ਬਾਬਾ ਵਿਸਾਖਾ ਸਿੰਘ ਦਦੇਹਰ ਤੇ ਉਹਨਾ ਦੇ ਮਹਾਨ ਸਾਥੀ ਗਦਰੀ ਬਾਬਿਆਂ ਦੀ ਮਿੱਠੀ ਯਾਦ ਵਿੱਚ ਗੁਰੂ ਘਰ ਸਿਲਮਾ ਵਿਖੇ ਸਮਾਗਮ

0
394

ਫਰਿਜ਼ਨੋ (ਕੈਲੀਫੋਰਨੀਆਂ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਗਦਰੀ ਬਾਬਿਆਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਉਹਨਾਂ ਦੇ ਸਾਥੀ ਗਦਰੀ ਬਾਬਿਆਂ ਦੀ ਮਿੱਠੀ ਯਾਦ ਵਿੱਚ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਦੇ ਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿੱਕ ਸਹਿਬ ਵਿੱਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਸ. ਭਰਪੂਰ ਸਿੰਘ ਦੇ ਪਰਿਵਾਰ ਵੱਲੋਂ 3 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਅਖੰਡ-ਪਾਠ ਸ਼ੁਰੂ ਕਰਵਾਏ ਗਏ ਅਤੇ 5 ਦਸੰਬਰ ਦਿਨ ਐਂਤਵਾਰ ਨੂੰ ਬਾਬਾ ਜੀ ਦੀ ਬਰਸੀ ਮੌਕੇ ਸ੍ਰੀ ਅਖੰਡ-ਪਾਠ ਸਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਮੀਤ ਸਿੰਘ ਨੇ ਰੱਬੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਿੰਸੀਪਲ ਸਵਰਨ ਸਿੰਘ ਗੁਰਮਤਿ ਕਾਲਜ ਪਟਿਆਲ਼ਾ ਨੇ ਬਾਬਾ ਜੀ ਦੇ ਜੀਵਨ ਤੇ ਪੰਛੀ ਝਾਤ ਪਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਪਹੁੰਚਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆ। ਸ. ਬਲਵਿੰਦਰ ਸਿੰਘ ਭਾਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬਾਬਾ ਵਿਸਾਖਾਂ ਸਿੰਘ ਜੀ ਦਾ ਜਨਮ 13 ਅਪ੍ਰੈਲ 1877 ਵਿੱਚ ਪਿੰਡ ਦਦੇਹਰ ਜਿਲ੍ਹਾ ਤਰਨਤਾਰਨ ਵਿੱਚ ਹੋਇਆ। ਆਪ ਨੇ ਫੌਜ ਦੀ ਨੌਕਰੀ ਵੀ ਕੀਤੀ ਅਤੇ ਉਪਰੰਤ 1909 ਵਿੱਚ ਨੌਕਰੀ ਛੱਡਕੇ ਅਮਰੀਕਾ ਆ ਗਏ। ਇੱਥੇ ਆਕੇ ਉਹ ਬਾਬਾ ਜਵਾਲਾ ਸਿੰਘ ਜੀ ਦੇ ਸੰਪਰਕ ਵਿੱਚ ਆਏ ਅਤੇ ਦੇਸ਼ ਦੀ ਅਜ਼ਾਦੀ ਲਈ ਗ਼ਦਰ ਪਾਰਟੀ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ। ਇਸ ਮੌਕੇ ਉਹਨਾਂ ਦੀ ਮੁਲਾਕਾਤ ਬਾਬਾ ਸੋਹਨ ਸਿੰਘ ਭਕਨਾਂ ਅਤੇ ਹੋਰ ਗਦਰੀ ਬਾਬਿਆਂ ਨਾਲ ਹੁੰਦੀ ਰਹੀ। ਇਸ ਉਪਰੰਤ ਬਾਬਾ ਜੀ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 7 ਜਨਵਰੀ 1915 ਨੂੰ ਆਪਣੇ ਸਾਥੀਆ ਸਮੇਤ ਇੰਡੀਆ ਆ ਗਏ। ਇਸ ਮੌਕੇ ਮੀਆਂ ਮੀਰ ਸ਼ਾਉਣੀ ਲਹੌਰ ਤੇ ਹਮਲੇ ਦੌਰਾਨ ਬਾਬਾ ਵਿਸਾਖਾ ਸਿੰਘ ਦੀ ਆਪਣੇ ਸਾਥੀਆ ਬਾਬਾ ਬਿਸ਼ਨ ਸਿੰਘ, ਬਾਬਾ ਹਜ਼ਾਰਾ ਸਿੰਘ, ਭਾਈ ਬਿਸ਼ਨ ਸਿੰਘ ਅਤੇ ਭਾਈ ਵਿਸਾਖਾ ਸਿੰਘ ਨਾਲ ਗ੍ਰਿਫਤਾਰ ਹੋ ਗਏ, ਅਤੇ ਅੰਗਰੇਜ਼ ਸਰਕਾਰ ਨੇ ਇਹਨਾਂ ਦੀ ਜਾਇਦਾਦ ਜ਼ਬਤ ਕਰਕੇ ਇਹਨਾਂ ਨੂੰ ਅੰਡੇਮਾਨ ਜ਼ੇਲ ਵਿੱਚ ਭੇਜ ਦਿੱਤਾ। ਜਿੱਥੇ ਬਾਬਾ ਜੀ ਟੀਬੀ ਵਰਗੀ ਭਿਆਨਕ ਬਿਮਾਰੀ ਤੋ ਪੀੜਤ ਹੋ ਗਏ। 1920 ਵਿੱਚ ਬਾਬਾ ਵਿਸਾਖਾ ਸਿੰਘ ਜ਼ੇਲ੍ਹ ਵਿੱਚੋਂ ਰਿਹਾ ਹੋਏ ਅਤੇ ਉਹਨਾਂ ਬਿਮਾਰੀ ਦੀ ਪ੍ਰਵਾਹ ਕੀਤੇ ਬਿਨਾ ਆਪਣੀਆਂ ਗਤੀਵਿਧੀਆ ਜਾਰੀ ਰੱਖੀਆ। 1934 ਵਿੱਚ ਆਪ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਵੀ ਬਣੇ। ਦੇਸ਼ ਨੂੰ ਅਜ਼ਾਦ ਕਰਵਾਉਣ ਉਪਰੰਤ 5 ਦਸੰਬਰ 1957 ਨੂੰ ਬਾਬਾ ਜੀ ਅਕਾਲ ਚਲਾਣਾ ਕਰ ਗਏ। ਬਲਵਿੰਦਰ ਸਿੰਘ ਭਾਊ ਨੇ ਦੱਸਿਆ ਕਿ ਬਾਬਾ ਵਿਸਾਖਾ ਸਿੰਘ ਦੀ ਯਾਦ ਵਿੱਚ ਹਰ ਸਾਲ ਪਿੰਡ ਦਦੇਹਰ ਵਿੱਚ ਮੇਲਾ ਲਗਦਾ ਹੈ ਅਤੇ ਪਿੰਡ ਵਿੱਚ ਬਾਬਾ ਜੀ ਦੇ ਨਾਮ ਤੇ ਅਕਾਲ ਅਕੈਡਮੀ ਬੜੂ ਸਹਿਬ ਵੱਲੋਂ ਸਕੂਲ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿਹਾ ਕਿ ਸਬਰ, ਸੰਤੋਖਾ, ਤਿਆਗ ਦੀ ਮੂਰਤ ਬਾਬਾ ਵਿਸਾਖਾ ਸਿੰਘ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।

LEAVE A REPLY

Please enter your comment!
Please enter your name here