..ਕਿਹਾ, ਉਸ ਨੇ ਜਾਣਬੁੱਝ ਕੇ ਆਪਣੇ ਪੇਜ ਦੀ ਪਬਲਿਸਿਟੀ ਲਈ ਜਾਂ ਕਿਸੇ ਵਿਰੋਧੀ ਦੇ ਇਸ਼ਾਰੇ ‘ਤੇ ਉਹ ਰੀਲ ਬਣਾਈ ਸੀ
…ਰੀਲ ਨੂੰ ਐਡਿਟ ਕੀਤਾ ਗਿਆ ਹੈ, ਕਈ ਚੀਜ਼ਾਂ ਜਾਣ ਬੁੱਝ ਕੇ ਕੱਟੀਆਂ ਗਈਆਂ ਹਨ – ਸੁਖਾਨੰਦ
ਚੰਡੀਗੜ੍ਹ, 25 ਜੁਲਾਈ
ਆਮ ਆਦਮੀ ਪਾਰਟੀ (ਆਪ) ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪੱਤਰਕਾਰ ਦੀ ਕੁੱਟਮਾਰ ਦੇ ਮਾਮਲੇ ‘ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਪੱਤਰਕਾਰ ਨਹੀਂ ਹੈ, ਬਲਕਿ ਉਹ ਸਿਰਫ਼ ਆਪਣਾ ਛੋਟਾ ਜਿਹਾ ਫੇਸਬੁੱਕ ਪੇਜ ਚਲਾਉਂਦਾ ਹੈ, ਉਸ ਨੂੰ ਪੱਤਰਕਾਰ ਕਹਿਣਾ ਸਹੀ ਨਹੀਂ ਹੈ।
ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸੁਖਾਨੰਦ ਨੇ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਆਪਣੇ ਫੇਸਬੁੱਕ ਪੇਜ ਦੇ ਪ੍ਰਚਾਰ ਲਈ ਜਾਂ ਕਿਸੇ ਵਿਰੋਧੀ ਦੇ ਇਸ਼ਾਰੇ ‘ਤੇ ਮੈਨੂੰ ਬਦਨਾਮ ਕਰਨ ਲਈ ਇਹ ਰੀਲ ਬਣਾਈ ਹੈ। ਰੀਲ ਨੂੰ ਆਡਿਟ ਕਰਕੇ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਅਤੇ ਸਚਾਈ ਨੂੰ ਜਾਣ ਬੁੱਝ ਕੇ ਕੱਟਿਆ ਗਿਆ ਹੈ।
ਵਿਧਾਇਕ ਨੇ ਦੱਸਿਆ ਕਿ ਰੀਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਉਸ ਨੂੰ ਆਪਣੇ ਦਫ਼ਤਰ ਬੁਲਾਇਆ ਸੀ। ਉਸ ਸਮੇਂ ਦਫ਼ਤਰ ਵਿੱਚ 30-40 ਵਰਕਰ ਅਤੇ ਆਮ ਲੋਕ ਬੈਠੇ ਸਨ। ਮੈਂ ਉਹ ਰੀਲ ਸਾਰਿਆਂ ਨੂੰ ਦਿਖਾਈ। ਇਸ ਦੌਰਾਨ ਸਭ ਨੇ ਉਸ ਰੀਲ ਨੂੰ ਗ਼ਲਤ ਕਿਹਾ। ਫਿਰ ਮੈਂ ਉਸ ਨੂੰ ਉਸ ਰੀਲ ਨੂੰ ਮਿਟਾਉਣ ਅਤੇ ਮੁਆਫ਼ੀ ਮੰਗਣ ਲਈ ਕਿਹਾ। ਉਸ ਨੇ ਵੀਡੀਓ ਬਣਾ ਕੇ ਮੁਆਫ਼ੀ ਵੀ ਮੰਗੀ, ਜਿਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਸ ਨੇ ਬਿਨਾਂ ਕਿਸੇ ਦਬਾਅ ਦੇ ਵੀਡੀਓ ‘ਚ ਮੁਆਫ਼ੀ ਮੰਗੀ ਹੈ।
ਵਿਧਾਇਕ ਨੇ ਆਪਣੇ ਹਲਕੇ ਦੇ ਇੱਕ ਵਿਅਕਤੀ ਰਵੀ ਸ਼ਰਮਾ ਉਰਫ਼ ਕੁਲਵੰਤ ਰਾਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੀ ਪਤਨੀ ਮੇਰੇ ਦੋਸਤ ਦੀ ਭੈਣ ਹੈ। ਕੁਲਵੰਤ ਰਾਏ ਦੀ ਆਪਣੀ ਪਤਨੀ ਨਾਲ 15 ਸਾਲਾਂ ਤੋਂ ਲੜਾਈ ਚੱਲ ਰਹੀ ਹੈ। ਉੱਥੇ ਉਹ ਜਿਸ ਢਾਬੇ ਦੀ ਗੱਲ ਕਰ ਰਿਹਾ ਹੈ, ਉਸ ਸਥਾਨ ਉੱਤੇ ਧਰਨੇ ਦੌਰਾਨ ਯੂਨੀਅਨ ਦੇ ਆਗੂ ਨੇ ਕੁਲਵੰਤ ਰਾਏ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨੂੰ ਬਹੁਤ ਮਾੜਾ ਵਿਅਕਤੀ ਕਰਾਰ ਦਿੱਤਾ। ਇਹ ਵੀਡੀਓ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਵੀ ਮੌਜੂਦ ਹੈ।