ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ ਤੇ ਡਿਬਰੂਗੜ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ਤੇ ਕੀਤੀ ਪੰਥਕ ਕਾਨਫ਼ਰੰਸ ਬਾਕੀ ਦੋਵਾਂ ਸਿਆਸੀ ਕਾਨਫ਼ਰੰਸਾਂ ਤੋਂ ਗਿਣਤੀ ਪੱਖੋਂ ਵੱਡੀ ਹੋ ਨਿੱਬੜੀ ।

0
58
ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ ਤੇ ਡਿਬਰੂਗੜ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ਤੇ ਕੀਤੀ ਪੰਥਕ ਕਾਨਫ਼ਰੰਸ ਬਾਕੀ ਦੋਵਾਂ ਸਿਆਸੀ ਕਾਨਫ਼ਰੰਸਾਂ ਤੋਂ ਗਿਣਤੀ ਪੱਖੋਂ ਵੱਡੀ ਹੋ ਨਿੱਬੜੀ ।

ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ ਤੇ ਡਿਬਰੂਗੜ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ਤੇ ਕੀਤੀ ਪੰਥਕ ਕਾਨਫ਼ਰੰਸ ਬਾਕੀ ਦੋਵਾਂ ਸਿਆਸੀ ਕਾਨਫ਼ਰੰਸਾਂ ਤੋਂ ਗਿਣਤੀ  ਪੱਖੋਂ ਵੱਡੀ ਹੋ ਨਿੱਬੜੀ ।
ਪੰਥਕ ਇਕੱਠ ਨੇ ਮਤੇ ਰਾਹੀ ਅਕਾਲੀ ਦਲ ਨੂੰ ਦੁਬਾਰਾ ਖੜ੍ਹਾ ਕਰਨ ਲਈ ਇਤਿਹਾਸ ਤੋਂ ਸੇਧ  ਲੈਂਦਿਆਂ ਪਿੰਡ ਪੱਧਰ ਤੇ ਅਕਾਲੀ ਜਥੇ ਬਣਾਉਣ ਦਾ ਦਿੱਤਾ ਸੱਦਾ।
ਗੁਰੂ ਦੀ ਅਸੀਸ ਸਦਕਾ ਹੀ ਖ਼ਾਲਸਾ ਹਰ ਮੈਦਾਨ ਫ਼ਤਿਹ ਕਰੇਗਾ- ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਐੱਮ ਪੀ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਾਰੀਆਂ ਇਮਾਨਦਾਰ ਧਿਰਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਸਹਿਯੋਗ ਨਾਲ ਲੜੀਆਂ ਜਾਣ।

ਪੰਥਕ ਇਕੱਠ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਸਰਕਾਰ ਨੇ 15 ਅਕਤੂਬਰ ਤੱਕ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਨਾ ਚੁੱਕਿਆ ਤਾਂ ਇਸ ਸਬੰਧੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 19 ਅਗਸਤ: – ਅੱਜ ਇੱਥੇ ਸਾਚਾ ਗੁਰ ਲਾਧੋ ਰੇ, ਰੱਖੜ ਪੁੰਨਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਗਰਮੀ ਅਤੇ ਹੁੰਮ੍ਹਸ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਸੱਦੀ ਪੰਥਕ ਕਾਨਫ਼ਰੰਸ ਪੰਥਕ ਕਾਨਫ਼ਰੰਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਪੰਥਕ ਕਾਨਫ਼ਰੰਸ ਦੀ ਅਗਵਾਈ ਕਿਉਂਕਿ ਬਾਬਾ ਬਕਾਲਾ ਸਾਹਿਬ ਸ਼੍ਰੀ ਖਡੂਰ ਸਾਹਿਬ ਹਲਕੇ ਵਿੱਚ ਪੈਂਦਾ ਹੈ ਇਸ ਲਈ ਚੋਣਾਂ ਵਿੱਚ ਸਰਗਰਮ ਰਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਇਸ ਮੌਕੇ ਬਾਪੂ ਤਰਸੇਮ ਸਿੰਘ ਭਾਈ ਸਰਬਜੀਤ ਸਿੰਘ ਮਲੋਆ ਐਮ ਪੀ ਫ਼ਰੀਦਕੋਟ ਭਾਈ ਸੁਖਵਿੰਦਰ ਸਿੰਘ ਅਗਵਾਨ ਭਾਈ ਚਮਕੌਰ ਸਿੰਘ ਧੁੰਨ ਭਾਈ ਜੁਝਾਰ ਸਿੰਘ ਸੱਥ ਜਥੇਬੰਦੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਦਲਜੀਤ ਸਿੰਘ, ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਰੱਖੇ। ਸਭ ਤੋ ਵੱਡੀ ਗੱਲ ਪੁਰਾਣੇ ਪੰਥਕ ਕਹਾਉਂਦੇ ਲੀਡਰ ਇਸ ਕਾਨਫ਼ਰੰਸ ਵਿੱਚੋਂ ਗ਼ੈਰਹਾਜ਼ਰ ਹੀ ਰਹੇ ਕਿਉਂਕਿ ਉਨ੍ਹਾਂ ਨੂੰ ਟੀਮ ਅੰਮ੍ਰਿਤਪਾਲ ਸਿੰਘ ਵੱਲੋਂ ਸੱਦਾ ਹੀ ਨਹੀਂ ਦਿੱਤਾ ਗਿਆ ਸੀ । ਅਕਾਲੀਆਂ ਦੇ ਬਾਗ਼ੀ ਧੜੇ ਵੱਲੋਂ ਭਾਵੇਂ ਭਾਈ ਮਨਜੀਤ ਸਿੰਘ ਭੂਰਾ ਕੋਹਨਾਂ ਹਾਜ਼ਰ ਹੋਇਆ ਪਰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ । ਇਸ ਮੌਕੇ ਮੈਂਬਰ ਲੋਕ ਸਭਾ ਅਤੇ ਵਾਰਸ ਪੰਜਾਬ ਦੇ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਡਿਬਰੂਗੜ ਜੇਲ੍ਹ ਵਿੱਚੋਂ ਸਿੱਖ ਕੌਮ ਦੇ ਨਾਮ ਸੁਨੇਹਾ ਸਭ ਨੂੰ ਸੁਣਾਇਆ ਗਿਆ। ਭਾਰੀ ਇਕੱਠ ਦੌਰਾਨ ਸਤ ਮਤੇ ਪਾਸ ਕੀਤੇ ਗਏ । ਪਹਿਲੇ ਮਤੇ ’ਚ ਸਮੂਹ ਪੰਥ ਦੇ ਦਰਦਮੰਦਾਂ ਨੂੰ ਪੰਥ ਦੀਆਂ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਰਤੀ ਹੁਕਮਰਾਨਾਂ ਦੇ ਹੱਥ-ਠੋਕੇ ਅਕਾਲੀ ਆਗੂਆਂ, ਜੋ ਪੰਥਕ ਟੀਚੇ ਤੋਂ ਭਟਕ ਕੇ ਸਿੱਖ ਰਵਾਇਤਾਂ ਅਤੇ ਸਿੱਖ ਸਿਧਾਂਤਾਂ ਨੂੰ ਖੋਰਾ ਲਾ ਰਹੇ ਪੰਥ ਦੋਖੀਆਂ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਾਉਣ ਲਈ ਨਵੀਂ ਰੂਪ ਰੇਖਾ ਉਲੀਕੀ ਗਈ ।ਮਤੇ ’ਚ ਕਿਹਾ ਕਿ ਇਹ ਇਕੱਠ ਫ਼ੈਸਲਾ ਕਰਦਾ ਹੈ ਕਿ ਖਿੰਡੀ ਪੁੰਡੀ ਪੰਥਕ ਤਾਕਤ ਨੂੰ ਜਾਗਰੂਕ ਅਤੇ ਇੱਕਮੁੱਠ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਪੰਥ ਦੀਆਂ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਭਾਰਤੀ ਹੁਕਮਰਾਨਾਂ ਦੇ ਹੱਥ-ਠੋਕੇ ਅਕਾਲੀ ਆਗੂਆਂ ਦੇ ਕਬਜ਼ੇ ਵਿੱਚ ਰਹਿਣ ਕਰਕੇ, ਆਪਣੇ ਪੰਥਕ ਟੀਚੇ ਤੋਂ ਭਟਕ ਕੇ ਸਿੱਖ ਰਵਾਇਤਾਂ ਅਤੇ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਦੇ ਰਸਤੇ ਉੱਪਰ ਚੱਲ ਰਹੀਆਂ ਹਨ ।ਇਹਨਾਂ ਜਥੇਬੰਦੀਆਂ ਉੱਪਰ ਕਾਬਜ਼ ਬਾਦਲ ਪਰਿਵਾਰ ਅਤੇ ਉਹਨਾਂ ਦੀ ਚਾਪਲੂਸ ਜੁੰਡਲੀ ਨੇ ਬੀਤੇ ਸਮੇਂ ਵਿੱਚ ਆਪਣੀ ’ਰਾਜਸੀ ਹਵਸ’ ਅਧੀਨ ਸਿੱਖ ਕੌਮ ਨਾਲ ਜੋ ਧ੍ਰੋਹ ਕਮਾਏ ਹਨ, ਇਤਿਹਾਸ ਵਿੱਚ ਇਸ ਤਰ੍ਹਾਂ ਦੇ ਘਟੀਆ ਕਿਰਦਾਰ ਦੀ ਕੋਈ ਮਿਸਾਲ ਨਜ਼ਰ ਨਹੀਂ ਆਉਂਦੀ । ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਰਾਹੀ ਹੋਂਦ ਵਿੱਚ ਆਏ ਸਨ ਅਤੇ ਸਿੱਖਾਂ ਨੇ ਆਪਣੇ ਲਹੂ ਦੀ ਕੀਮਤ ਤਾਰ ਕੇ ਇਹਨਾਂ ਸੰਸਥਾਵਾਂ ਦੇ ਰੁਤਬੇ ਅਤੇ ਮਾਣ ਮਰਯਾਦਾ ਨੂੰ ਹਮੇਸ਼ਾਂ ਕਾਇਮ ਰੱਖਿਆ ਹੈ । ਇਹ ਸੰਸਥਾਵਾਂ ਕਿਸੇ ਪਰਿਵਾਰ ਜਾਂ ਧੜੇ ਦੀ ਬਜਾਏ ਪੰਥ ਦੀ ਸਾਂਝੀ ਅਮਾਨਤ ਹਨ ।ਇਸ ਸੰਦਰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੂਹ ਸੁਹਿਰਦ ਪੰਥਕ ਧਿਰਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਸਹਿਯੋਗ ਨਾਲ ਲੜੀਆਂ ਜਾਣ। ਜਦੋਂ ਹੁਕਮਰਾਨਾਂ ਨੇ ਸਾਡੀ ਹੋਂਦ ਤੇ ਨਿਆਰੀ ਹਸਤੀ ਨੂੰ ਨਿਸ਼ਾਨਾਂ ਬਣਾਇਆ ਹੋਇਆ ਹੈ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਧਾਰਮਿਕ ਅਤੇ ਰਾਜਸੀ ਮਤਭੇਦਾਂ ਨੂੰ ਭੁਲਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਸਾਂਝੇ ਯਤਨ ਅਰੰਭੀਏ ਅਤੇ ਸਾਂਝੇ ਯਤਨਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਵੋਟਰ ਬਣਾਉਣ ਅਤੇ ਚੋਣਾਂ ਲਈ ਸਾਂਝੇ ਗੁਰਸਿੱਖ ਉਮੀਦਵਾਰਾਂ ਦੀ ਨਿਸ਼ਾਨਦੇਹੀ ਦਾ ਕੰਮ ਬਿਨਾਂ ਦੇਰੀ ਤੋਂ ਅਰੰਭਿਆ ਜਾਵੇ।
ਇਸ ਲਈ ਅੱਜ ਦਾ ਇਹ ਇਕੱਠ ਖ਼ਾਲਸਾ ਪੰਥ ਅੱਗੇ ਆਪਣੀ ਸੁਝਾਅ ਰੂਪੀ ਜੋਦੜੀ ਕਰਦਾ ਹੈ ਕਿ ਜਿਸ ਤਰ੍ਹਾਂ ਸਾਡੇ ਪੁਰਾਤਨ ਅਕਾਲੀ ਯੋਧਿਆਂ ਨੇ ਇਤਿਹਾਸ ਵਿੱਚ ਕੌਮ ਦੀ ਖਿੰਡੀ ਤਾਕਤ ਨੂੰ ਅਕਾਲੀ ਜਥਿਆਂ ਦੇ ਰੂਪ ਵਿੱਚ ਜਥੇਬੰਦ ਕਰਕੇ ਮਹੰਤਾਂ ਤੋਂ ਗੁਰਧਾਮ ਅਜ਼ਾਦ ਕਰਾਏ ਸੀ, ਸਾਨੂੰ ਵੀ ਆਪਣੀਆਂ ਧੜੇਬੰਦਕ ਵਲਗਣਾਂ ਤੋਂ ਉੱਪਰ ਉੱਠ ਕੇ ਉਸੇ ਤਰਜ਼ ਤੇ ਕੌਮ ਦੀ ਖਿੰਡੀ ਤਾਕਤ ਨੂੰ ਪਿੰਡ ਪੱਧਰ ਤੇ ਅਕਾਲੀ ਜਥਿਆਂ ਦੇ ਰੂਪ ਵਿੱਚ ਸੰਗਠਿਤ ਕਰਕੇ ਸ੍ਰੀ ਅਕਾਲ ਤਖ਼ਤ ਸਮੇਤ ਸਾਡੇ ਗੁਰਧਾਮਾਂ ਅਤੇ ਸੰਸਥਾਵਾਂ ਨੂੰ ਅਜ਼ਾਦ ਕਰਨ ਦੇ ਯਤਨ ਅਰੰਭਣੇ ਚਾਹੀਦੇ ਹਨ। ਇਹੀ ਅਕਾਲੀ ਜਥੇ ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਪੁਨਰ ਸਿਰਜਣਾ ਲਈ ਸਾਡੀ ਤਾਕਤ ਬਣਨਗੇ। ਇਤਿਹਾਸ ਗਵਾਹ ਹੈ ਕਿ ਇਹਨਾਂ ਅਕਾਲੀ ਜਥਿਆਂ ਨੇ ਹੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਸਿਰਜਣਾ ਕੀਤੀ ਸੀ ।ਇਹ ਅਕਾਲੀ ਜਥੇ ਖਿੰਡੀ ਹੋਈ ਕੌਮ ਨੂੰ ਇੱਕ ਲੜੀ ਵਿੱਚ ਪਰੋਣ ਦਾ ਵਸੀਲਾ ਸਾਬਤ ਹੋਣਗੇ । ਅੱਜ ਦਾ ਇਹ ਇਕੱਠ ਪੰਥ ਲਈ ਦਰਦਮੰਦ ਹਰੇਕ ਸ਼ਖ਼ਸੀਅਤ ਅਤੇ ਹਰੇਕ ਪੰਥਕ ਧਿਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਪੀਲ ਕਰਦਾ ਕਿ ਅਕਾਲੀ ਜਥਿਆਂ ਦੇ ਗਠਨ ਦੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਆਪਣੀ ਵਿਧਾਨਿਕ ਜ਼ਿੰਮੇਵਾਰੀ ਨਿਭਾਵੇ।

ਐੱਮ ਪੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਜੇਲ੍ਹ ’ਚ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਹਕੂਮਤ ਨੇ ਸਾਡੇ ’ਤੇ ਜ਼ੁਲਮ ਕਰਕੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਹਕੂਮਤ ਦੀ ਅਧੀਨਗੀ ਕਬੂਲ ਲਵਾਂਗੇ, ਪਰ ਇਸ ਵਰਤਾਰੇ ਨੇ ਸਾਨੂੰ ਹੋਰ ਮਜ਼ਬੂਤ ਕੀਤਾ ਹੈ। ਜਿਹੜੀਆਂ ਸੰਗਤਾਂ ਨੇ ਸਾਡੀ ਰੂਪੋਸ਼ੀ ਸਮੇਂ ਸਿੱਖ ਨੌਜਵਾਨਾਂ ਉੱਪਰ ਹੋ ਰਹੇ ਹਕੂਮਤੀ ਤਸ਼ੱਦਦ ਵਿਰੁੱਧ ਸੰਘਰਸ਼ ਕੀਤਾ, ਉਹਨਾਂ ਨੂੰ ਸਰਕਾਰ ਨੇ ਜਬਰ ਨਾਲ ਦਬਾਉਣ ’ਚ ਕੋਈ ਕਸਰ ਨਹੀਂ ਛੱਡੀ। ਸਾਡਾ ਕੌਮੀ ਨਿਸ਼ਾਨਾ ਸਪਸ਼ਟ ਹੈ ਜਿਸ ਨੂੰ ਸਾਰੀ ਕੌਮ ਰੋਜ਼ਾਨਾ ਅਰਦਾਸ ਤੋਂ ਬਾਅਦ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਵਜੋਂ ਦੁਹਰਾਉਂਦੀ ਹੈ। 18ਵੀਂ ਸਦੀ ਦੇ ਔਖੇ ਵੇਲਿਆਂ ਵਿੱਚ ਵੀ ਖ਼ਾਲਸਾ ਰਾਜ ਦੀ ਅਵਾਜ਼ ਜੰਗਲਾਂ ਬੇਲਿਆਂ ਵਿੱਚ ਗੂੰਜਾਂ ਪਾਉਂਦੀ ਰਹੀ ਸੀ । ਵੀਹਵੀਂ ਸਦੀ ਵਿੱਚ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਅਰੰਭੇ ਸੰਘਰਸ਼ ਦੌਰਾਨ ਹਜ਼ਾਰਾਂ ਸ਼ਹਾਦਤਾਂ ਦੇ ਕੇ ਅਸੀਂ ਗੁਰੂ ਨਾਲ਼ ਕੀਤੇ ਇਸ ਬਚਨ ਨੂੰ ਦੁਹਰਾਉਂਦੇ ਰਹੇ ਹਾਂ। ਸਿੱਖ ਲਈ ਖ਼ਾਲਸਾ ਰਾਜ ਦਾ ਸੰਕਲਪ ਆਪਣੇ ਗੁਰੂ ਨਾਲ਼ ਲਿਵ ਦਾ ਮਾਰਗ ਹੈ। ਖ਼ਾਲਸਾ ਰਾਜ ਹੀ ਸ਼ਬਦ ਗੁਰੂ ਦੇ ਵਿਵਹਾਰਿਕ ਅਮਲ ਦੀ ਸਿਖਰ ਹੈ। ਮੇਰਾ ਵਿਸ਼ਵਾਸ ਹੈ ਕਿ ਗੁਰੂ ਨਾਲ਼ ਲਿਵ ਦੇ ਇਸ ਬਚਨ ਨੂੰ ਭੁਲਾ ਕੇ ਅਸੀਂ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਔਝੜ ਰਾਹਾਂ ਦੇ ਸ਼ਿਕਾਰ ਹੋ ਜਾਵਾਂਗੇ। ਮੁੱਖ ਧਾਰਾ ਦੀ ਗੱਲ ਕਰਨ ਵਾਲ਼ੀ ਅਕਾਲੀ ਰਾਜਨੀਤੀ ਇਸ ਦੀ ਪ੍ਰਤੱਖ ਮਿਸਾਲ ਹੈ।ਜਿਹੜੀ ਹਕੂਮਤ, ਜਿਹੜਾ ਸਿਸਟਮ ਸਾਡੇ ਵੀਰਾਂ ਨੂੰ ਸਜ਼ਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਰਿਹਾਅ ਕਰਨ ਲਈ ਤਿਆਰ ਨਹੀਂ, ਉਸ ਤੋਂ ਕਿਸੇ ਵੀ ਤਰ੍ਹਾਂ ਇਨਸਾਫ਼ ਦੀ ਆਸ ਨਹੀਂ ਰੱਖੀ ਜਾ ਸਕਦੀ। ਨਾ ਹੀ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਥਾਲ਼ੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹਨਾਂ ਦੇ ਹੱਕ ਦੇ ਦੇਵੇਗੀ। ਇਹ ਹਕੂਮਤ ਅਤੇ ਸਿਸਟਮ ਤਾਂ ਸਾਡੀ ਹੋਂਦ ਨੂੰ ਹੀ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੁੰਦਾ ਹੈ। ਜੂਨ 1984 ਅਤੇ ਨਵੰਬਰ 1984 ਦੇ ਘੱਲੂਘਾਰੇ ਅਤੇ ਹੁਣ ਨਸ਼ਿਆਂ ਨੂੰ ਹਥਿਆਰ ਬਣਾ ਕੇ ਕੀਤੀ ਜਾ ਰਹੀ ਨਸਲਕੁਸ਼ੀ ਇਸ ਦੀ ਪ੍ਰਤੱਖ ਮਿਸਾਲ ਹੈ। ਅਸੀਂ ਆਪਣੀ ਕੌਮੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਹੈ। ਹਰ ਹਾਲਾਤ ਅੰਦਰ ਚੜ੍ਹਦੀ ਕਲਾ ਅਤੇ ਗੁਰੂ ਉੱਪਰ ਭਰੋਸਾ ਹੀ ਸਾਨੂੰ ਸਾਡੀ ਮੰਜ਼ਿਲ ਤਕ ਲੈ ਕੇ ਜਾਵੇਗਾ। ਪੰਥਕ ਜਜ਼ਬਾ ਅਤੇ ਸਿੱਖ ਇਖ਼ਲਾਕ ਦੀ ਬੁਲੰਦੀ ਜੇਕਰ ਸਾਡੀ ਪੂੰਜੀ ਹੋਣਗੇ ਤਾਂ ਗੁਰੂ ਸਾਡੇ ਹਮੇਸ਼ਾਂ ਅੰਗ ਸੰਗ ਹੋਵੇਗਾ। ਗੁਰੂ ਦੀ ਅਸੀਸ ਸਦਕਾ ਹੀ ਖ਼ਾਲਸਾ ਹਰ ਮੈਦਾਨ ਫ਼ਤਿਹ ਕਰੇਗਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ਼ ਇਹ ਬਚਨ ਕੀਤਾ ਹੋਇਆ ਕਿ ਖ਼ਾਲਸਾ ਜਦ ਤਕ ਆਪਣੀ ਨਿਆਰੀ ਹਸਤੀ ਨੂੰ ਬਰਕਰਾਰ ਰੱਖੇਗਾ ਤਾਂ ਗੁਰੂ ਸਾਹਿਬ ਆਪਣੀ ਬਖ਼ਸ਼ਿਸ਼ ਰੂਪੀ ਤਾਕਤ ਖ਼ਾਲਸੇ ਦੀ ਝੋਲ਼ੀ ਪਾਉਂਦੇ ਰਹਿਣਗੇ। ਭਵਿੱਖ ਵਿੱਚ ਸਮੇਂ-ਸਮੇਂ ਤੁਹਾਡੇ ਨਾਲ਼ ਵਿਚਾਰਾਂ ਦੀ ਸਾਂਝ ਪਾਉਣ ਦਾ ਵਾਅਦਾ ਕਰਦਾ ਹੋਇਆ ਫ਼ਤਿਹ ਬੁਲਾਉਂਦਾ ਹਾਂ।

ਦੂਜੇ ਮਤੇ ਰਾਹੀ ਪੰਥਕ ਇਕੱਠ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਇਹ ਸਪਸ਼ਟ ਕਰਦਾ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੱਖ ਪੰਥ ਦੇ ਰਹਿਨੁਮਾ ਨਹੀਂ, ਸਗੋਂ ਉਹ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਤਰਜਮਾਨ ਹਨ ।ਜੇਕਰ ਤਖ਼ਤਾਂ ਦੇ ਜਥੇਦਾਰ ਸਿੱਖ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਤੋਂ ਕੋਈ ਕੁਤਾਹੀ ਕਰਦੇ ਹਨ ਤਾਂ ਇਹ ਉਹਨਾਂ ਵੱਲੋਂ ਆਪਣੇ ਫ਼ਰਜ਼ਾਂ ਵਿੱਚ ਕੁਤਾਹੀ ਸਮਝੀ ਜਾਵੇਗੀ ।ਇਸ ਸੰਦਰਭ ਵਿੱਚ ਇਹ ਇਕੱਠ ਸਾਡੇ ਸਿੰਘ ਸਾਹਿਬਾਨ ਨੂੰ ਪੂਰੇ ਸਤਿਕਾਰ ਸਹਿਤ ਇਹ ਬੇਨਤੀ ਕਰਦਾ ਹੈ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਅਤੇ ਉਹਨਾਂ ਦੇ ਹੱਥ-ਠੋਕੇ ਵਿਦਵਾਨਾਂ ਵੱਲੋਂ ਅਕਾਲੀ ਦਲ ਬਾਦਲ ਨੂੰ ਮੁੜ ਜਿਊਂਦਾ ਕਰਨ ਦੀਆਂ ਚਾਲਾਂ, ਸਾਜ਼ਿਸ਼ਾਂ ਅਤੇ ਡਰਾਮੇਬਾਜ਼ੀਆਂ ਦਾ ਹਿੱਸਾ ਬਣਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ।ਸਾਡੀ ਸਿੰਘ ਸਾਹਿਬਾਨਾਂ ਨੂੰ ਅਪੀਲ ਹੈ ਕਿ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਵਿੱਚ ਤਬਦੀਲ ਹੋ ਚੁੱਕੇ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲੰਮਾ ਸਮਾਂ ਆਪਣੇ ਨਿੱਜੀ ਮਨੋਰਥਾਂ ਲਈ ਵਰਤੇ ਜਾਣ ਦੇ ਪਿਛੋਕੜ ਨੂੰ ਦੇਖਦੇ ਹੋਏ ਉਹਨਾਂ ਨੂੰ ਇਸ ਗੱਲ ਤੋਂ ਚੌਕਸ ਰਹਿਣਾ ਚਾਹੀਦਾ ਕਿ ਉਹ ਇਸ ਵਾਰ ਫਿਰ ਅਕਾਲੀ ਆਗੂਆਂ ਦੀ ਬਦਨੀਤੀ ਦਾ ਸ਼ਿਕਾਰ ਨਾ ਬਣ ਜਾਣ ।
ਅੱਜ ਦਾ ਇਹ ਇਕੱਠ ਬਾਦਲ ਪਰਿਵਾਰ ਅਤੇ ਉਨ੍ਹਾਂ ਨਾਲ ਸੱਤਾ ਵਿੱਚ ਭਾਈਵਾਲ਼ ਰਹੇ ਸਮੂਹ ਅਕਾਲੀ ਆਗੂਆਂ ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਸੌਦਾ ਸਾਧ ਦੇ ਮਾਮਲੇ ਤਕ ਕੌਮ ਨਾਲ ਕਮਾਏ ਧ੍ਰੋਹ ਅਤੇ ਗੁਨਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦਾ ਹੈ ਕਿ ਬੀਤੇ ਸਮੇਂ ਵਿੱਚ ਪੱਖਪਾਤੀ ਜਥੇਦਾਰ ਗੁਰਬਚਨ ਸਿੰਘ ਵੱਲੋਂ ਰਾਜਸੀ ਆਕਾਵਾਂ ਦੇ ਦਬਾਅ ਹੇਠ ਸੌਦਾ ਸਾਧ ਨੂੰ ਮੁਆਫ਼ ਕਰਨ ਦੇ ਪੰਥ ਵਿਰੋਧੀ ਫ਼ੈਸਲੇ ਲੈਣ ਕਾਰਨ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵਿਅਕਤੀ ਤਾਕਤ ਦੇ ਨਸ਼ੇ ਵਿੱਚ ਪੰਥ ਨਾਲ ਅਜਿਹੇ ਧ੍ਰੋਹ ਕਮਾਉਣ ਦੀ ਜੁਰਅਤ ਨਾ ਕਰ ਸਕੇ । ਅੱਜ ਦਾ ਇਹ ਇਕੱਠ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਬਾਦਲ ਦਲ ਦੀ ਸਰਕਾਰ ਸਮੇਂ ਰਾਜ ਸੱਤਾ ਹੰਢਾਉਂਦੇ ਸਮੂਹ ਅਕਾਲੀ ਆਗੂਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਨਿਭਾਏ ਗਏ ਪੰਥ ਦੋਖੀ ਰੋਲ ਬਾਰੇ ਕੋਈ ਵੀ ਫ਼ੈਸਲਾ ਬੰਦ ਕਮਰਿਆਂ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਸੰਗਤ ਦੀ ਕਚਹਿਰੀ ਵਿੱਚ ਲਿਆ ਜਾਵੇ ।
ਤੀਜਾ ਮਤਾ- ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ: ਪਿਛਲੇ ਕਈ ਦਹਾਕਿਆਂ ਤੋਂ ਬੰਦੀ ਸਿੰਘ ਆਪਣੀਆਂ ਕਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜ਼ਾਲਮ ਸਰਕਾਰਾਂ ਵੱਲੋਂ 550 ਸਾਲਾ ਸ਼ਤਾਬਦੀ ਮੌਕੇ ਵੀ ਸਿੱਖਾਂ ਨਾਲ ਇਹ ਵਾਅਦਾ ਕੀਤਾ ਗਿਆ ਪ੍ਰੰਤੂ ਉਸ ਤੋਂ ਮੁੱਕਰ ਗਏ। ਇਸ ਮੁੱਦੇ ਵਿੱਚ ਅਸੀਂ ਸਰਕਾਰ ਕੋਲੋਂ ਕੋਈ ਦਯਾ ਜਾ ਰਹਿਮ ਨਹੀਂ ਬਲਕਿ ਮਨੁੱਖੀ ਅਧਿਕਾਰ ਮੰਗ ਰਹੇ ਹਾਂ। ਅਸੀਂ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਕਿ ਜਲਦ ਤੋਂ ਜਲਦ ਬੰਦੀ ਸਿੰਘ ਤੁਰੰਤ ਰਿਹਾਅ ਕੀਤਾ ਜਾਣ ਨਹੀਂ ਤਾਂ ਜ਼ਾਲਮ ਹਕੂਮਤ ਖਿਲਾਫ ਇਸ ਮੁੱਦੇ ਤੇ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ।
ਚੌਥਾ ਮਤਾ- ਬੇਅਦਬੀਆਂ ਦੇ ਮਸਲਿਆਂ ਦਾ ਮਤਾ: ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀਆਂ ਹੋ ਰਹੀਆਂ ਹਨ ਜੋ ਕਿ ਹਰ ਸਿੱਖ ਲਈ ਅਤਿ ਦੁਖਦਾਈ ਹਨ। ਬਰਗਾੜੀ ਤੇ ਬਹਿਬਲ ਕਲਾਂ ਵਰਗੇ ਬੇਅਦਬੀ ਦੇ ਕੇਸਾਂ ਵਿੱਚ ਵੀ ਇਨਸਾਫ਼ ਦੇ ਨਾਂ ਤੇ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਵੱਲੋਂ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ । ਭਾਰਤ ਸਰਕਾਰ ਦੀ ਸਭ ਤੋਂ ਵੱਡੀ ਏਜੰਸੀ ਸੀ.ਬੀ.ਆਈ ਨੇ ਬਰਗਾੜੀ ਬੇਅਦਬੀ ਕੇਸ ਦੀ ਕਲੋਜ਼ਿੰਗ ਰਿਪੋਰਟ ਅਦਾਲਤ ਵਿੱਚ ਪੇਸ਼ ਕਰਕੇ ਸਰਕਾਰਾਂ ਦੀ ਬੇਅਦਬੀ ਦੇ ਮੁੱਦਿਆਂ ਤੇ ਸਿੱਖਾਂ ਨੂੰ ਸਪਸ਼ਟ ਤੌਰ ਤੇ ਗ਼ੁਲਾਮੀ ਦਾ ਅਹਿਸਾਸ ਕਰਵਾਇਆ।
ਸਿੱਖਾਂ ਲਈ ਸਭ ਤੋਂ ਵੱਡੀ ਦੁੱਖ ਦੀ ਗੱਲ ਓਦੋਂ ਵਾਪਰੀ ਜਦੋਂ ਸਿਰਸੇ ਵਾਲੇ ਸਾਧ ਦੀ ਬੇਅਦਬੀ ਕਾਂਡਾਂ ਵਿਚ ਸਿੱਧੀ ਸ਼ਮੂਲੀਅਤ ਸਾਹਮਣੇ ਆ ਗਈ ਤਾਂ ਐਸ.ਜੀ.ਪੀ.ਸੀ ਨੇ ਆਪਣੇ ਕਨੂੰਨੀ ਜਵਾਬ ਵਿਚ ਦੁਬਾਰਾ ਕੇਸ ਸੀ.ਬੀ ਆਈ ਨੂੰ ਦੇਣ ਲਈ ਜੁਆਬ ਦਾਅਵਾ ਫਾਈਲ ਕਰ ਦਿੱਤਾ । ਭਾਰਤੀ ਅਦਾਲਤਾਂ ਵੱਲੋਂ ਬੇਅਦਬੀ ਕੇਸਾਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਤਬਦੀਲ ਕਰਨ ਤੋਂ ਸਾਫ਼ ਜ਼ਾਹਿਰ ਹੈ ਕਿ ਸਰਕਾਰ ਦੀਆਂ ਏਜੰਸੀਆਂ ਨੇ ਵੋਟ ਰਾਜਨੀਤੀ ਦੇ ਤਹਿਤ ਇਹ ਬੇਅਦਬੀਆਂ ਆਪ ਹੀ ਕਰਵਾਈਆਂ। ਸੋ ਇਹ ਇਕੱਠ ਇਹ ਮੰਗ ਕਰਦਾ ਹੈ ਕਿ ਬੇਅਦਬੀਆਂ ਦੇ ਜਿਹੜੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਹਨ, ਉਹ ਤੁਰੰਤ ਵਾਪਸ ਪੰਜਾਬ ਵਿਚ ਲਿਆਂਦੇ ਜਾਣ ਅਤੇ ਇਹਨਾਂ ਦੇ ਵਿਚ ਸਿਰਸੇ ਵਾਲੇ ਸਾਧ ਨੂੰ ਮੁੱਖ ਦੋਸ਼ੀ ਗਰਦਾਨਦਿਆਂ ਜਾਵੇ।
ਪੰਜਵਾਂ ਮਤਾ-  ਨਸ਼ਿਆਂ ਨੂੰ ਰੋਕਣ ਲਈ ਮਤਾ: ਇਹ ਇਕੱਠ ਮਹਿਸੂਸ ਕਰਦਾ ਹੈ ਪੰਜਾਬ ਦੀ ਰਾਜ ਸੱਤਾ ਤੇ ਕਾਬਜ਼ ਰਹੀਆਂ ਸਮੂਹ ਰਾਜਸੀ ਧਿਰਾਂ ਸਮੇਤ ਮੌਜੂ ਦਾ ਧਿਰ ਅਤੇ ਅਫ਼ਸਰਾਂ ਦੇ ਗੱਠਜੋੜ ਨੇ ਏਜੰਸੀਆਂ ਦੀ ਸਾਜ਼ਿਸ਼ੀ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਅਖੌਤੀ ਸੱਭਿਆਚਾਰ ਦੇ ਨਾਮ ਤੇ ਪਤਿਤ ਪੁਣੇ ਅਤੇ ਨਸ਼ੇ ਵੱਲ ਧਕੇਲਿਆ ।ਨਸ਼ੇ ਤੋਂ ਇਕੱਠੀ ਹੁੰਦੀ ਡਰੱਗ ਮਨੀ ਦੇ ਨਾਲ ਹੀ ਰਾਜਸੀ ਪਾਰਟੀਆਂ ਚੱਲਦੀਆਂ ਹਨ, ਜਿਸ ਦਾ ਸਪਸ਼ਟ ਸਬੂਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਤਤਕਾਲੀ ਡੀ.ਜੀ.ਪੀ ਵੱਲੋਂ ਦਾਇਰ ਕੀਤੇ ਬੰਦ ਲਿਫ਼ਾਫ਼ਾ ਹਲਫ਼ੀਆ ਬਿਆਨ ਵਿੱਚ ਜੋ ਵੱਡੇ ਅਫ਼ਸਰਾਂ ਦੇ ਪੰਜਾਬ ਦੇ ਡਰੱਗ ਲੈਂਡ ਹੋਣ ਦੀ ਗੱਲ ਕਹੀ ਗਈ ਅਤੇ ਇਹ ਬੰਦ ਲਿਫ਼ਾਫ਼ਾ ਅੱਜ ਤੱਕ ਵੀ ਵੱਡੇ ਨਸ਼ਾ ਤਸਕਰਾਂ ਅਤੇ ਰਾਜਸੀ ਨੇਤਾਵਾਂ ਦੇ ਨੈਕਸਜ਼ ਦੇ ਦਬਾਅ ਹੇਠ ਖੋਲ੍ਹਿਆ ਨਹੀਂ ਗਿਆ। ਇਸ ਤੋਂ ਇਲਾਵਾ ਡਰੱਗ ਤਸਕਰੀ ਦੇ ਮਾਮਲੇ ਵਿਚ ਭਗੌੜੇ ਇੱਕ ਤਤਕਾਲੀ ਐਸ.ਐਸ.ਪੀ ਰਾਜਜੀਤ ਸਿੰਘ ਦੀ ਸਪਸ਼ਟ ਸ਼ਮੂਲੀਅਤ ਸਾਹਮਣੇ ਆਉਣ ਤੇ ਵੀ ਅੱਜ ਤਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਜੋ ਕਿ ਮੌਜੂਦਾ ਪੰਜਾਬ ਸਰਕਾਰ ਦੇ ਮੂੰਹ ਤੇ ਇਕ ਕਰਾਰੀ ਚਪੇੜ ਹੈ। ਨਸ਼ਿਆਂ ਦੇ ਵਰਤਾਰੇ ਨੂੰ ਹਕੂਮਤਾਂ ਸਿੱਖਾਂ ਦੀ ਨਸਲਕੁਸ਼ੀ ਦੇ ਹਥਿਆਰ ਵਜੋਂ ਵਰਤਣ ਲਈ ਖੁੱਲ੍ਹੀ ਛੁੱਟੀ ਦੇ ਰਹੀਆਂ ਹਨ।
ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਜੋ ਖ਼ਾਲਸਾ ਵਹੀਰ ਰਾਹੀਂ ਨੌਜਵਾਨਾਂ ਨੂੰ ਨਸ਼ਾ ਛਡਵਾ ਕੇ ਕਲਗ਼ੀਧਰ ਪਾਤਸ਼ਾਹ ਜੀ ਦੀ ਖੰਡੇ ਬਾਟੇ ਦੇ ਪਾਹੁਲ ਛਕਾ ਕੇ ਅਨੰਦਪੁਰ ਵਾਪਸੀ ਕਰਵਾ ਰਹੇ ਸੀ ਉਹਨਾਂ ਨੂੰ ਸੋਚੀ ਸਮਝੀ ਸਾਜ਼ਿਸ਼ੀ ਤਹਿਤ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਐਨ.ਐੱਸ.ਏ ਲਗਾ ਕੇ ਕੈਦ ਕਰ ਦਿੱਤਾ। ਇਸ ਤੋਂ ਸਰਕਾਰਾਂ ਦੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਨਾਲ ਖ਼ਤਮ ਕਰਨ ਦੀ ਸਾਜ਼ਿਸ਼ੀ ਸਪਸ਼ਟ ਹੋ ਗਈ । ਸੋ ਇਹ ਇਕੱਠ ਨਸ਼ਿਆਂ ਦੇ ਖ਼ਾਤਮੇ ਲਈ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਅਤੇ ਉਸ ਦੇ ਕਾਰਜਾਂ ਲਈ ਦਿਨ ਰਾਤ ਜ਼ਮੀਨੀ ਪੱਧਰ ਤੇ ਇਕੱਠੇ ਹੋ ਕੇ ਕੰਮ ਕਾਰਜ ਕਰਨ ਦਾ ਅਹਿਦ ਕਰਦਾ ਹੈ।
ਛੇਵਾਂ ਮਤਾ- ਅੱਜ ਦਾ ਇਹ ਪੰਥਕ ਇਕੱਠ ਕਿਸਾਨੀ ਸੰਘਰਸ਼ ਨਾਲ ਇੱਕਜੁੱਟਤਾ ਦਾ ਅਹਿਦ ਕਰਦਾ ਹੋਇਆ ਸਮੂਹ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਆਪਣੀ ਹਮਾਇਤ ਦਿੰਦਾ ਹੈ। ਕਿਸਾਨ ਮੋਰਚੇ ਸਮੇਂ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕਰਨ ਦੀ ਨੀਤੀ ਦੀ ਆਲੋਚਨਾ ਕਰਦਾ ਹੋਇਆ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਦਿੱਲੀ ਜਾਣ ਲਈ ਸਰਕਾਰ ਵੱਲੋਂ ਲਾਈਆਂ ਗਈਆਂ ਰੋਕਾਂ ਨੂੰ ਤੁਰੰਤ ਹਟਾਉਣ ਅਤੇ ਮੰਗਾ ਪੂਰੀਆਂ ਕਰਨ ਦੀ ਮੰਗ ਕਰਦਾ ਹੈ।
ਸੱਤਵਾਂ ਮਤਾ-  ਅੱਜ ਦੇ ਇਸ ਇਕੱਠ ਵਿੱਚ ਸਾਨੂੰ ਇਹ ਕਹਿੰਦਿਆਂ ਕੋਈ ਝਿਜਕ ਮਹਿਸੂਸ ਨਹੀਂ ਹੋ ਰਹੀ ਕਿ ਦੇਸ਼ ਦੀ ਵੰਡ ਤੋਂ ਹੀ ਇਸ ਦੇਸ਼ ਦੇ ਹੁਕਮਰਾਨਾਂ ਦਾ ਸਿੱਖਾਂ ਪ੍ਰਤੀ ਰਵੱਈਆ ਹਮੇਸ਼ਾਂ ਤਾਨਾਸ਼ਾਹੀ ਅਤੇ ਵੈਰ ਭਾਵਨਾ ਵਾਲਾ ਰਿਹਾ ਹੈ ।ਦੇਸ਼ ਦੀ ਹਰੇਕ ਕੌਮੀ ਪਾਰਟੀ ਦਾ ਸਿੱਖਾਂ ਪ੍ਰਤੀ ਨਜ਼ਰੀਆ ਫ਼ਿਰਕਾਪ੍ਰਸਤੀ ਵਾਲਾ ਹੀ ਹੈ । ਇੱਥੋਂ ਤਕ ਇਸ ਦੇਸ਼ ਦੇ ਅਦਾਲਤੀ ਸਿਸਟਮ ਕੋਲ਼ੋਂ ਵੀ ਸਿੱਖਾਂ ਨੂੰ ਕਿਸੇ ਇਨਸਾਫ਼ ਦੀ ਤਵੱਕੋ ਨਹੀਂ ਰਹੀ ਹੈ । ਸਿੱਖ ਬੰਦੀਆਂ ਦੇ ਮਾਮਲੇ ਨੇ ਇਸ ਦੇਸ਼ ਦੇ ਅਦਾਲਤੀ ਸਿਸਟਮ ਦੇ ਚਿਹਰੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ । ਕਨੂੰਨ ਮੁਤਾਬਿਕ ਮਿਲੀਆਂ ਸਜ਼ਾਵਾਂ ਤੋਂ ਦੁੱਗਣੀ ਸਜ਼ਾ ਭੁਗਤ ਚੁੱਕੇ ਸਿੱਖਾਂ ਲਈ ਅਦਾਲਤਾਂ ਕੋਲ ਕੋਈ ਇਨਸਾਫ਼ ਨਹੀਂ ਹੈ, ਪਰ ਦੂਜੇ ਪਾਸੇ ਹੁਕਮਰਾਨ ਪਾਰਟੀ ਨਾਲ ਸਬੰਧਿਤ ਦੋਸ਼ੀ ਉਮਰ ਕੈਦ ਦੀ ਸਜ਼ਾ ਦੇ ਮਾਮਲੇ ਵਿੱਚ ਪੰਜ ਸਾਲ ਬਾਅਦ ਰਿਹਾਅ ਕੀਤੇ ਜਾ ਰਹੇ ਹਨ ।ਸੁਮੇਧ ਸੈਣੀ ਜਿਹੇ ਕਾਤਲਾਂ ਨੂੰ ਬਿਨਾਂ ਜੇਲ੍ਹ ਜਾਏ ਜ਼ਮਾਨਤਾਂ ਮਿਲ ਜਾਂਦੀਆਂ ਅਤੇ ਸੌਦਾ ਸਾਧ ਵਰਗੇ ਬਲਾਤਕਾਰੀ ਅਤੇ ਕਾਤਲ ਤਿੰਨ ਮਹੀਨਿਆਂ ਬਾਅਦ ਪੈਰੋਲ ਉੱਪਰ ਆ ਕੇ ਕਨੂੰਨ ਦਾ ਮਜ਼ਾਕ ਉਡਾ ਰਹੇ ਹਨ । ਏਸੇ ਤਰ੍ਹਾਂ ਲੱਖਾਂ ਵੋਟਾਂ ਹਾਸਲ ਕਰਕੇ ਮੈਂਬਰ ਪਾਰਲੀਮੈਂਟ ਬਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਜ਼ਮਾਨਤ ਜਾਂ ਪੈਰੋਲ ਨਹੀਂ ਦਿੱਤੀ ਜਾ ਰਹੀ । ਕੇਂਦਰ ਸਰਕਾਰ ਅਤੇ ਪੰਜਾਬ ਦੀ ਭਗਵੰਤ ਸਰਕਾਰ ਨੇ ਤਾਨਾਸ਼ਾਹੀ ਅਤੇ ਗੈਰ ਸੰਵਿਧਾਨਕ ਤਰੀਕਾ ਅਪਣਾਉਂਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨ .ਐੱਸ. ਏ. ਨੂੰ ਵਧਾਉਣ ਦੇ ਤੁਗ਼ਲਕੀ ਫ਼ਰਮਾਨ ਲਾਗੂ ਕਰ ਦਿੱਤੇ ਹਨ । ਅੱਜ ਦਾ ਇਕੱਠ ਇਹ ਐਲਾਨ ਕਰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਪੰਜਾਬ ਭਰ ਵਿੱਚ ਜਨਤਕ ਲਾਮਬੰਦੀ ਕਰਨ ਲਈ ਜ਼ਿਲ੍ਹਾ ਪੱਧਰ ਉੱਪਰ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਜਾਵੇਗਾ । ਇਸ ਦੇ ਨਾਲ ਹੀ ਇਹ ਪੰਥਕ ਇਕੱਠ ਸਰਕਾਰ ਨੂੰ ਅਲਟੀਮੇਟਮ ਦਿੰਦਾ ਹੈ ਕਿ ਜੇਕਰ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਕਤੂਬਰ ਤਕ ਕੋਈ ਕਦਮ ਨਾ ਚੁੱਕਿਆ ਤਾਂ ਇਸ ਸੰਬੰਧੀ ਵੱਡਾ ਸੰਘਰਸ਼ ਅਰੰਭਿਆ ਜਾਵੇਗਾ।


ਮੂਲ ਪਾਠ – ਅੰਮ੍ਰਿਤਪਾਲ ਸਿੰਘ ਖ਼ਾਲਸਾ ਨਜ਼ਰਬੰਦ ਡਿਬਰੂਗੜ ਜੇਲ੍ਹ ਤੋਂ ਆਇਆ ਸੁਨੇਹਾ

ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫ਼ਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਨਾਲ ਦੇ ਸਾਰੇ ਸਿੰਘ ਵੀ ਚੜ੍ਹਦੀ ਕਲਾ ਵਿੱਚ ਹਨ। ਬੇਸ਼ੱਕ ਸਾਡਾ ਸਰੀਰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਅਸਾਮ ਚ ਕੈਦ ਹੈ, ਪਰ ਸਾਡੀ ਆਤਮਾ ਪੰਜਾਬ ਵਿੱਚ ਹੈ ਤੇ ਕਦੇ ਪੰਜਾਬ ਤੋਂ ਜੁਦਾ ਨਹੀਂ ਹੋ ਸਕਦੀ। ਜਦੋਂ ਦਾ ਮੈਂ ਪੰਜਾਬ ਦੀ ਧਰਤੀ ਤੇ ਪੈਰ ਧਰਿਆ, ਓਸ ਦਿਨ ਤੋਂ ਹੀ ਸੰਗਤ ਨੇ ਮੈਨੂੰ ਮਣਾਂ ਮੂੰਹੀਂ ਪਿਆਰ ਬਖ਼ਸ਼ਿਆ, ਤੇ ਉਸ ਪਿਆਰ ਦਾ ਮੇਰਾ ਰੋਮ ਰੋਮ ਰਿਣੀ ਹੈ, ਮੇਰੇ ਉੱਪਰ ਸਿੱਖ ਕੌਮ ਦਾ ਐਸਾ ਕਰਜ਼ਾ ਹੈ ਜੋ ਮੈਂ ਹਜ਼ਾਰਾਂ ਜਨਮ ਲੈ ਕੇ ਵੀ ਕੌਮ ਦੀ ਸੇਵਾ ਕਰਕੇ ਨਹੀਂ ਉਤਾਰ ਸਕਦਾ। ਜਦੋਂ ਅਸੀਂ ਪੁਲਿਸ ਦੇ ਘੇਰੇ ਵਿੱਚੋਂ ਨਿਕਲੇ ਤੇ ਜਿਸ ਘਰ ਦਾ ਵੀ ਕੁੰਡਾ ਖੜਕਾਇਆ, ਉਹਨਾਂ ਪਰਿਵਾਰਾਂ ਨੇ ਆਪਣੀ ਜਾਨ ਤੇ ਖੇਡ ਕੇ ਸਾਨੂੰ ਪਨਾਹ ਦਿੱਤੀ, ਤੇ ਸਤਿਗੁਰੂ ਦੀ ਐਸੀ ਕਿਰਪਾ ਰਹੀ ਕਿ ਉਸ ਨੇ ਇੱਕ ਪਲ ਲਈ ਵੀ ਨਹੀਂ ਡੋਲਣ ਦਿੱਤਾ। ਅਸੀਂ ਬਹੁਤ ਚੰਗੇ ਮਾੜੇ ਸਮੇਂ ਵੇਖੇ, ਪਰ ਸਦਾ ਕਲਗ਼ੀਧਰ ਪਾਤਸ਼ਾਹ ਨੂੰ ਯਾਦ ਕੀਤਾ। ਉਸ ਸਮੇਂ ਮੇਰੇ ਅੱਗੇ ਇਸ ਮੁਲਕ ਨੂੰ ਛੱਡ ਕੇ ਬਾਹਰ ਜਾਣ ਦੇ ਸਾਰੇ ਰਾਹ ਖੁੱਲ੍ਹੇ ਸਨ, ਪਰ ਮੇਰੀ ਜ਼ਮੀਰ ਨੇ ਇਸ ਗੱਲ ਨੂੰ ਸੋਚਣਾ ਵੀ ਗਵਾਰਾ ਨਾ ਸਮਝਿਆ। ਆਪਣੀ ਧਰਤੀ, ਆਪਣੇ ਲੋਕ, ਤੇ ਆਪਣੇ ਸਿੰਘਾਂ ਨੂੰ ਛੱਡ ਕੇ ਜਾਣ ਨਾਲੋਂ ਮੈਨੂੰ ਓਸ ਦਿਨ ਵੀ ਮਰਨਾ ਪਰਵਾਨ ਸੀ ਤੇ ਅੱਜ ਵੀ ਪਰਵਾਨ ਹੈ।
ਓਸ ਔਖੀ ਘੜੀ ‘ਚ ਬਹੁਤ ਗੱਲਾਂ ਦੀ ਪਰਖ ਹੋਈ, ਜਿਨ੍ਹਾਂ ਤੋਂ ਮੈਨੂੰ ਆਸ ਸੀ, ਉਹਨਾਂ ਨੇ ਮੇਰੇ ਲਈ ਦਰਵਾਜ਼ੇ ਬੰਦ ਕਰ ਦਿੱਤੇ, ਪਰ ਕੋਈ ਰਾਹ ਚਲਦਾ ਨੌਜਵਾਨ ਮੈਨੂੰ ਜ਼ਿਦ ਕਰਕੇ ਆਪਣੇ ਘਰ ਲੈ ਗਿਆ। ਉਸ ਦਾ ਕੱਚਾ ਘਰ ਕੋਈ ਦਰਵਾਜ਼ਾ ਨਹੀਂ, ਮੈਂ ਉਹ ਸਮਾਂ ਯਾਦ ਕਰਕੇ ਅੱਜ ਵੀ ਭਾਵੁਕ ਹੋ ਜਾਂਦਾ ਹਾਂ।
ਹਕੂਮਤ ਨੇ ਸਾਡੇ ਤੇ ਜ਼ੁਲਮ ਕਰਕੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਹਕੂਮਤ ਦੀ ਅਧੀਨਗੀ ਕਬੂਲ ਲਵਾਂਗੇ, ਪਰ ਇਸ ਵਰਤਾਰੇ ਨੇ ਸਾਨੂੰ ਹੋਰ ਮਜ਼ਬੂਤ ਕੀਤਾ ਹੈ। ਜਿਹੜੀਆਂ ਸੰਗਤਾਂ ਨੇ ਸਾਡੀ ਰੂਪੋਸ਼ੀ ਸਮੇਂ ਸਿੱਖ ਨੌਜਵਾਨਾਂ ਉੱਪਰ ਹੋ ਰਹੇ ਹਕੂਮਤੀ ਤਸ਼ੱਦਦ ਵਿਰੁੱਧ ਸੰਘਰਸ਼ ਕੀਤਾ, ਉਹਨਾਂ ਨੂੰ ਸਰਕਾਰ ਨੇ ਜਬਰ ਨਾਲ ਦੱਬ ਲਿਆ। ਖ਼ਾਸ ਤੌਰ ਤੇ ਹਰੀਕੇ ਪੁਲ, ਸੋਹਾਣਾ ਮੋਹਾਲੀ ਵਿੱਚ ਜਿਵੇਂ ਸ਼ਾਂਤਮਈ ਸੰਗਤਾਂ ਉੱਤੇ ਜ਼ੁਲਮ ਤੇ ਤਸ਼ੱਦਦ ਕੀਤਾ ਗਿਆ, ਗੱਡੀਆਂ ਭੰਨ ਦਿੱਤੀਆਂ ਗਈਆਂ, ਉਹ ਜ਼ੁਲਮ ਦੀ ਇੰਤਹਾ ਸੀ, ਇਸ ਜਬਰ ਨੂੰ ਸਹਾਰਨ ਵਾਲੀਆਂ ਸੰਗਤਾਂ ਦੇ ਅਸੀਂ ਹਮੇਸ਼ਾਂ ਰਿਣੀ ਰਹਾਂਗੇ। ਜਦੋਂ ਮੈਂ ਜਥੇਦਾਰ ਸਾਹਿਬ ਨੂੰ ਸਰਬੱਤ ਖ਼ਾਲਸਾ ਸੱਦਣ ਦੀ ਬੇਨਤੀ ਕੀਤੀ ਤਾਂ ਮੈਂ ਇਹ ਗੱਲ ਵੀ ਕਹੀ ਸੀ ਕਿ ਮੈਂ ਓਥੇ ਗ੍ਰਿਫ਼ਤਾਰੀ ਦੇਵਾਂਗਾ ਅਤੇ ਸਾਰੇ ਗ੍ਰਿਫ਼ਤਾਰ ਸਿੰਘ ਰਿਹਾ ਕਰ ਦਿੱਤੇ ਜਾਣ ਪਰ ਜਥੇਦਾਰ ਦੀ ਸਾਹਿਬ ਦੀ ਕੋਈ ਮਜਬੂਰੀ ਰਹੀ ਹੋਵੇਗੀ ਕਿ ਉਹ ਸਰਬੱਤ ਖ਼ਾਲਸਾ ਸੱਦਣ ਦੇ ਫ਼ੈਸਲੇ ‘ਤੇ ਚੁੱਪ ਹੀ ਹੋ ਗਏ ਪਰ ਫਿਰ ਵੀ ਮੇਰਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਅਤੇ ਨਾ ਹੀ ਆਪਣਿਆਂ ਪ੍ਰਤੀ ਭਵਿੱਖ ਵਿੱਚ ਕਦੀ ਹੋਵੇਗਾ। ਮੈਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਿੰਡ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਪਹਿਲੀ ਬਰਸੀ ‘ਤੇ ਸਟੇਜ ‘ਤੇ ਇਹ ਆਖਿਆ ਸੀ ਕਿ ਮੇਰੀ ਲੜਾਈ ਆਪਣਿਆਂ ਨਾਲ ਨਹੀਂ ਭਾਵੇਂ ਕੋਈ ਸਾਨੂੰ ਮੰਦਾ ਬੋਲੇ ਅਸੀਂ ਜਰ ਲਵਾਂਗੇ ਪਰ ਕੌਮ ਵਿੱਚ ਖ਼ਾਨਾ-ਜੰਗੀ ਨਹੀਂ ਹੋਣੀ ਚਾਹੀਦੀ। ਇਹ ਮੇਰੇ ਵੱਲੋਂ ਕੀਤੇ ਕਾਰਜਾਂ ਸਮੇਂ ਵੀ ਮੁੱਖ ਉਦੇਸ਼ ਸੀ ਅਤੇ ਭਵਿੱਖ ਵਿੱਚ
ਵੀ ਰਹੇਗਾ।
ਸਾਡਾ ਕੌਮੀ ਨਿਸ਼ਾਨਾ ਸਪਸ਼ਟ ਹੈ ਜਿਸ ਨੂੰ ਸਾਰੀ ਕੌਮ ਰੋਜ਼ਾਨਾ ਅਰਦਾਸ ਤੋਂ ਬਾਅਦ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਵਜੋਂ ਦੁਹਰਾਉਂਦੀ ਹੈ। 18ਵੀਂ ਸਦੀ ਦੇ ਔਖੇ ਵੇਲਿਆਂ ਵਿੱਚ ਵੀ ਖ਼ਾਲਸਾ ਰਾਜ ਦੀ ਅਵਾਜ਼ ਜੰਗਲਾਂ ਬੇਲਿਆਂ ਵਿੱਚ ਗੂੰਜਾਂ ਪਾਉਂਦੀ ਰਹੀ ਸੀ । ਵੀਹਵੀਂ ਸਦੀ ਵਿੱਚ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਅਰੰਭੇ ਸੰਘਰਸ਼ ਦੌਰਾਨ ਹਜ਼ਾਰਾਂ ਸ਼ਹਾਦਤਾਂ ਦੇ ਕੇ ਅਸੀਂ ਗੁਰੂ ਨਾਲ਼ ਕੀਤੇ ਇਸ ਬਚਨ ਨੂੰ ਦੁਹਰਾਉਂਦੇ ਰਹੇ ਹਾਂ। ਸਿੱਖ ਲਈ ਖ਼ਾਲਸਾ ਰਾਜ ਦਾ ਸੰਕਲਪ ਆਪਣੇ ਗੁਰੂ ਨਾਲ਼ ਲਿਵ ਦਾ ਮਾਰਗ ਹੈ। ਖ਼ਾਲਸਾ ਰਾਜ ਹੀ ਸ਼ਬਦ ਗੁਰੂ ਦੇ ਵਿਵਹਾਰਿਕ ਅਮਲ ਦੀ ਸਿਖਰ ਹੈ। ਮੇਰਾ ਵਿਸ਼ਵਾਸ ਹੈ ਕਿ ਗੁਰੂ ਨਾਲ਼ ਲਿਵ ਦੇ ਇਸ ਬਚਨ ਨੂੰ ਭੁਲਾ ਕੇ ਅਸੀਂ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਔਝੜ ਰਾਹਾਂ ਦੇ ਸ਼ਿਕਾਰ ਹੋ ਜਾਵਾਂਗੇ। ਮੁੱਖ ਧਾਰਾ ਦੀ ਗੱਲ ਕਰਨ ਵਾਲ਼ੀ ਅਕਾਲੀ ਰਾਜਨੀਤੀ ਇਸ ਦੀ ਪ੍ਰਤੱਖ ਮਿਸਾਲ ਹੈ। ਇਤਿਹਾਸ ਵਿੱਚ ਅਕਾਲੀ ਆਗੂਆਂ ਨੇ ਜਦ ਤਕ ਖ਼ਾਲਸਾ ਰਾਜ ਦੀ ਇੱਛਾ ਨੂੰ ਮਰਨ ਨਹੀਂ ਦਿੱਤਾ, ਓਦੋਂ ਤਕ ਸਿੱਖ ਰਾਜਨੀਤੀ ਸਿਧਾਂਤਕ ਲੀਹਾਂ ਉੱਪਰ ਟਿਕੀ ਰਹੀ, ਪਰ ਜਦੋਂ ਅਕਾਲੀ ਆਗੂਆਂ ਨੇ ਇਸ ਇੱਛਾ ਨੂੰ ਤਿਆਗ ਕੇ ਖ਼ੁਦਗ਼ਰਜ਼ੀ ਵਾਲ਼ੀ ਸਿਆਸਤ ਫੜ ਲਈ ਤਾਂ ਉਸ ਦੇ ਖ਼ਮਿਆਜ਼ੇ ਵਜੋਂ ਹੀ ਸਿੱਖ ਰਾਜਨੀਤੀ ਨੂੰ ਮੌਜੂਦਾ ਸੰਕਟ ਦੇਖਣਾ ਪੈ ਰਿਹਾ ਹੈ। ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਕਿ 1947 ਵਿੱਚ ਜਿਸ ਇਤਿਹਾਸਕ ਫੇਰ- ਬਦਲ ਮੌਕੇ ਅਸੀਂ ਭਾਰਤ ਦੇ ਮੌਜੂਦਾ ਰਾਜਸੀ ਢਾਂਚੇ ਵਿੱਚ ਫਸ ਗਏ ਸੀ, ਪਰ ਅਜੋਕੇ ਸਮੇਂ ਸੰਸਾਰ ਪੱਧਰ ਉੱਪਰ ਦੁਬਾਰਾ ਉੱਭਰ ਕੇ ਆਈ ਵੱਡੀ ਉਥੱਲ-ਪੁਲ ਹੀ ਸਾਡੀ ਰਾਜਸੀ ਹੋਣੀ ਲਈ ਨਵੀਂਆਂ ਸੰਭਾਵਨਾਵਾਂ ਲੈ ਕੇ ਆਵੇਗੀ।
ਖ਼ਾਲਸਾ ਜੀ, ਜਿਹੜੀ ਹਕੂਮਤ, ਜਿਹੜਾ ਸਿਸਟਮ ਸਾਡੇ ਵੀਰਾਂ ਨੂੰ ਸਜ਼ਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਰਿਹਾਅ ਕਰਨ ਲਈ ਤਿਆਰ ਨਹੀਂ, ਉਸ ਤੋਂ ਕਿਸੇ ਵੀ ਤਰ੍ਹਾਂ ਇਨਸਾਫ਼ ਦੀ ਆਸ ਨਹੀਂ ਰੱਖੀ ਜਾ ਸਕਦੀ। ਨਾ ਹੀ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਥਾਲ਼ੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹਨਾਂ ਦੇ ਹੱਕ ਦੇ ਦੇਵੇਗੀ। ਇਹ ਹਕੂਮਤ ਅਤੇ ਸਿਸਟਮ ਤਾਂ ਸਾਡੀ ਹੋਂਦ ਨੂੰ ਹੀ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੁੰਦਾ ਹੈ। ਜੂਨ 1984 ਅਤੇ ਨਵੰਬਰ 1984 ਦੇ ਘੱਲੂਘਾਰੇ ਅਤੇ ਹੁਣ ਨਸ਼ਿਆਂ ਨੂੰ ਹਥਿਆਰ ਬਣਾ ਕੇ ਕੀਤੀ ਜਾ ਰਹੀ ਨਸਲਕੁਸ਼ੀ ਇਸ ਦੀ ਪ੍ਰਤੱਖ ਮਿਸਾਲ ਹੈ। ਅਸੀਂ ਆਪਣੀ ਕੌਮੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਹੈ। ਹਰ ਹਾਲਾਤ ਅੰਦਰ ਚੜ੍ਹਦੀ ਕਲਾ ਅਤੇ ਗੁਰੂ ਉੱਪਰ ਭਰੋਸਾ ਹੀ ਸਾਨੂੰ ਸਾਡੀ ਮੰਜ਼ਿਲ ਤਕ ਲੈ ਕੇ ਜਾਵੇਗਾ। ਪੰਥਕ ਜਜ਼ਬਾ ਅਤੇ ਸਿੱਖ ਇਖ਼ਲਾਕ ਦੀ ਬੁਲੰਦੀ ਜੇਕਰ ਸਾਡੀ ਪੂੰਜੀ ਹੋਣਗੇ ਤਾਂ ਗੁਰੂ ਸਾਡੇ ਹਮੇਸ਼ਾਂ ਅੰਗ ਸੰਗ ਹੋਵੇਗਾ। ਗੁਰੂ ਦੀ ਅਸੀਸ ਸਦਕਾ ਹੀ ਖ਼ਾਲਸਾ ਹਰ ਮੈਦਾਨ ਫ਼ਤਿਹ ਕਰੇਗਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ਼ ਇਹ ਬਚਨ ਕੀਤਾ ਹੋਇਆ ਕਿ ਖ਼ਾਲਸਾ ਜਦ ਤਕ ਆਪਣੀ ਨਿਆਰੀ ਹਸਤੀ ਨੂੰ ਬਰਕਰਾਰ ਰੱਖੇਗਾ ਤਾਂ ਗੁਰੂ ਸਾਹਿਬ ਆਪਣੀ ਬਖ਼ਸ਼ਿਸ਼ ਰੂਪੀ ਤਾਕਤ ਖ਼ਾਲਸੇ ਦੀ ਝੋਲ਼ੀ ਪਾਉਂਦੇ ਰਹਿਣਗੇ। ਭਵਿੱਖ ਵਿੱਚ ਸਮੇਂ-ਸਮੇਂ ਤੁਹਾਡੇ ਨਾਲ਼ ਵਿਚਾਰਾਂ ਦੀ ਸਾਂਝ ਪਾਉਣ ਦਾ ਵਾਅਦਾ ਕਰਦਾ ਹੋਇਆ ਫ਼ਤਿਹ ਬੁਲਾਉਂਦਾ ਹਾਂ।
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਗੁਰੂ ਪੰਥ ਦਾ ਦਾਸ, ਅੰਮ੍ਰਿਤਪਾਲ ਸਿੰਘ ਖ਼ਾਲਸਾ (ਨਜ਼ਰਬੰਦ ਡਿਬਰੂਗੜ ਜੇਲ੍ਹ)

LEAVE A REPLY

Please enter your comment!
Please enter your name here