ਪੱਟੀ ਹਲਕੇ ਦੇ ਕਾਂਗਰਸੀ ਆਗੂ ਦਾ ਭਰਾ ਹੈਰੋਇਨ ਸਮੇਤ ਕਾਬੂ

0
237
ਚੋਹਲਾ ਸਾਹਿਬ/ਤਰਨਤਾਰਨ,19 ਸਤੰਬਰ (ਰਾਕੇਸ਼ ਨਈਅਰ) -ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਨਿੱਤ ਛਾਪੇਮਾਰੀ ਕੀਤੀ ਜਾ ਰਹੀ ਹੈ ,ਜਿਸ ਵਿਚ ਪੁਲਿਸ ਨੂੰ ਸਫ਼ਲਤਾ ਵੀ ਮਿਲ ਰਹੀ ਹੈ।ਪੱਟੀ ਹਲਕੇ ਦੇ ਪਿੰਡ ਭੱਗੂਪੁਰ ਦੇ ਸਿਆਸੀ ਪਰਿਵਾਰ ਦੇ ਮੈਂਬਰ ਨੂੰ ਪੰਜਾਬ ਪੁਲਿਸ ਨੇ 141 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ,ਇਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ! ਜ਼ਿਲ੍ਹਾ ਕਾਂਗਰਸ ਪਾਰਟੀ ਦੇ ਆਗੂ ਰਾਜਕਰਨ ਸਿੰਘ ਭੱਗੂਪੁਰ ਦੇ ਭਰਾ ਕਰਨਜੀਤ ਸਿੰਘ ਭੱਗੂਪੁਰ ਨੂੰ ਚੰਡੀਗੜ੍ਹ ਦੇ ਸੈਕਟਰ-39 ਨੇੜਿਓਂ ਅਪਰੇਸ਼ਨ ਸੈੱਲ ਦੀ ਪੁਲੀਸ ਨੇ ਸ਼ਨੀਵਾਰ ਨੂੰ 141 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਬੇਹੱਦ ਕਰੀਬੀ ਰਾਜਕਰਨ ਭੱਗੂਪੁਰ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਨ। ਰਾਜਕਰਨ ਸਿੰਘ ਦੇ ਪਿਤਾ ਜਸਬੀਰ ਸਿੰਘ ਪਿੰਡ ਭੱਗੂਪੁਰ ਦੇ ਮੌਜੂਦਾ ਸਰਪੰਚ ਹਨ ਅਤੇ ਕਰਨਜੀਤ ਸਿੰਘ ਆਪ ਪਿੰਡ ਭੱਗੂਪੁਰ ਦੇ ਸਰਕਾਰੀ ਸਕੂਲ ਦਾ ਮੌਜੂਦਾ ਚੈਅਰਮੈਨ ਹੈ।ਅਪਰੇਸ਼ਨ ਸੈੱਲ ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ-39 ਤੋਂ ਮਲੋਆ ਜਾਣ ਵਾਲੀ ਸੜਕ ’ਤੇ ਕੀਤੀ ਨਾਕਾਬੰਦੀ ਦੌਰਾਨ ਕਾਰ ਵਿੱਚ ਆ ਰਹੇ ਕਰਨਜੀਤ ਸਿੰਘ ਕੋਲੋਂ 141 ਗ੍ਰਾਮ ਹੈਰੋਇਨ ਬਰਾਮਦ ਕਰਕੇ ਚੰਡੀਗੜ੍ਹ ਪੁਲਸ ਵੱਲੋਂ ਕਰਨਜੀਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਮੁਤਾਬਕ ਇਸ ਕੇਸ ਵਿੱਚ ਅਜੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ।ਪੁਲਿਸ ਵੱਲੋਂ ਕਰਨਜੀਤ ਸਿੰਘ ਦੇ ਘਰ ਛਾਪੇਮਾਰੀ ਉਪਰੰਤ ਮੋਬਾਇਲ, ਲੈਪਟਾਪ ਕਬਜ਼ੇ ਵਿੱਚ ਲਿਆ ਗਿਆ ਹੈ,ਜਿਸ ਤੋਂ ਹੋਰ ਰਾਜ ਖੁੱਲ੍ਹਣ ਦੀ ਸੰਭਾਵਨਾ ਹੈ।ਦੱਸਿਆ ਜਾਂਦਾ ਹੈ ਕਿ ਕਰਨਜੀਤ ਦੀ ਗ੍ਰਿਫਤਾਰੀ ਉਪਰੰਤ ਉਸਦਾ ਭਰਾ ਕਾਂਗਰਸੀ ਆਗੂ ਰਾਜਕਰਨ ਸਿੰਘ ਭੱਗੂਪੁਰ ਵੀ ਰੂਪੋਸ਼ ਚੱਲ ਰਿਹਾ ਹੈ।ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ 3 ਟੀਮਾਂ ਬਣਾਈਆਂ ਗਈਆਂ ਹਨ ਜੋ ਨਿਰੰਤਰ ਉਸ ਦੀ ਭਾਲ ਕਰ ਰਹੀਆਂ ਹਨ।ਸਾਇਬਰ ਟੀਮ ਵੀ ਇਸ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ।ਇਸ ਸਬੰਧੀ ਜਦ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਿੱਟਾ ਵੇਚਣ ਵਾਲੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ,ਉਨ੍ਹਾਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚਿੱਟਾ ਵੇਚਣ ਵਾਲਿਆਂ ਦੀ ਕਦੇ ਹਿਮਾਇਤ ਨਹੀਂ ਕਰੇਗੀ।

LEAVE A REPLY

Please enter your comment!
Please enter your name here