ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਨੂੰ ਬਚਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ
28 ਅਗਸਤ ਨੂੰ ਗੁਰਦਿੱਤ ਸੇਖੋਂ ਦੇ ਘਰ ਦਾ ਘਿਰਾਓ ਦਾ ਐਲਾਨ
ਦਲਜੀਤ ਕੌਰ
ਫਰੀਦਕੋਟ, 23 ਅਗਸਤ, 2024:
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚੋਂ ਖੇਤੀਬਾੜੀ ਦੇ ਕੋਰਸ ਦੀ ਮਾਨਤਾ ਰੱਦ ਕਰਕੇ ਕੋਰਸ ਨੂੰ ਪ੍ਰਾਈਵੇਟ ਕਰ ਦਿੱਤਾ ਹੈ।
ਜਿਕਰ ਯੋਗ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਖੇਤੀਬਾੜ੍ਹੀ ਦੀ ਪੜ੍ਹਾਈ ਦੀ ਮਾਨਤਾ ਬਹਾਲ ਕਰਵਾਉਣ ਅਤੇ ਕੋਰਸ ਨੂੰ ਮੁੜ ਤੋਂ ਸਰਕਾਰੀ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਅਤੇ 18 ਦਿਨਾਂ ਤੋਂ ਕਾਲਜ ਅੰਦਰ ਪੱਕਾ ਧਰਨਾ ਚਲ ਰਿਹਾ ਹੈ। ਇਸ ਸੰਘਰਸ਼ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਮੈਦਾਨ ‘ਚ ਕੁੱਦਣ ਦਾ ਫ਼ੈਸਲਾ ਕਰ ਲਿਆ ਹੈ ਅਤੇ 28 ਅਗਸਤ ਨੂੰ ਕਿਸਾਨਾਂ ਦਾ ਵਿਸ਼ਾਲ ਇਕੱਠ ਕਰਕੇ ਸ਼ਹਿਰ ਵਿੱਚ ਮੁਜਾਹਰਾ ਕਰਕੇ ਗੁਰਦਿੱਤ ਸੇਖੋਂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ!
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕਿਹਾ ਕੇ ਸਰਕਾਰੀ ਬ੍ਰਿਜਿੰਦਰਾ ਕਾਲਜ, ਪੰਜਾਬ ਦਾ ਇੱਕੋ ਇੱਕ ਸਰਕਾਰੀ ਕਾਲਜ ਸੀ ਜਿੱਥੇ ਖੇਤੀਬਾੜ੍ਹੀ ਦੀ ਪੜ੍ਹਾਈ ਸਰਕਾਰੀ ਸੀ। ਲੰਬੇ ਸਮੇਂ ਤੋਂ ਸਰਕਾਰ ਖੇਤੀਬਾੜ੍ਹੀ ਦੀ ਪੜ੍ਹਾਈ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਕਾਂਗਰਸ ਸਰਕਾਰ ਨੇ ਖੇਤੀਬਾੜੀ ਦੇ ਕੋਰਸ ਲਈ ਰੱਖੀ ਜ਼ਮੀਨ ਨੂੰ ਖੋਹਣ ਦੀ ਕੋਸ਼ਿਸ਼ ਵੀ ਕੀਤੀ, ਜਥੇਬੰਦੀਆਂ ਦੇ ਭਾਰੀ ਵਿਰੋਧ ਕਰਕੇ ਇਸ ਫੈਂਸਲੇ ਨੂੰ ਸਰਕਾਰ ਨੇ ਵਾਪਿਸ ਲੈਅ ਲਿਆ। ਤਿੰਨ ਸਾਲ ਪਹਿਲਾਂ ਕੋਰਸ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਖਿਲ਼ਾਫ ਵੱਖ-ਵੱਖ ਜਥੇਬੰਦੀਆਂ ਸੰਘਰਸ਼ ਕਰਦੀਆਂ ਰਹੀਆਂ, ਜਿਸ ਵਿੱਚ ਆਮ ਆਦਮੀਂ ਪਾਰਟੀ ਵੀ ਸ਼ਮੂਲਿਅਤ ਕਰਦੀ ਰਹੀ। ਪਿਛਲੇ ਸਾਲ ਖੇਤੀਬਾੜੀ ਦੀ ਪੜ੍ਹਾਈ ਮੁੜ ਤੋਂ ਸ਼ੁਰੂ ਹੋਈ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਾਕੀ ਸਰਕਾਰਾਂ ਵਾਂਗ ਇਸ ਕੋਰਸ ਨੂੰ ਬੰਦ ਕਰ ਰਹੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਅਗਸਤ ਨੂੰ ਫ਼ਰੀਦਕੋਟ ਦੇ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਦੇ ਘਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ, ਕੁੱਲ ਹਿੰਦ ਕਿਸਾਨ ਸਭਾ ਦੇ ਸੁਖਜਿੰਦਰ ਸਿੰਘ ਤੂੰਬੜਭੰਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲਾ ਆਗੂ ਭੁਪਿੰਦਰ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਨਿੱਜੀਕਰਨ ਕਰ ਕੇ ਆਮ ਲੋਕਾਂ ਤੋਂ ਪੜ੍ਹਾਈ ਖੋਹ ਰਹੀ ਹੈ। ਪਹਿਲਾਂ 8 ਸਰਕਾਰੀ ਕਾਲਜਾਂ ਨੂੰ ਖ਼ੁਦਮੁਖਤਿਆਰੀ ਦੇ ਨਾਮ ਤੇ ਪ੍ਰਾਈਵੇਟ ਕੀਤਾ ਜਾ ਰਿਹਾ ਸੀ, ਜਿਸ ਖਿਲ਼ਾਫ ਸੰਯੁਕਤ ਕਿਸਾਨ ਮੋਰਚਾ ਅਤੇ ਵਿਦਿਆਰਥੀ ਅਧਿਆਪਕ ਯੂਨੀਅਨਾਂ ਵਿਰੋਧ ਕਰ ਰਹੀਆਂ ਸਨ ਜਿਸ ਤੋਂ ਬਾਅਦ ਅੱਜ ਸਰਕਾਰ ਨੇ ਆਪਣਾ ਫ਼ੈਸਲਾ ਵਾਪਿਸ ਲੈਅ ਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਆਗੂ ਜੋਰਾ ਸਿੰਘ ਭਾਣਾ, ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਜ਼ਿਲਾ ਆਗੂ ਜਗਸੀਰ ਸਿੰਘ ਸਾਧੂ ਵਾਲਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਹਰੀਏਵਾਲਾ ਅਤੇ ਭਰਤੀ ਕਿਸਾਨ ਯੂਨੀਅਨ ਡਕੌਂਦਾ (ਗਿੱਲ) ਦੇ ਜ਼ਿਲਾ ਆਗੂ ਸੁਖਦੇਵ ਸਿੰਘ ਬਹਿਬਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਸਿੱਖਿਆ ਸਿਹਤ ਅਤੇ ਰੁਜ਼ਗਾਰ ਦਾ ਨਾਹਰਾ ਦੇ ਕੇ ਸੱਤਾ ਵਿਚ ਆਈ ਸੀ ਪਰ ਹਰ ਖ਼ੇਤਰ ਵਿੱਚ ਹੀ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਹੀ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਮੰਤਰੀ ਕੁਲਤਾਰ ਸਿੰਘ ਸੰਧਵਾਂ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਹਨ ਪਰ ਉਹ ਆਪਣੇ ਹੀ ਇਲਾਕੇ ਵਿਚ ਖੇਤੀਬਾੜੀ ਦੀ ਪੜ੍ਹਾਈ ਨੂੰ ਬਚਾ ਨਹੀਂ ਰਹੇ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਰਾਜਬੀਰ ਸਿੰਘ ਸੰਧਵਾਂ, ਮੁਲਾਜ਼ਮ ਆਗੂ ਕੁਲਦੀਪ ਕੁਮਾਰ ਸ਼ਰਮਾ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਬੀਐੱਸਸੀ ਐਗਰੀਕਲਚਰ ਦੀ ਪੜ੍ਹਾਈ ਦੀ ਮਾਨਤਾ ਨੂੰ ਮੁੜ ਤੋਂ ਬਹਾਲ ਕਰਕੇ ਸਰਕਾਰੀ ਕਰੇ ਅਤੇ ਕੋਰਸ ਨੂੰ ਚਲਾਉਣ ਦੀਆਂ ਸਾਰੀਆਂ ਸ਼ਰਤਾਂ ਸਰਕਾਰ ਪੂਰੀਆਂ ਕਰੇ।
ਇਹਨਾਂ ਮੰਗਾਂ ਨੂੰ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਕੌਰ, ਜਸਨੀਤ ਸਿੰਘ, ਅੰਮ੍ਰਿਤਪਾਲ ਸਿੰਘ ਨੇ ਸੰਘਰਸ਼ਸੀਲ ਲੋਕਾਂ ਨੂੰ 28 ਅਗਸਤ ਦਿਨ ਬੁੱਧਵਾਰ ਨੂੰ ਦਰਬਾਰ ਗੰਜ ਫ਼ਰੀਦਕੋਟ ਵਿੱਚ ਸਵੇਰੇ 10 ਵਜੇ ਪਹੁੰਚਣ ਦੀ ਅਪੀਲ ਕੀਤੀ।