ਬਰਿੰਦਰ ਕੁਮਾਰ ਗੋਇਲ ਵੱਲੋਂ ਪਾਣੀ ਦੀ ਸੰਭਾਲ ਲਈ ਆਧੁਨਿਕ ਪ੍ਰਣਾਲੀ ਵਿਕਸਿਤ ਕਰਨ ‘ਤੇ ਜ਼ੋਰ

0
17

ਚੰਡੀਗੜ੍ਹ, 30 ਨਵੰਬਰ: ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਆਧੁਨਿਕ ਜਲ ਪ੍ਰਬੰਧਨ ਰਣਨੀਤੀਆਂ ਘੜਨ ਦੇ ਨਾਲ-ਨਾਲ ਵਿਆਪਕ ਕਿਸਾਨ ਜਾਗਰੂਕਤਾ ਪ੍ਰੋਗਰਾਮਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਇੱਥੇ ਮੈਗਸੀਪਾ ਵਿਖੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਸਮੀਖਿਆ ਮੀਟਿੰਗ ਦੌਰਾਨ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਪਾਣੀ ਦੀ ਸੰਭਾਲ ਲਈ ਇੱਕ ਵਿਆਪਕ ਅਤੇ ਸਰਗਰਮ ਪਹੁੰਚ ਅਪਣਾਉਣ ਦਾ ਸੱਦਾ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਚੱਲ ਰਹੇ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਅਤੇ ਅਸਲ ਮਾਅਨਿਆਂ ਵਿੱਚ ਸਰਕਾਰੀ ਪਹਿਲਕਦਮੀਆਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਸੰਚਾਰ ਰਣਨੀਤੀ ਵਿਕਸਿਤ ਕਰਨ ਲਈ ਕਿਹਾ।

ਸ੍ਰੀ ਗੋਇਲ ਨੇ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟਾਉਣ ਲਈ ਖੇਤੀਬਾੜੀ ਸਿੰਚਾਈ ਵਾਸਤੇ ਟੇਲਾਂ ਤੱਕ ਪਾਣੀ ਪਹੁੰਚਾਉਣ ਅਤੇ ਸਤਹੀ ਤੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਕੈਬਨਿਟ ਮੰਤਰੀ ਨੇ ਵਿਭਾਗੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਪਾੜੇ ਦੀ ਗੱਲ ਕਰਦਿਆਂ ਕਿਸਾਨਾ ਦੀ ਵੱਧ ਤੋਂ ਵੱਧ ਸ਼ਮੂਲੀਅਤ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਪ੍ਰੋਗਰਾਮਾ/ਨੀਤੀਆਂ ਦੇ ਫਾਇਦਿਆਂ ਬਾਰੇ ਜਾਣਕਾਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਪਸਾਰ ਲਈ ਸਿੱਧੇ ਤੌਰ ‘ਤੇ ਅਤੇ ਨਿੱਜੀ ਸੰਚਾਰ ਪਹੁੰਚ ‘ਤੇ ਜ਼ੋਰ ਦਿੰਦਿਆਂ ਇੱਕ ਵਿਆਪਕ ਅਤੇ ਰਣਨੀਤਕ ਜਲ ਸੰਭਾਲ ਜਾਗਰੂਕਤਾ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਪਾਣੀ ਦੀ ਸੰਭਾਲ ਲਈ ਉੱਨਤ ਵਿਧੀਆਂ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਸ ਉੱਚ ਪੱਧਰੀ ਮੀਟਿੰਗ, ਜਿਸ ਵਿੱਚ ਵਧੀਕ ਮੁੱਖ ਸਕੱਤਰ, ਖੇਤੀਬਾੜੀ ਸ੍ਰੀ ਅਨੁਰਾਗ ਵਰਮਾ ਨੇ ਵੀ ਸ਼ਿਰਕਤ ਕੀਤੀ, ਵਿੱਚ ਪਾਣੀ ਦੀ ਉਪਲਬਧਤਾ ਸਬੰਧੀ ਸੂਬੇ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਜੂਦਾ ਵਿਭਾਗੀ ਪ੍ਰੋਗਰਾਮਾਂ ਦੀ ਵਿਆਪਕ ਤੌਰ ‘ਤੇ ਸਮੀਖਿਆ ਕੀਤੀ ਗਈ। ਵਿਭਾਗ ਦੀਆਂ ਰਣਨੀਤਕ ਤਰਜੀਹਾਂ ਨੂੰ ਉਜਾਗਰ ਕਰਿਦਆਂ ਸ੍ਰੀ ਵਰਮਾ ਨੇ ਆਪਣੇ ਸੰਬੋਧਨ ਦੌਰਾਨ ਵੱਖ-ਵੱਖ ਸਰੋਤਾਂ ਤੋਂ ਫੰਡ ਜੁਟਾਉਣ ਦੀ ਗੱਲ ਕਰਦਿਆਂ ਭੂਮੀਗਤ ਪਾਈਪਲਾਈਨ ਸਿੰਚਾਈ ਪ੍ਰੋਗਰਾਮ ‘ਤੇ ਜ਼ੋਰ ਦਿੱਤਾ। ਮੁੱਖ ਭੂਮੀਪਾਲ ਸ. ਮਹਿੰਦਰ ਸਿੰਘ ਸੈਣੀ ਨੇ ਦੋ ਰਣਨੀਤਕ ਪ੍ਰੋਗਰਾਮਾਂ, ਜਿਸ ਵਿੱਚ ਪਿੰਡਾਂ ਦੇ ਛੱਪੜਾਂ ਰਾਹੀਂ ਸਿੰਚਾਈ ਅਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਕੰਢੀ ਖੇਤਰ ਵਿੱਚ ਚੈਕ ਡੈਮ ਦੀ ਉਸਾਰੀ ਸ਼ਾਮਲ ਹੈ, ਨੂੰ ਸੁਰਜੀਤ ਕਰਨ ਸਮੇਤ ਹੋਰ ਮੁੱਖ ਪਹਿਲਕਦਮੀਆਂ ‘ਤੇ ਚਾਨਣਾ ਪਾਇਆ।

LEAVE A REPLY

Please enter your comment!
Please enter your name here