ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪੰਜਾਬੀ ਕਾਨਫਰੰਸ ਯੂਕੇ 2024 ਸੰਬੰਧੀ ਕੀਤੀ ਗਈ ਮੀਟਿੰਗ
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਇੰਗਲੈਂਡ ਦੇ ਸ਼ਹਿਰ ਹਿਚਨ ਵਿਖੇ ਚੈਅਰਮੈਨ ਡਾ: ਪਰਗਟ ਸਿੰਘ ਦੀ ਪ੍ਰਧਾਨਗੀ ਵਿੱਚ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬੀ ਕਾਨਫਰੰਸ ਯੂਕੇ 2024 ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਕਾਨਫਰੰਸ ਦਾ ਸਾਰਾ ਖਾਕਾ ਤਿਆਰ ਕੀਤਾ ਗਿਆ। ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੀ ਕਾਨਫਰੰਸ 27-28 ਜੁਲਾਈ 2024 ਵਿੱਚ ਕਰਵਾਈ ਜਾਵੇਗੀ। ਜਿਸ ਵਿੱਚ ਮੁੱਖ ਵਿਸ਼ਾ ਪੰਜਾਬੀ ਭਾਸ਼ਾ ਹੋਵੇਗਾ। ਪੰਜਾਬੀ ਦਾ ਇਤਿਹਾਸ, ਵਰਤਮਾਨ ਤੇ ਭਵਿੱਖ ਖਾਸ ਵਿਚਾਰ ਦਾ ਕੇਂਦਰ ਹੋਣਗੇ। ਇਸਦੇ ਇਲਾਵਾ ਨਵੇਂ ਯੁੱਗ ਵਿੱਚ ਪੰਜਾਬੀ ਬੋਲੀ ਅਤੇ ਲਿੱਪੀ ਦਾ ਕੀ ਪੱਧਰ ਹੋਵੇ। ਜਿਸ ਵਿੱਚ ਨਵੀਆਂ ਤਕਨੀਕਾਂ, ਕਿਰਤਮ ਬੁੱਧੀ, ਨਵੇਂ ਨਵੇਂ ਸਾਫ਼ਟਵੇਅਰ ਅਤੇ ਉਪਕਰਨਾਂ ਵਿੱਚ ਪੰਜਾਬੀ ਨੂੰ ਕਿਵੇਂ ਸਮੇਂ ਦੀ ਹਾਣ ਦਾ ਬਣਾਉਣਾ ਹੈ? ਇਸ ਬਾਰੇ ਵਿਚਾਰ ਚਰਚਾ ਵੀ ਹੋਵੇਗੀ। ਕਾਨਫਰੰਸ ਵਿੱਚ ਪੰਜਾਬੀ ਵਿਦਵਾਨ, ਤਕਨੀਕੀ ਮਾਹਿਰ, ਸਾਹਿਤਕਾਰ, ਨੌਜਵਾਨ ਤੇ ਵਿਦਿਅਕ, ਧਾਰਮਿਕ ਤੇ ਸਮਾਜਿਕ ਅਦਾਰਿਆਂ ਨਾਲ ਸੰਬੰਧਤ ਸਖਸ਼ੀਅਤਾਂ ਸ਼ਾਮਿਲ ਹੋਣਗੀਆਂ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਕਾਨਫਰੰਸ ਯੂਕੇ 2024 ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਲੈਸਟਰ ਵਿਖੇ ਹੀ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਡਾ: ਪਰਗਟ ਸਿੰਘ, ਡਾ: ਸੁਜਿੰਦਰ ਸਿੰਘ ਸੰਘਾ, ਡਾ: ਬਲਦੇਵ ਸਿੰਘ ਕੰਦੋਲਾ, ਡਾ: ਅਵਤਾਰ ਸਿੰਘ, ਕੰਵਰ ਸਿੰਘ ਬਰਾੜ, ਤਜਿੰਦਰ ਕੌਰ ਲੈਸਟਰ, ਸਿ਼ੰਦਰਪਾਲ ਸਿੰਘ ਮਾਹਲ, ਮੁਖਤਿਆਰ ਸਿੰਘ ਲੈਸਟਰ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਚਾਹਲ, ਬਾਵਾ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਭਾਸ਼ਾ ਦੇ ਮਾਹਿਰ ਡਾ ਰਾਜਵਿੰਦਰ ਸਿੰਘ, ਡਾ: ਜਸਬੀਰ ਕੌਰ, ਡਾ: ਲਖਵੀਰ ਸਿੰਘ ਤੇ ਡਾ: ਚਿੰਰਜੀਵ ਸਿੰਘ ਨੇ ਜ਼ੂਮ ਰਾਹੀਂ ਆਨਲਾਈਨ ਹਿੱਸਾ ਲਿਆ।