ਬਰਨਾਲਾ : ਬਰਨਾਲਾ ਦੀ ਸਿਟੀ 1 ਪੁਲਿਸ ਨੇ ਇੱਕ ਘਰ ਵਿੱਚ ਜਿਸਮਫਰੋਸ਼ੀ ਦਾ ਧੰਦਾ ਕਰ ਰਹੀ ਘਰ ਦੀ ਮਾਲਕਿਨ ਸਮੇਤ 5 ਮਹਿਲਾਵਾਂ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗ੍ਰਿਫਤਾਰ ਕੀਤੇ 8 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੁਲਿਸ ਦੀ ਇਸ ਕਾਰਵਾਈ ਨਾਲ ਸ਼ਹਿਰ ਦੀ ਬਾਜਵਾ ਪੱਤੀ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੀ ਬਾਜਵਾ ਪੱਤੀ ਖੇਤਰ ‘ਚ ਚੱਲਦੇ ਦੇਹ ਵਪਾਰ ਦੇ ਅੱਡੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਇਸ ਜਿਸਮਫਰੋਸ਼ੀ ਧੰਦੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅੱਡੇ ਦੀ ਸੰਚਾਲਕ ਹਰਪ੍ਰੀਤ ਕੌਰ ਦੇ ਘਰ ਛਾਪਾਮਾਰੀ ਕਰਕੇ ਰੰਗਰਲੀਆਂ ਮਨਾਉਂਦੇ 2 ਗ੍ਰਾਹਕਾਂ ਅਤੇ 6 ਔਰਤਾਂ ਨੂੰ ਗਿਰਫਤਾਰ ਕਰ ਲਿਆ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ 1 ਦੇ ਐਸ.ਐਚ.ਓ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਕੌਰ ਵਾਸੀ ਭੱਠਲਾਂ ਸ਼ਹਿਰ ਦੀ ਬਾਜਵਾ ਪੱਤੀ ਇਲਾਕੇ ‘ਚ ਕਿਰਾਏ ਦੇ ਘਰ ਵਿੱਚ ਦੇਹ ਵਪਾਰ ਦਾ ਅੱਡਾ ਚਲਾਉਂਦੀ ਹੈ। ਜਿੱਥੇ ਵੱਖ ਵੱਖ ਥਾਵਾਂ ਦੀਆਂ ਕੁੜੀਆਂ ਤੇ ਔਰਤਾਂ ਜਿਸਮਫਰੋਸ਼ੀ ਲਈ ਪਹੁੰਚਦੀਆਂ ਹਨ। ਲੋਕਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਇੱਕ ਘਰ ‘ਤੇ ਛਾਪਾ ਮਾਰਿਆ।
ਜਿੱਥੋਂ ਪੁਲਿਸ ਨੇ ਘਰ ਦੀ ਮਾਲਕਣ ਸਮੇਤ 6 ਔਰਤਾਂ ਅਤੇ 2 ਪੁਰਸ਼ਾਂ ਨੂੰ ਇਤਰਾਜ਼ਯੋਗ ਹਾਲਤ ‘ਚ ਫੜਿਆ ਹੈ ਅਤੇ ਸਾਰੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੇ ਅਧਾਰ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।