ਫਲੀਸਤੀਨ ‘ਤੇ ਠੋਸੀ ਨਿਹੱਕੀ ਜੰਗ ਖਿਲਾਫ਼ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ

0
99
ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ ਦੇ ਜ਼ਿਲ੍ਹਿਆਂ ਅਤੇ ਤਹਿਸੀਲਾਂ ‘ਚ ਗੂੰਜੇ ‘ਫਲੀਸਤੀਨ ਤੇ ਠੋਸੀ ਨਿਹੱਕੀ ਜੰਗ ਬੰਦ ਕਰੋ ਦੇ ਨਾਅਰੇ’
ਪੰਜਾਬ ਦੀਆਂ ਸੱਤ ਖੱਬੀਆਂ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ ਸੱਦਾ
ਚੰਡੀਗੜ੍ਹ/ਜਲੰਧਰ,
ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜਿਲਿਆਂ ਅਤੇ ਕਈ ਥਾਈਂ ਤਹਿਸੀਲਾਂ ‘ਚ ਵੀ ਪੰਜਾਬ ਦੀਆਂ ਸੱਤ ਖੱਬੀਆਂ ਪਾਰਟੀਆਂ, ਜਥੇਬੰਦੀਆਂ ਦੇ ਸੱਦੇ ‘ਤੇ ਹੋਈਆਂ ਰੋਹ ਭਰਪੂਰ ਰੈਲੀ-ਪ੍ਰਦਰਸ਼ਨਾਂ ਵਿਚ ‘ਫ਼ਲੀਸਤੀਨ ਦੀ ਆਜ਼ਾਦੀ ਬਹਾਲ ਕਰੋ’, ‘ਫਲੀਸਤੀਨ ‘ਤੇ ਠੋਸੀ ਨਿਹੱਕੀ ਜੰਗ ਬੰਦ ਕਰੋ’, ‘ਫ਼ਲੀਸਤੀਨ ਦੀ ਨਸਲਕੁਸ਼ੀ ਬੰਦ ਕਰੋ, ਯੂ ਐਨ ਓ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨ ਕਰੋ’  ਦੇ ਨਾਰੇ ਪੂਰੇ ਜ਼ੋਰ ਨਾਲ ਗੂੰਜੇ।
ਇਨ੍ਹਾਂ ਰੈਲੀ-ਮੁਜ਼ਾਹਰਿਆਂ ਰਾਹੀਂ ਸਾਮਰਾਜੀ ਧੜਵੈਲ ਅਮਰੀਕਾ ਅਤੇ ਨਾਟੋ ਗੁੱਟ ਦੀ ਸ਼ਹਿ ਤੇ ਇਜ਼ਰਾਈਲ ਵਲੋਂ ਮਚਾਏ ਨਿਰਦੋਸ਼ ਫ਼ਲੀਸਤੀਨੀ ਲੋਕਾਂ ਦੇ ਕਤਲੇਆਮ ਅਤੇ ਨਸਲਕੁਸ਼ੀ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਨਾਲ ਹੀ ‘ਹਮਾਸ’ ਨੂੰ ਖਤਮ ਕਰਨ  ਨਾਮ ‘ਤੇ ਫ਼ਲੀਸਤੀਨੀਆਂ ਦੇ ਕੀਤੇ ਜਾ ਰਹੇ ਘਾਣ  ਲਈ ਜਿੰਮੇਵਾਰ ਬੈੰਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਣ ਦੀ ਮੰਗ ਵੀ ਕੀਤੀ ਗਈ। ਵੱਖੋ-ਵੱਖ ਸ਼ਹਿਰਾਂ ‘ਚ ਹੋਏ ਜੰਗ ਵਿਰੋਧੀ ਵਿਖਾਵਿਆਂ ‘ਚ ਸ਼ਾਮਲ ਹੋਏ  ਸਮਾਜ ਦੇ ਸਾਰੇ ਵਰਗਾਂ ਨਾਲ ਸਬੰਧਤ ਲੋਕਾਂ ਨੇ ਪੂਰੇ ਸੰਸਾਰ ਚ ਜੰਗਬੰਦੀ ਲਈ ਉੱਠੀ ਆਵਾਜ਼ ਨਾਲ ਆਪਣੀ ਆਵਾਜ਼ ਰਲਾਉਂਦਿਆਂ ਫ਼ਲੀਸਤੀਨ ਦੇ ਕੋਮੀ ਮੁਕਤੀ ਘੋਲ ਦੀ ਜ਼ੋਰਦਾਰ ਹਿਮਾਇਤ ਕੀਤੀ। ਸਾਰੀਆਂ ਹੀ ਥਾਵਾਂ ਤੇ ਇਕੱਤਰ ਲੋਕਾਂ ਨੇ ਬੇਰਹਿਮੀ ਨਾਲ ਮਾਰੇ ਗਏ ਨਿਹੱਥੇ ਫ਼ਲੀਸਤੀਨੀ ਲੋਕਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਫ਼ਲੀਸਤੀਨ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਯੂ ਐਨ ਓ ਦੇ ਮਤਿਆਂ ਨੂੰ ਪੈਰਾਂ ਹੇਠ ਮਧੋਲ ਰਹੇ ਇਜ਼ਰਾਈਲ ਦੀਆਂ ਵਸਤਾਂ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ।
ਬੁਲਾਰਿਆਂ ਨੇ ਕਿਹਾ ਕਿ ਹੁਣ ਤਕ ਭਾਰਤੀ ਨੇਤਾ ਫ਼ਲੀਸਤੀਨ ਦੀ ਆਜ਼ਾਦੀ ਦੇ ਹੱਕ ਚ ਬੋਲਦੇ ਆਏ ਹਨ ਪਰ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੀ ਕਠਪੁਤਲੀ ਬਣ ਇਜ਼ਰਾਈਲ ਦੀ ਪਿੱਠ ਠੋਕ ਕੇ ਅਪਣੀ ਫਾਸ਼ੀਵਾਦੀ ਖਸਲਤ ਨੂੰ ਹੋਰ ਨੰਗਾ ਕਰ ਲਿਆ ਹੈ। ਬੁਲਾਰਿਆਂ ਨੇ ਭੁੱਖ-ਦੁੱਖ  ਨਾਲ ਸਹਿਕ ਰਹੇ, ਮਰ ਰਹੇ ਫ਼ਲਸਤੀਨੀਆਂ ਨੂੰ ਹਰ ਤਰਾਂ ਦੀ ਮਨੁੱਖੀ ਇਮਦਾਦ ਪੁਚਾਉਣ ਲਈ ਦੂਨੀਆਂ ਭਰ ਦੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
ਅੱਜ ਇਕੱਠਾਂ ਨੂੰ  ਕਾਮਰੇਡ ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਬੰਤ ਬਰਾੜ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਕੰਵਲਜੀਤ ਖੰਨਾ, ਨਰਾਇਣ ਦੱਤ, ਅਜਮੇਰ ਸਿੰਘ ਸਮਰਾ, ਦਰਸ਼ਨ ਸਿੰਘ ਖਟਕੜ, ਗੁਰਮੀਤ ਸਿੰਘ ਬਖਤਪੁਰ,  ਰਾਜਵਿੰਦਰ ਸਿੰਘ ਰਾਣਾ, ਲਖਵਿੰਦਰ ਸਿੰਘ, ਸ੍ਰਿਸ਼ਟੀ,  ਕਿਰਨਜੀਤ ਸੇਖੋਂ, ਮੰਗਤ ਰਾਮ ਲੋਗੌਂਵਾਲ ਆਦਿ ਤੋਂ ਬਿਨਾਂ ਸਥਾਨਕ ਨੇਤਾਵਾਂ ਨੇ ਸੰਬੋਧਨ ਕੀਤਾ। ਇਨਾਂ ਆਗੂਆਂ ਨੇ ਕਿਹਾ ਕਿ ਜੰਗਬਾਜ਼ ਸਾਮਰਾਜੀਆਂ ਖਿਲਾਫ ਫਲੀਸਤੀਨ ਤੇ ਭਾਰਤ ਦੇ ਕਿਰਤੀਆਂ ਦੀ ਲੜਾਈ ਸਾਂਝੀ ਹੈ।

LEAVE A REPLY

Please enter your comment!
Please enter your name here