ਪੰਢਰਪੁਰ ਮਹਾਰਾਸ਼ਟਰ ਤੋਂ ਭਗਤ ਨਾਮਦੇਵ ਜੀ ਦੇ 754ਵੇਂ ਪ੍ਰਕਾਸ ਉਤਸਵ ਨੂੰ ਸਮਰਪਿਤ ਕੱਢੀ ਜਾ ਰਹੀ ਰੱਥ ਅਤੇ ਸਾਈਕਲ ਯਾਤਰਾ 3 ਦਸੰਬਰ ਨੂੰ ਲੁਧਿਆਣਾ ਦੇ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਪਹੁੰਚੇਗੀ : ਸੂਰਿਆਕਾਂਤ੍ਰ ਭੀਸੇ
ਪਟਿਆਲਾ, 1 ਦਸੰਬਰ 2024
ਭਗਤੀ ਲਹਿਰ ਦੇ ਮਹਾਨ ਸੰਤ ਸ਼੍ਰੋਮਣੀ ਭਗਤ ਨਾਮਦੇਵ ਜੀ ਮਹਾਰਾਜ ਦੇ 754ਵੇਂ ਪ੍ਰਕਾਸ ਪੁਰਬ, ਸੰਤ ਸ੍ਰੀ ਗਿਆਨੇਸਵਰ ਮਹਾਰਾਜ ਦੇ 728ਵੇਂ ਸੰਜੀਵਨ ਸਮਾਧੀ ਦਿਵਸ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕੱਢੀ ਜਾ ਰਹੀ ਰੱਥ ਅਤੇ ਸਾਈਕਲ ਯਾਤਰਾ 4 ਦਸੰਬਰ ਨੂੰ ਇਤਿਹਾਸਕ ਅਤੇ ਧਾਰਮਿਕ ਕਸਬਾ ਘੁਮਾਣ ‘ਚ ਪਹੁੰਚੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਗਵਤ ਧਰਮ ਪ੍ਰਚਾਰਕ ਮੰਡਲ ਦੇ ਪ੍ਰਧਾਨ ਸੁਰਿਆਕਾਂਤ ਭੀਸੇ, ਮਨੋਜ ਮਾਂਡਰੇ ਅਤੇ ਸੰਜੇ ਨਿਵਾਸਕਰ ਨੇ ਦੱਸਿਆ ਕਿ ਭਗਤ ਨਾਮਦੇਵ ਜੀ ਦੀ ਬਾਣੀ ਅਤੇ ਉਪਦੇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਗਵਤ ਧਰਮ ਪ੍ਰਸਾਰਕ ਮੰਡਲ, ਪਾਲਕੀ ਸੋਹਲਾ ਪੱਤਰਕਾਰ ਸੰਘ ਮਹਾਰਾਸਟਰ ਰਾਜ ਅਤੇਦੇਸ਼ ਭਰ ਦੇ ਨਾਮਦੇਵ ਸਮਾਜ ਵਲੋਂ ਪੰਢਰਪੁਰ (ਮਹਾਰਾਸਟਰ ਤੋਂ ਘੁਮਾਣ (ਪੰਜਾਬ) ਤੱਕ ਇੱਕ 2300 ਕਿਲੋਮੀਟਰ ਰੱਥ ਅਤੇ ਸਾਈਕਲ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ ਜੋ ਮਹਾਰਾਸਟਰ, ਗੁਜਰਾਤ, ਰਾਜਸਥਾਨ, ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ, ਮੱਧ ਪ੍ਰਦੇਸ ਆਦਿ ਸੂਬਿਆਂ ਵਿਚ ਜਾਂਦੀ ਹੈ ਅਤੇ ਸ਼੍ਰੀ ਨਾਮਦੇਵ ਜੀ ਦੀ ਬਾਣੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦੀ ਹੈ। ਉਨਾਂ ਕਿਹਾ ਕਿ ਇਸ ਵਾਰ ਵੀ ਇਹ ਯਾਤਰਾ 12 ਨਵੰਬਰ ਨੂੰ ਸਵੇਰੇ 6 ਵਜੇ ਪੰਢਰਪੁਰ ਤੋਂ ਮਹਾਰਾਸਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਵਲੋਂ ਰਵਾਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ 1 ਦਸੰਬਰ ਨੂੰ ਪਟਿਆਲਾ, 2 ਸਤੰਬਰ ਨੂੰ ਚੰਡੀਗੜ੍ਹ, 3 ਦਸੰਬਰ ਨੂੰ ਲੁਧਿਆਣਾ ਮਾਡਲ ਟਾਊਨ ਵਿਖੇ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਨਤਮਸਤਕ ਹੋਵੇਗੀ ਤੇ ਰਾਤ ਦਾ ਠਹਿਰਾਅ ਕਰਨ ਉਪਰੰਤ 4 ਦਸੰਬਰ ਨੂੰ ਸਵੇਰੇ ਜਲੰਧਰ, ਬਿਆਸ ਤੋਂ ਹੁੰਦੀ ਹੋਈ ਸ਼ਾਮ ਨੂੰ ਇਤਿਹਾਸਕ ਅਤੇ ਧਾਰਮਿਕ ਕਸਬਾ ਘੁਮਾਣ ‘ਚ ਪਹੁੰਚੇਗੀ। ਇਸ ਤੋਂ ਬਾਅਦ ਇਹ ਰੱਥ ਯਾਤਰਾ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ, ਮੱਧ ਪ੍ਰਦੇਸ ਆਦਿ ਰਾਜਾਂ ਤੋਂ ਹੁੰਦੀ ਹੋਈ ਮਹਾਰਾਸਟਰ ਜਾਵੇਗੀ ਅਤੇ 12 ਦਸੰਬਰ ਨੂੰ ਖੇਤਰ ਪੰਢਰਪੁਰ ਮਹਾਰਾਸ਼ਟਰ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਸ ਰੱਥ ਅਤੇ ਸਾਈਕਲ ਯਾਤਰਾ ਨੂੰ ਲੈ ਕੇ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਸਥਾਨਾਂ ‘ਤੇ ਸੰਗਤਾਂ ਵਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।