ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਜੰਡਿਆਲਾ ਗੁਰੂ ਦੇ ਵਾਰਡ ਨੰਬਰ ਇੱਕ ਵਿੱਚ ਘੋੜੇ ਸ਼ਾਹ ਦਰਗਾਹ ਦੇ ਨੇੜੇ ਬੀਤੀ ਰਾਤ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਮਾਂਗਟ ਦੇ ਅਧਿਆਪਕ ਭਰਾ ਨੂੰ ਦਾਤਰਾਂ ਨਾਲ ਜ਼ਖ਼ਮੀ ਕਰਕੇ ਘਰੋਂ ਨਕਦੀ ਅਤੇ ਗਹਿਣੇ ਲੁੱਟੇ। ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਬੀਤੀ ਰਾਤ ਕਰੀਬ 10.30 ਵਜੇ ਪੀਰ ਬਾਬਾ ਘੋੜੇ ਸ਼ਾਹ ਦੇ ਨਜ਼ਦੀਕੀ ਆਪਣੀ ਰਹਾਇਸ਼ ਵਿਚ ਆਪਣੇ ਪਰਿਵਾਰ ਨਾਲ ਮੌਜੂਦ ਸਨ ਅਤੇ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੇ ਵਿਹੜੇ ਵਿਚ ਟਹਿਲਣ ਵਾਸਤੇ ਨਿਕਲੇ ਤਾਂ ਉੱਥੇ ਪਹਿਲਾਂ ਤੋਂ ਹੀ ਕੰਧ ਟੱਪ ਕੇ ਅੰਦਰ ਲੁਕੇ ਹੋਏ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਉਨ੍ਹਾਂ ਉਪਰ ਦਾਤਰ ਨਾਲ ਹਮਲਾ ਕੀਤਾ ਤੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਅੰਦਰ ਲੈ ਗਏ ਅਤੇ ਉਨ੍ਹਾਂ ਸਮੇਤ ਪਰਿਵਾਰ ਦੇ ਛੇ ਮੈਂਬਰਾਂ ਨੂੰ ਸਟੋਰ ਵਿਚ ਬੰਦ ਕਰ ਦਿੱਤਾ। ਉਨ੍ਹਾਂ ਦੇ ਸਾਰੇ ਮੋਬਾਈਲ ਵੀ ਆਪਣੇ ਕਬਜ਼ੇ ਵਿੱਚ ਲੈ ਲਏ। ਲੁਟੇਰਿਆਂ ਵੱਲੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਅਲਮਾਰੀਆਂ ਵਿਚ ਪਿਆ ਸਾਮਾਨ ਬਾਹਰ ਖ਼ਿਲਾਰ ਦਿੱਤਾ। ਲੁਟੇਰੇ ਸੋਨੇ ਦੀ ਚੇਨ, ਇਕ ਅਗੂੰਠੀ, 12 ਹਜਾਰ ਦੇ ਕਰੀਬ ਨਕਦੀ, ਦੋ ਕੀਮਤੀ ਵਿਦੇਸ਼ੀ ਘੜੀਆਂ ਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਲੈ ਗਏ। ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਪਰਿਵਾਰ ਸਾਰੀ ਰਾਤ ਸਟੋਰ ਵਿਚ ਬੰਦ ਰਿਹਾ ਤੇ ਬੜੀ ਮੁਸ਼ਕਲ ਕਿਸੇ ਤਰ੍ਹਾਂ ਸਵੇਰੇ ਸਟੋਰ ‘ਚੋਂ ਬਾਹਰ ਆਏ ਇਸ ਘਟਨਾ ਦੀ ਸੂਚਨਾ ਜੰਡਿਆਲਾ ਗੁਰੂ ਪੁਲੀਸ ਨੂੰ ਦਿੱਤੀ। ਐੱਸ ਐੱਚ ਓ ਜੰਡਿਆਲਾ ਗੁਰੂ ਹਰਪ੍ਰੀਤ ਸਿੰਘ ਨੇ ਕਿਹਾ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਬਰੀਕੀ ਨਾਲ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਜੰਡਿਆਲਾ ਗੁਰੂ ਵਿੱਚ ਪਿੱਛਲੇ ਲੰਮੇ ਸਮੇਂ ਤੋਂ ਚੋਰੀਆਂ ਦਾ ਸਿਲਸਲਾ ਬਾਦਸਤੂਰ ਜਾਰੀ ਹੈ ਆਏ ਦਿਨ ਲੋਕਾਂ ਕੋਲੋਂ ਪਰਸ ਖੋਹੇ ਜਾਂਦੇ ਹਨ, ਲੋਕਾਂ ਦੇ ਮੋਟਰਸਾਇਕਲ ਖੋਹੇ ਜਾ ਰਹੇ ਹਨ ਇੱਥੋਂ ਤੱਕ ਕਿ ਲੋਕਾਂ ਦੇ ਏ ਸੀ ਨਾਲ ਲੱਗੀਆਂ ਤਾਂਬੇ ਦੀਆਂ ਤਾਰਾਂ ਵੀ ਚੋਰ ਲਾਹ ਕੇ ਲੈ ਜਾਂਦੇ ਹਨ। ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਿੱਚ ਕਿਤੇ ਵੀ ਪੁਲਿਸ ਨਾਕਾ ਨਜ਼ਰ ਨਹੀਂ ਆਉਂਦਾ ਹੈ ਅਤੇ ਗਸ਼ਤ ਵੀ ਨਾਮਾਤਰ ਹੀ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਹਨਾਂ ਲੁਟੇਰਿਆਂ ’ਤੇ ਕਾਬੂ ਪਾਇਆ ਜਾ ਸਕੇ।
Boota Singh Basi
President & Chief Editor