ਪ੍ਰੋਗਰਾਮ ਦਾ ਉਦੇਸ਼ ਆਈ.ਟੀ. ਖੇਤਰ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਦੇ ਕੈਰੀਅਰ ਨੂੰ ਹੁਲਾਰਾ ਦੇਣਾ
ਚੰਡੀਗੜ, 2 ਮਾਰਚ
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਰੋਜ਼ਗਾਰ ਗਾਰੰਟੀ ਪ੍ਰੋਗਰਾਮ-‘‘ਟੈਕ ਬੀ’’ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਐਚ.ਸੀ.ਐਲ.ਟੀ.ਐਸ.ਐਸ. ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਇਹ ਗਣਿਤ/ਬਿਜ਼ਨਸ ਮੈਥੇਮੈਟਿਕਸ ਵਿਸ਼ਿਆਂ ਨਾਲ 12ਵੀਂ ਪਾਸ ਕਰਨ ਵਾਲੇ ਉਨਾਂ ਵਿਦਿਆਰਥੀਆਂ ਲਈ ਇੱਕ ਅਰਲੀ ਕਰੀਅਰ ਪ੍ਰੋਗਰਾਮ ਹੈ, ਜੋ ਆਈ.ਟੀ. ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ, ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਚੁਣੇ ਗਏ ਪਹਿਲੇ 200 ਉਮੀਦਵਾਰਾਂ (ਪਹਿਲੇ 100 ਉਮੀਦਵਾਰਾਂ ਦੀ ਪੂਰੀ ਫੀਸ ਅਤੇ ਅਗਲੇ 100 ਉਮੀਦਵਾਰਾਂ ਦੀ 50 ਫੀਸਦੀ ਫੀਸ) ਦੀ ਫੀਸ ਪੀ.ਐਸ.ਡੀ.ਐਮ. ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀ.ਆਰ.ਟੀ. ਅਤੇ ਇੰਟਰਨਸ਼ਿਪ ਪੂਰੀ ਕਰਨ ‘ਤੇ, ਉਮੀਦਵਾਰ ਐਚ.ਸੀ.ਐਲ. ਦਾ ਕਰਮਚਾਰੀ ਹੋ ਜਾਵੇਗਾ ਅਤੇ ਐਚ.ਸੀ.ਐਲ. ਵੱਲੋਂ ਅਸ਼ੰਕ ਫੰਡ ਸਹਾਇਤਾ ਨਾਲ ਬਿਟਸ ਪਿਲਾਨੀ, ਐਮਿਟੀ, ਆਈ.ਆਈ.ਐਮ. ਨਾਗਪੁਰ, ਕੇ.ਐਲ. ਯੂਨੀਵਰਸਿਟੀ ਅਤੇ ਸਸਤਰਾ ਯੂਨੀਵਰਸਿਟੀ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪ੍ਰਾਪਤ ਕਰ ਸਕਦਾ ਹੈ। ਇਸ ਤਰਾਂ ਪੰਜਾਬ ਦੇ ਨੌਜਵਾਨਾਂ ਨੂੰ ਆਈ.ਟੀ.ਦੇ ਖੇਤਰ ਵਿੱਚ ‘ਅਰਨ ਵਾਈਲ ਲਰਨ’ (ਸਿੱਖਿਆ ਨਾਲ ਕਮਾਓ) ਦਾ ਵਧੀਆ ਤੇ ਸੁਨਹਿਰੀ ਮੌਕਾ ਪ੍ਰਦਾਨ ਕਰੇਗਾ।
ਇਸ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਦੋ ਭਾਗ ਹਨ, ਜਿਸ ਵਿੱਚ 6 ਮਹੀਨੇ ਕਲਾਸ ਰੂਮ ਟ੍ਰੇਨਿੰਗ ਅਤੇ 6 ਮਹੀਨੇ ਦੀ ਇੰਟਰਨਸ਼ਿਪ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਲਾਸ ਰੂਮ ਸਿਖਲਾਈ ਦੌਰਾਨ, ਉਮੀਦਵਾਰਾਂ ਨੂੰ ਐਚ.ਸੀ.ਐਲ.ਟੀ.ਐਸ.ਐਸ. ਵੱਲੋਂ ਇੰਟਰਨਸ਼ਿਪ ਦੌਰਾਨ 10,000 ਪ੍ਰਤੀ ਮਹੀਨਾ ਵਜੀਫਾ ਅਤੇ ਲੈਪਟਾਪ ਪ੍ਰਦਾਨ ਕੀਤਾ ਜਾਵੇਗਾ। ਸ੍ਰੀਮਤੀ ਉੱਪਲ ਨੇ ਅੱਗੇ ਕਿਹਾ ਕਿ ਇਹ ਸਿਖਲਾਈ ਭਵਿੱਖਮੁਖੀ ਤਕਨਾਲੋਜੀ (ਫਿਊਚਰ ਟੈਕਨਾਲੋਜੀ )‘ਤੇ ਅਧਾਰਤ ਹੋਵੇਗੀ ਅਤੇ ਉਮੀਦਵਾਰਾਂ ਨੂੰ ਚੰਗੇ ਤਜਰਬੇਕਾਰ ਟ੍ਰੇਨਰਾਂ ਦੀ ਸਲਾਹ ਨਾਲ ਐਚ.ਸੀ.ਐਲ. ਦੇ ਲਾਈਵ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਮੌਕਾ ਮਿਲੇਗਾ।
ਐਮ.ਓ.ਯੂ. ਸਹੀਬੱਧ ਸਮਾਰੋਹ ‘ਤੇ, ਐਚ.ਸੀ.ਐਲ.ਟੀ.ਐਸ.ਐਸ.ਟੀਮ ਨੇ ਦੱਸਿਆ ਕਿ ਉਮੀਦਵਾਰਾਂ ਦੀ ਇੰਟਰਨਸ਼ਿਪ ਸਮੁੱਚੇ ਭਾਰਤ ਵਿੱਚ ਜਾਰੀ ਰਹੇਗੀ ਅਤੇ ਵਿਦਿਆਰਥੀਆਂ ਲਈ ਨੋਇਡਾ, ਚੇਨਈ, ਹੈਦਰਾਬਾਦ, ਬੈਂਗਲੁਰੂ, ਮਦੁਰਾਈ, ਵਿਜੇਵਾੜਾ, ਨਾਗਪੁਰ ਅਤੇ ਲਖਨਊ ਵਿਖੇ ਕਿਸੇ ਵੀ ਕੈਂਪਸ ਵਿੱਚ ਯਕੀਨੀ ਪਲੇਸਮੈਂਟ ਦੀ ਵਿਵਸਥਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਫਰਾਂਸ, ਸਿੰਗਾਪੁਰ ਆਦਿ ਵਰਗੇ 60 ਤੋਂ ਵੱਧ ਦੇਸ਼ਾਂ ਵਿੱਚ ਐਚ.ਸੀ.ਐਲ. ਦੇ ਪ੍ਰੋਜੈਕਟ ਚਲ ਰਹੇ ਹਨ, ਜਿਨਾਂ ਵਿੱਚ ਉਮੀਦਵਾਰਾਂ ਨੂੰ ਉਨਾਂ ਦੀ ਸਮਰੱਥਾ ਅਤੇ ਕਾਰਗੁਜਾਰੀ ਦੇ ਅਧਾਰ ‘ਤੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ।