ਫਰੀਦਕੋਟ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਹੋਏ ਨਤਮਸਤਕ
ਗੁਰੂਸਰ ਮਹਿਰਾਜ, ਨਾਨਕਸਰ ਠਾਠ ਸਮਾਧ ਕੇ ਅਤੇ ਗੁਰਦੁਆਰਾ ਜੰਡ ਸਾਹਿਬ ਟੇਕਿਆ ਮੱਥਾ
ਪੰਜਾਬ ਦੇ ਲੋਕ ਵੋਟਾਂ ਦੀ ਤਾਕਤ ਨਾਲ ਮੋਦੀ ਸਰਕਾਰ ਦੇ ਅੱਤਿਆਚਾਰਾਂ ਦਾ ਦੇਣਗੇ ਜਵਾਬ- ਕਰਮਜੀਤ ਅਨਮੋਲ
ਫਰੀਦਕੋਟ 13 ਅਪ੍ਰੈਲ 2024
ਫਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਸ਼ਨੀਵਾਰ ਨੂੰ ਵਿਸਾਖੀ ਮੌਕੇ ਮਾਲਵਾ ਖਿੱਤੇ ਦੇ ਤਿੰਨ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।
ਉਨਾਂ ਨੇ ਰਾਮਪੁਰਾ ਫੁੱਲ ਹਲਕੇ ਦੇ ਪਿੰਡ ਮਹਿਰਾਜ ਨੇੜੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਮਹਿਰਾਜ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨਾਂ ਨਾਲ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਗੁਰਦੁਆਰਾ ਸਾਹਿਬ ਦਰਸ਼ਨ ਲਈ ਗਏ। ਇਸ ਤੋਂ ਇਲਾਵਾ ਕਰਮਜੀਤ ਅਨਮੋਲ ਨੇ ਸਮਾਧ ਕੇ ਵਿਖੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾ ਨੰਦ ਨਾਲ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਹ ਬਾਅਦ ਵਿੱਚ ਫਰੀਦਕੋਟ ਨੇੜੇ ਗੁਰਦੁਆਰਾ ਜੰਡ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੀ ਹਾਜ਼ਰ ਸਨ।
ਕਰਮਜੀਤ ਅਨਮੋਲ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਕਲਾਂ ਅਤੇ ਬਸਤੀ ਫੁੱਲੇਵਾਲਾ ਵਿਖੇ ਇਲਾਕਾ ਨਿਵਾਸੀਆਂ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਜਾਬਰ ਨਾਲ ਟੱਕਰ ਲੈਣ ਦੇ ਪ੍ਰਤੀਕ ਇਸ ਇਤਿਹਾਸਿਕ ਦਿਹਾੜੇ ਮੌਕੇ ਪੰਜਾਬੀਆਂ ਨੂੰ ਆਪਣੇ ਵਿਰਸੇ ਤੋਂ ਸਬਕ ਲੈਣ ਦੀ ਲੋੜ ਹੈ ਅਤੇ ਦਿੱਲੀ ਵਿੱਚ ਬੈਠੇ ਕੇਂਦਰੀ ਹਾਕਮਾਂ ਦੇ ਜਬਰ ਦਾ ਮੁਕਾਬਲਾ ਅਸੀਂ ਵੋਟ ਦੇ ਹਥਿਆਰ ਨਾਲ ਕਰਨਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਨਾਲ ਟੱਕਰ ਲੈਣ ਸਮੇਂ ਪੂਰੇ ਦੇਸ਼ ਦੀ ਅਗਵਾਈ ਕੀਤੀ ਹੈ। ਅਤੇ ਮੋਦੀ ਸਰਕਾਰ ਦੇ ਜਾਲਮਾਂ ‘ਤੇ ਤਸ਼ਦਦ ਦਾ ਟਾਕਰਾ ਕਰਦਿਆਂ 700 ਤੋਂ ਵੱਧ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਸ਼ਹੀਦ ਹੋਏ ਹਨ।
‘ਆਪ’ ਉਮੀਦਵਾਰ ਅਨਮੋਲ ਨੇ ਕਿਹਾ ਕਿ ਹੁਣ ਜੰਗ ਦਾ ਮੈਦਾਨ ਸਾਡੇ ਕੋਲ ਹੈ ਅਤੇ ਲੜਾਈ ਇਕੱਲੇ ਪੰਜਾਬ ਦੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀ ਹੈ। ਇਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੀ ਕੇਂਦਰ ਵਿੱਚ ਕਾਬਜ਼ ਬੀਜੇਪੀ ਨੂੰ ਟੱਕਰ ਦੇ ਰਹੀ ਹੈ। ਇਸ ਲਈ ਸੂਬੇ ਦੇ ਲੋਕਾਂ ਨੂੰ 2022 ਦਾ ਇਤਿਹਾਸ ਦੋਹਰਾਉਣਾ ਜਰੂਰੀ ਹੈ ਤਾਂ ਜੋ ਲੋਕ ਸਭਾ ਵਿੱਚ ਪੰਜਾਬ ਵਿੱਚੋਂ ਸਾਰੇ 13 ਮੈਂਬਰ ਪਾਰਲੀਮੈਂਟ ਵਿਚ ਆਮ ਆਦਮੀ ਪਾਰਟੀ ਦੇ ਚੁਣ ਕੇ ਭੇਜੇ ਜਾਣ।
ਉਨ੍ਹਾਂ ਦੱਸਿਆ ਕਿ ਲਗਭਗ 8 ਸਾਲ ਪੰਜਾਬ ਦੇ ਸਪੂਤ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਸੂਬੇ ਦੀ ਅਗਵਾਈ ਕਰਦਿਆਂ ਹਾਕਮਾਂ ਨੂੰ ਵੰਗਾਰਿਆ ਅਤੇ ਪੰਜਾਬ ਦੇ ਮੁੱਦੇ ਉਠਾਏ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਹਿੰਦੁਸਤਾਨ ਦੀ ਜਮਹੂਰੀਅਤ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਦਿਓ ਅਤੇ ਦਿੱਲੀ ਦੇ ਤਖਤ ‘ਤੇ ਕਾਬਜ਼ ਮੋਦੀ ਸਰਕਾਰ ਨੂੰ ਚਲਦੀ ਕਰੋ।
ਇਸ ਮੌਕੇ ਬਾਗਾ ਪੁਰਾਣਾ ਹਲਕੇ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾ ਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਜੋ ਪ੍ਰਾਪਤੀਆਂ ਕੀਤੀਆਂ ਹਨ ਉਹ ਆਪਣੇ ਆਪ ਵਿੱਚ ਮਿਸਾਲ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਹੀ ਆਮ ਪਰਿਵਾਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋਈਆਂ ਹਨ। ਉਨਾਂ ਕਿਹਾ ਕਿ ਹੁਣ ਪਾਰਲੀਮੈਂਟ ਵਿੱਚ ‘ਆਪ’ ਦੇ ਹੱਥ ਮਜਬੂਤ ਕਰਨ ਦੀ ਜਰੂਰਤ ਹੈ। ਇਸ ਲਈ ਫਰੀਦਕੋਟ ਹਲਕੇ ਤੋਂ ਕਰਮਜੀਤ ਅਨਮੋਲ ਨੂੰ ਚੁਣ ਕੇ ਭੇਜੋ ਜੋ ਭਗਵੰਤ ਮਾਨ ਵਾਂਗ ਹੀ ਇਲਾਕੇ ਅਤੇ ਸੂਬੇ ਦੇ ਮਸਲੇ ਹੱਲ ਕਰਾਉਣ।