ਬਿਕਰਮ ਮਜੀਠੀਆ ਦੀ ਸੁਰੱਖਿਆ ‘ਚ ਕਟੌਤੀ ‘ਤੇ ਹਰਪਾਲ ਚੀਮਾ ਦਾ ਤੀਖਾ ਹਮਲਾ : ਅਕਾਲੀ-ਭਾਜਪਾ ਸਰਕਾਰ ‘ਚ ਡਰੱਗ ਮਾਫ਼ੀਆ ਨੂੰ ਦਿੱਤੀ ਗਈ ਸੀ ਭਾਰੀ ਸੁਰੱਖਿਆ

0
40

ਬਿਕਰਮ ਮਜੀਠੀਆ ਦੀ ਸੁਰੱਖਿਆ ‘ਚ ਕਟੌਤੀ ‘ਤੇ ਹਰਪਾਲ ਚੀਮਾ ਦਾ ਤੀਖਾ ਹਮਲਾ : ਅਕਾਲੀ-ਭਾਜਪਾ ਸਰਕਾਰ ‘ਚ ਡਰੱਗ ਮਾਫ਼ੀਆ ਨੂੰ ਦਿੱਤੀ ਗਈ ਸੀ ਭਾਰੀ ਸੁਰੱਖਿਆ

ਬਹੁਤ ਹੈਰਾਨੀ ਦੀ ਗੱਲ ਹੈ ਕਿ ਇਕ ਵਿਅਕਤੀ ਦੀ ਸੁਰੱਖਿਆ ਘਟਣ ‘ਤੇ ਅਕਾਲੀ-ਭਾਜਪਾ-ਕਾਂਗਰਸ ਤਿੰਨੋਂ ਪਾਰਟੀਆਂ ਐਨੀ ਬੇਚੈਨ ਅਤੇ ਚਿੰਤਤ ਕਿਉਂ ਹਨ -ਚੀਮਾ

ਚੰਡੀਗੜ੍ਹ, 2 ਅਪ੍ਰੈਲ

ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਸੁਰੱਖਿਆ ‘ਚ ਕਟੌਤੀ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ  ਅਕਾਲੀ-ਭਾਜਪਾ ਅਤੇ ਕਾਂਗਰਸ ਤਿੰਨੋਂ ਪਾਰਟੀਆਂ ਇਕ ਵਿਅਕਤੀ ਦੀ ਸੁਰੱਖਿਆ ‘ਚ ਕਟੌਤੀ ਹੋਣ ਕਾਰਨ ਬੇਚੈਨ ਹੋ ਗਈਆਂ ਹਨ।

ਹਰਪਾਲ ਚੀਮਾ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ-ਭਾਜਪਾ ਦੀ ਸਰਕਾਰ ਸੀ ਤਾਂ ਡਰੱਗ ਮਾਫ਼ੀਆ ਨੇ ਆਪਣਾ ਜਾਲ ਫੈਲਾਇਆ ਅਤੇ ਪੰਜਾਬ ਵਿੱਚ ਨਸ਼ਿਆਂ ਦੀ ਭਰਪੂਰ ਸਪਲਾਈ ਹੋਈ। ਉਸ ਸਮੇਂ ਕਈ ਅਕਾਲੀ ਆਗੂਆਂ ਨੂੰ ਭਾਰੀ ਸੁਰੱਖਿਆ ਦਿੱਤੀ ਗਈ ਸੀ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਪੱਧਰ ਦੀ ਸੁਰੱਖਿਆ ਵੀ ਦਿੱਤੀ ਗਈ ਸੀ ਪਰ ਇਹ ਸੁਰੱਖਿਆ ਉਨ੍ਹਾਂ ਲੋਕਾਂ ਨੂੰ ਵੀ ਦਿੱਤੀ ਗਈ ਸੀ ਜੋ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ।

ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਡਰੱਗ ਮਾਫ਼ੀਆ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਲੜਾਈ ਲੜ ਰਹੀ ਹੈ। ਸਾਡਾ ਹਮੇਸ਼ਾ ਇਹ ਸੰਕਲਪ ਰਿਹਾ ਹੈ ਕਿ ਅਸੀਂ ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਾਂਗੇ।

ਚੀਮਾ ਨੇ ਕਿਹਾ ਕਿ ਇਕ ਪਾਸੇ ‘ਆਪ’ ਸਰਕਾਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਯਤਨਸ਼ੀਲ ਹੈ, ਜਦਕਿ ਦੂਜੇ ਪਾਸੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਉਨ੍ਹਾਂ ਲੋਕਾਂ ਲਈ ਆਵਾਜ਼ ਉਠਾ ਰਹੀ ਹੈ, ਜਿਨ੍ਹਾਂ ਦੇ ਨਾਂ ਵੱਡੇ ਨਸ਼ਾ ਤਸਕਰਾਂ ਦੀ ਸੂਚੀ ‘ਚ ਆਉਂਦੇ ਹਨ ਅਤੇ ਜਿਨ੍ਹਾਂ ਦੀ ਬਦੌਲਤ ਪੰਜਾਬ ‘ਚ ਨਸ਼ੇ ਦਾ ਸਾਮਰਾਜ ਸਥਾਪਿਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕੋਈ ਵਿਅਕਤੀ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਅਸੀਂ ਉਨ੍ਹਾਂ ਮਾਵਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ ਨੌਜਵਾਨਾਂ ਦੀ ਮਦਦ ਕਰਾਂਗੇ ਜਿਨ੍ਹਾਂ ਦੇ ਪੁੱਤ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਚੀਮਾ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਵਿੱਚੋਂ ਡਰੱਗ ਮਾਫ਼ੀਆ ਖ਼ਤਮ ਹੋਵੇ। ਇਹ ਲੋਕ ਪੰਜਾਬ ਨੂੰ ਤਬਾਹੀ ਵੱਲ ਧੱਕਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਅੱਜ ਉਹ ਬੇਚੈਨ ਹੋ ਰਹੇ ਹਨ।

LEAVE A REPLY

Please enter your comment!
Please enter your name here