ਬਾਲ ਵਿਗਿਆਨ ਕਾਂਗਰਸ ਦੇ ਮੁਕਾਬਲਿਆਂ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

0
160

ਤਰਨਤਾਰਨ -ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਅਧੀਨ ਕੰਮ ਕਰ ਰਹੀ ਨੈਸ਼ਨਲ ਕੌਂਸਿਲ ਫਾਰ ਸਾਇੰਸ,ਤਕਨਾਲੋਜੀ ਅਤੇ ਕਮਿਊਨੀਕੇਸਨ ਵੱਲੋਂ ਚਲਾਏ ਜਾਂਦੇ ਪਰੋਜੈਕਟ ਬਾਲ ਵਿਗਿਆਨ ਕਾਂਗਰਸ ਦੇ 31ਵੇਂ ਮੁਕਾਬਲਿਆਂ ਦੀ ਤਿਆਰੀ ਲਈ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੀਲੋਜੀ ਚੰਡੀਗੜ ਵੱਲੋਂ ਜਾਰੀ ਥੀਮ “ਅੰਡਰਸਟੈਂਡਿੰਗ ਈਕੋ ਸਿਸਟਮ ਫਾਰ ਹੈਲਥ ਐਂਡ ਵੈੱਲ ਬੀਇੰਗ” ਤਹਿਤ ਇਕ ਰੋਜ਼ਾ ਵਰਕਸ਼ਾਪ ਜਿਲ਼ਾ ਸਿੱਖਿਆ ਅਫਸਰ (ਸਸ) ਤਰਨ ਤਾਰਨ ਸ.ਸਤਨਾਮ ਸਿੰਘ ਬਾਠ ਦੀ ਨਿਰਦੇਸ਼ਨਾ ਹੇਠ ਸਰਕਾਰੀ ਹਾਈ ਸਕੂਲ ਲੜਕੇ ਕੈਰੋਂ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨਾਲੋਜੀ ਚੰਡੀਗੜ ਵੱਲੋਂ ਗਠਿਤ ਟੀਮ ਨੇ ਜਿਲਾ ਕੋਆਰਡੀਨੇਟਰ ਕਸ਼ਮੀਰ ਸਿੰਘ ਸੰਧੂ ਦੀ ਅਗਵਾਈ ਹੇਠ ਪਹੁੰਚ ਕੇ ਹਾਜ਼ਰ ਸਾਇੰਸ ਅਧਿਆਪਕਾਂ ਨੂੰ ਬਾਲ ਵਿਗਿਆਨ ਕਾਂਗਰਸ ਦੇ ਪਰੋਜੈਕਟ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ।ਇਸ ਮੌਕੇ ‘ਤੇ ਜ਼ਿਲ੍ਹਾ ਕੋਆਰਡੀਨੇਟਰ ਨੇ ਇਸ ਵਿਗਿਆਨ ਕਾਂਗਰਸ ਵਿੱਚ ਭਾਗ ਲੈਣ ਲਈ ਦੱਸਿਆ ਕਿ 10 ਤੋਂ 14 ਸਾਲ ਦੇ ਵਿਦਿਆਰਥੀ ਜੂਨੀਅਰ ਗਰੁੱਪ ਅਤੇ 14 ਤੋਂ 17 ਸਾਲ ਦੇ ਵਿਦਿਆਰਥੀ ਸੀਨੀਅਰ ਗਰੁੱਪ ਵਿੱਚ ਭਾਗ ਲੈ ਸਕਦੇ ਹਨ।ਇਹ ਉਮਰ ਹਰ ਸਾਲ ਇਕੱਤੀ ਦਸੰਬਰ ਨੂੰ ਧਿਆਨ ਵਿੱਚ ਰੱਖ ਕੇ ਵੇਖੀ ਜਾਂਦੀ ਹੈ।ਦੋ ਵਿਦਿਆਰਥੀਆ ‘ਤੇ ਆਧਾਰਿਤ ਟੀਮ ਵੱਲੋਂ ਆਪਣੇ ਗਾਈਡ ਅਧਿਆਪਕ ਦੀ ਅਗਵਾਈ ਹੇਠ ਥੀਮ ਨਾਲ ਸੰਬੰਧਿਤ ਪੰਜ ਸਬ ਥੀਮਾਂ ਨਾਲ ਸੰਬੰਧਿਤ ਕਿਸੇ ਸਮੱਸਿਆ ਨੂੰ ਲੈਕੇ ਖੋਜ ਕਾਰਜ ਕੀਤਾ ਜਾਂਦਾ ਹੈ।ਇਸ ਬਾਰੇ ਇਕ ਰਿਪੋਰਟ ਨਿਰਧਾਰਿਤ ਵਿਧੀ ਵਿਧਾਨ ਅਨੁਸਾਰ ਤਿਆਰ ਕਰਕੇ ਜਿਲਾ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਪੇਸ਼ ਕੀਤੀ ਜਾਂਦੀ ਹੈ ਜਿੱਥੋਂ ਫਿਰ ਛੇ ਟੀਮਾਂ ਦੀ ਚੋਣ ਕਰਕੇ ਸਟੇਟ ਪੱਧਰ ਲਈ ਭੇਜਿਆ ਜਾਂਦਾ ਹੈ।ਇਸ ਸਮੇਂ ਆਈ ਟੀਮ ਵਿੱਚ ਸਾਮਲ ਲੈਕਚਰਾਰ ਸਰਤਾਜ ਸਿੰਘ ਨੇ ਪਹਿਲੇ ਦੋ ਸਬ ਥੀਮਾਂ ਬਾਰੇ ਇਕ ਵਿਸਥਾਰਿਤ ਪਰਚਾ ਪੜਿਆ। ਦੂਸਰੇ ਰਿਸੋਰਸ ਪਰਸਨ ਬਲਜੀਤ ਸਿੰਘ ਵੱਲੋਂ ਤੀਸਰੇ ਤੇ ਚੌਥੇ ਸਬ ਥੀਮ ਬਾਰੇ ਚਾਨਣਾ ਪਾਇਆ।ਸ੍ਰੀ ਰਕੇਸ਼ ਵਿਸਵਕਰਮਾ ਰਿਸੋਰਸ ਪਰਸਨ ਨੇ ਪਰੋਜੈਕਟ ਦੀ ਮੁਲਾਂਕਣ ਵਿਧੀ ਬਾਰੇ ਜਾਣਕਾਰੀ ਦੱਸੀ ਤੇ ਸਮਝਾਇਆ ਕਿ ਚੰਗੇ ਪ੍ਰਾਜੈਕਟ ਲਈ ਵੱਧ ਤੋਂ ਵੱਧ ਅੰਕ ਹਾਸਲ ਕਰਨ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ।ਗੁਰਪ੍ਰੀਤ ਸਿੰਘ ਸਾਇੰਸ ਮਾਸਟਰ ਰਿਸੋਰਸ ਪਰਸਨ ਵੱਲੋਂ ਪੰਜਵੇਂ ਸਬ ਥੀਮ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਜਿਲਾ ਤਰਨ ਤਾਰਨ ਦੇ ਸਾਬਕਾ ਡੀ.ਐਸ.ਐਸ ਤੇ ਮੌਜੂਦਾ ਪ੍ਰਿੰਸੀਪਲ ਸ.ਸ.ਸ.ਸ ਵੇਈਂ ਪੂਈਂ ਤੇਜਿੰਦਰ ਸਿੰਘ ਵੱਲੋਂ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਸਾਰੇ ਹਾਜ਼ਰ ਅਧਿਆਪਕਾਂ ਨੂੰ ਇਸ ਪ੍ਰਾਜੈਕਟ ਨਾਲ ਜੁੜ ਕੇ ਵਿਦਿਆਰਥੀਆ ਵਿੱਚ ਵਿਗਿਆਨਿਕ ਚੇਤਨਾ ਪੈਦਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਸਕੂਲ ਦੇ ਹੈਡਮਾਸਟਰ ਗੁਰਪ੍ਰਤਾਪ ਸਿੰਘ ਧਨੋਆ ਵੱਲੋਂ ਆਏ ਹੋਏ ਸਮੂਹ ਅਧਿਆਪਕਾਂ ਅਤੇ ਕੌਂਸਲ ਦੀ ਟੀਮ ਦਾ ਨਿੱਘਾ ਸੁਆਗਤ ਕੀਤਾ ਤੇ ਸਭ ਨੂੰ ਜੀ ਆਇਆ ਨੂੰ ਕਿਹਾ ਗਿਆ।ਇਸ ਸਮੇਂ ਸਕੂਲ ਵੱਲੋਂ ਚਾਹ ਪਾਣੀ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ ਗਿਆ।

LEAVE A REPLY

Please enter your comment!
Please enter your name here