਂਡ ਆਰ), ਸਥਾਨਕ ਸਰਕਾਰਾਂ, ਪੰਜਾਬ ਮੰਡੀ ਬੋਰਡ ਵੱਲੋਂ ਇਸ ਮਹੀਨੇ ਦੌਰਾਨ ਕੀਤੀਆਂ ਪਹਿਲਕਦਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ।

 

ਇਸ ਮੌਕੇ ਏ.ਡੀ.ਜੀ.ਪੀ.(ਟ੍ਰੈਫਿਕ) ਸ੍ਰੀ ਏ.ਐਸ. ਰਾਏ, ਟਰੈਫਿਕ ਸਲਾਹਕਾਰ ਪੰਜਾਬ ਸ੍ਰੀ ਨਵਦੀਪ ਅਸੀਜਾ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।

 

ਸਮਾਗਮ ਦੌਰਾਨ ਡਰਾਈਵਰਾਂ ਨੂੰ ਵਾਹਨਾਂ ਵਿੱਚ ਰੱਖਣ ਲਈ ਲਗਭਗ 400 ਫਸਟ-ਏਡ ਕਿੱਟਾਂ ਵੰਡੀਆਂ ਗਈਆਂ। ਇਹ ਕਿੱਟਾਂ ਐਮ.ਡੀ. ਮਿਲਕਫੈੱਡ ਸ੍ਰੀ ਕਮਲ ਗਰਗ, ਆਈ.ਏ.ਐਸ. ਵੱਲੋਂ ਸਪਾਂਸਰ ਕੀਤੀਆਂ ਗਈਆਂ।

LEAVE A REPLY

Please enter your comment!
Please enter your name here