ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਹਾਸਲ ਲਈ ਸੰਘਰਸ਼

0
106

ਬੀਕੇਯੂ ਡਕੌਂਦਾ ਵੱਲੋਂ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵੱਲ ਮਾਰਚ ਦੀਆਂ ਤਿਆਰੀਆਂ ਮੁਕੰਮਲ

ਬਲਾਕ ਮਹਿਲ ਕਲਾਂ ਵਿੱਚੋਂ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵੱਲ ਕੀਤੇ ਜਾਣ ਵਾਲੇ ਮਾਰਚ ਲਈ ਭਾਰੀ ਉਤਸ਼ਾਹ: ਕੁਲਵੰਤ ਸਿੰਘ ਭਦੌੜ, ਜਗਰਾਜ ਹਰਦਾਸਪੁਰਾ

ਮਹਿਲਕਲਾਂ, 5 ਅਪ੍ਰੈਲ, 2023: ਬੇਮੌਸਮੀ ਬਰਸਾਤ ਕਾਰਨ ਹਾੜ੍ਹੀ ਦੀਆਂ ਫ਼ਸਲਾਂ, ਹਰਾ ਚਾਰਾ, ਸਬਜ਼ੀ, ਬਾਗ਼ਾਂ, ਸਰੋਂ ਅਤੇ ਆਲੂਆਂ ਦੀ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਹਾਸਲ ਕਰਨ ਲਈ 6 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸੰਗਰੂਰ ਅੱਗੇ ਦਿੱਤੇ ਜਾਣ ਵਾਲੇ ਸੂਬਾ ਪੱਧਰੇ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਮਹਿਲ ਕਲਾਂ ਬਲਾਕ ਪੱਧਰੀ ਮੀਟਿੰਗ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਕਾਰਨ ਗੰਭੀਰ ਸੰਕਟ ਦਾ ਸ਼ਿਕਾਰ ਹੈ, ਉੱਤੋਂ ਕੁਦਰਤੀ ਕਹਿਰ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਅਤੇ ਕਈ ਥਾਵਾਂ ’ਤੇ ਪਏ ਗੜਿਆਂ ਤੇ ਆਏ ਚੱਕਰਵਰਤੀ ਤੁਫ਼ਾਨ ਨੇ ਲਗਭਗ ਸਾਰੇ ਹੀ ਪੰਜਾਬ ਵਿੱਚ ਹਾੜੀ ਦੀਆਂ ਫ਼ਸਲਾਂ, ਸਬਜ਼ੀਆਂ, ਬਾਗ਼ਾਂ, ਸਰੋਂ ਅਤੇ ਆਲੂਆਂ ਦੀ ਫ਼ਸਲ ਦਾ ਕਿਤੇ ਬਹੁਤ ਜ਼ਿਆਦਾ ਤੇ ਕਿਤੇ ਥੋੜ੍ਹਾ ਘੱਟ ਨੁਕਸਾਨ ਕੀਤਾ ਹੈ। ਲੱਖਾਂ ਏਕੜ ਫ਼ਸਲ ਇਸ ਬੇਮੌਸਮੀ ਬਰਸਾਤ ਦੀ ਭੇਟ ਚੜ੍ਹ ਗਈ ਹੈ। ਕਿਸਾਨਾਂ ਸਮੇਤ ਹੋਰ ਲੋਕਾਂ ’ਤੋਂ ਉਗਰਾਹੇ ਵੱਡੇ ਟੈਕਸਾਂ ਨਾਲ ਚੱਲ ਰਹੀਆਂ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਕੁਦਰਤੀ ਬਿਪਤਾ ਸਮੇਂ ਕਿਸਾਨਾਂ ਦੀ ਬਾਂਹ ਫੜਨ ਪਰ ਸਰਕਾਰਾਂ ਬਹੁਤਾ ਲਾਰੇ ਲੱਪਿਆਂ ਰਾਹੀਂ ਡੰਗ ਟਪਾਉਂਦੀਆਂ ਆ ਰਹੀਆਂ ਹਨ।

ਕਿਸਾਨੀ ਵੀ ਹੁਣ ਜਥੇਬੰਦ ਹੋਕੇ ਚੇਤੰਨ ਸੰਘਰਸ਼ਾਂ ਦੇ ਰਾਹ ਪੈ ਚੁੱਕੀ ਹੈ ਤੇ ਉਹ ਹੁਣ ਲਾਰਿਆਂ ਨਾਲ ਨਹੀਂ ਪਰਚਣ ਵਾਲੀ ਨਹੀਂ। ਇਸੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ 6 ਅਪਰੈਲ ਨੂੰ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਪੰਜਾਬ ਸਰਕਾਰ ਸੌ-ਫ਼ੀਸਦੀ ਨੁਕਸਾਨ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਏਕੜ ਨੂੰ ਇਕਾਈ ਮੰਨਕੇ ਮੁਆਵਜ਼ਾ ਦੇਵੇ।

ਇਸ ਮੀਟਿੰਗ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਸਿੰਘ ਠੁੱਲੀਵਾਲ, ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ ,ਜੱਗੀ ਰਾਏਸਰ, ਜਗਰੂਪ ਸਿੰਘ ਗਹਿਲ, ਗੁਰਪ੍ਰੀਤ ਸਿੰਘ ਸਹਿਜੜਾ, ਜੱਗਾ ਸਿੰਘ ਮਹਿਲ ਕਲਾਂ, ਸੱਤਪਾਲ ਸਿੰਘ ਸਹਿਜੜਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ 6 ਅਪ੍ਰੈਲ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਵੱਡੇ ਕਾਫ਼ਲਿਆਂ ਨਾਲ ਸ਼ਮੂਲੀਅਤ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਜੁਝਾਰੂ ਕਿਸਾਨ ਕਾਫ਼ਲੇ ਸ਼ਮੂਲੀਅਤ ਕਰਨਗੇ।

ਇਸੇ ਸਮੇਂ ਦੌਰਾਨ ਬੇਵਕਤੀ ਵਿਛੋੜਾ ਦੇ ਗਏ ਕਿਸਾਨ ਆਗੂਆਂ ਸੁਖਦੇਵ ਸਿੰਘ ਬਾਲਦ ਕਲਾਂ ਜਨਰਲ ਸਕੱਤਰ ਭਾਕਿਯੂ ਏਕਤਾ ਡਕੌਂਦਾ ਜ਼ਿਲ੍ਹਾ ਸੰਗਰੂਰ, ਹਰਦਵਿੰਦਰ ਕੌਰ ਮਾਂਗੇਵਾਲ, ਜਗਜੀਤ ਸਿੰਘ ਜੱਗ ਸੁਖਪੁਰਾ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਦੇ ਸਰਕਲ ਸਕੱਤਰ ਕੁਲਵੀਰ ਸਿੰਘ ਠੀਕਰੀਵਾਲਾ ਦੇ ਪਿਤਾ ਮਾ. ਕਰਤਾਰ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਹਰਦਵਿੰਦਰ ਕੌਰ ਮਾਂਗੇਵਾਲ ਦੇ 7 ਅਪ੍ਰੈਲ ਨੂੰ ਮਾਂਗੇਵਾਲ ਵਿਖੇ ਹੋ ਰਹੇ ਸ਼ਰਧਾਂਜਲੀ ਅਤੇ ਭੋਗ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।

LEAVE A REPLY

Please enter your comment!
Please enter your name here