ਬੀਕੇਯੂ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਗਵਰਨਰ ਹਾਊਸ ਵੱਲ ਵਿਸ਼ਾਲ ਔਰਤ ਮਾਰਚ ਕਰਨ ਦਾ ਐਲਾਨ

0
123

ਪਹਿਲਵਾਨਾਂ ਦੇ ਹੱਕ ‘ਚ ਅਤੇ ਡਾਕਟਰ ਨਵਸ਼ਰਨ ਨੂੰ ਝੂਠੇ ਕੇਸ ਚ ਫਸਾਉਣ ਦੇ ਯਤਨਾਂ ਵਿਰੁੱਧ ਹੋਵੇਗਾ ਮਾਰਚ

ਚੰਡੀਗੜ੍ਹ, 25 ਮਈ, 2023: ਮਹਿਲਾ ਪਹਿਲਵਾਨਾਂ ਦੇ ਘੋਲ ਦੀ ਹਮਾਇਤ ‘ਚ ਅਤੇ ਡਾਕਟਰ ਨਵਸ਼ਰਨ ਨੂੰ ਮੋਦੀ ਸਰਕਾਰ ਵੱਲੋਂ ਝੂਠੇ ਕੇਸ ‘ਚ ਫਸਾਉਣ ਦੇ ਯਤਨਾਂ ਵਿਰੁੱਧ ਭਾਕਿਯੂ (ਏਕਤਾ-ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 28 ਮਈ ਨੂੰ ਪੰਜਾਬ ਗਵਰਨਰ ਹਾਊਸ ਵੱਲ ਵਿਸ਼ਾਲ ਔਰਤ ਮਾਰਚ ਕਰਕੇ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਜਾਣਕਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਦਿੱਤੀ ਗਈ। ਕਿਸਾਨ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮਹਿਲਾ ਪਹਿਲਵਾਨਾਂ ਦੇ ਬਿਆਨਾਂ ਦੇ ਅਧਾਰ ‘ਤੇ ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਖਿਲਾਫ ਜਿਣਸੀ ਸ਼ੋਸ਼ਣ ਨਾਲ਼ ਸਬੰਧਤ ਦੋ ਮਕੱਦਮੇ ਦਰਜ਼ ਹੋਣ ਦੇ ਬਾਵਜੂਦ ਬਿਰਜ ਭੂਸ਼ਣ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਉਹ ਆਏ ਦਿਨ ਦੇਸ਼ ਦਾ ਮਾਨ ਸਨਮਾਨ ਵਧਾਉਣ ਵਾਲੇ ਖਿਡਾਰੀਆਂ ਖਿਲਾਫ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰ ਰਿਹਾ ਹੈ। ਉਹਨਾਂ ਆਖਿਆ ਕਿ ਮਹਿਲਾ ਪਹਿਲਵਾਨਾਂ ਵੱਲੋਂ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਸਮੇਂ ਕੀਤੀ ਜਾ ਰਹੀ ਮਹਿਲਾ ਪੰਚਾਇਤ ਨਾਲ਼ ਤਾਲਮੇਲ ਬਿਠਾਉਦਿਆਂ ਅਤੇ ਡਾਕਟਰ ਨਵਸ਼ਰਨ ਦੇ ਹੱਕ ‘ਚ ਅਵਾਜ਼ ਬੁਲੰਦ ਕਰਦਿਆਂ ਇਸ ਦਿਨ ਪੰਜਾਬ ਦੇ ਗਵਰਨਰ ਭਵਨ ਵੱਲ ਵਿਸ਼ਾਲ ਔਰਤ ਮਾਰਚ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਡਟ ਕੇ ਲਿਖਣ ਬੋਲਣ ਅਤੇ ਸ਼ਾਹੀਨ ਬਾਗ ਮੋਰਚੇ ਤੋਂ ਇਲਾਵਾ ਦਿੱਲੀ ਕਿਸਾਨ ਘੋਲ਼ ਜਾਂ ਪਹਿਲਵਾਨਾਂ ਦੇ ਘੋਲ਼ ਵਰਗੇ ਜਾਨ ਹੂਲਵੇਂ ਸੰਘਰਸ਼ਾਂ ਵਿੱਚ ਕੁੱਦਣ ਵਾਲ਼ਾ ਨਵਸ਼ਰਨ ਦਾ ਲੋਕ ਪੱਖੀ ਕਿਰਦਾਰ ਜਾਣੀ ਪਛਾਣੀ ਹਕੀਕਤ ਹੈ। ਇਸੇ ਕਰਕੇ ਲੋਕ ਦੁਸ਼ਮਣ ਮੋਦੀ ਸਰਕਾਰ ਈ ਡੀ ਵਰਗੀਆਂ ਹੱਥ ਠੋਕਾ ਏਜੰਸੀਆਂ ਰਾਹੀਂ 8-8 ਘੰਟਿਆਂ ਤੱਕ ਪੁੱਛ ਪੜਤਾਲ ਰਾਹੀਂ ਉਸਨੂੰ ਦਬਕਾਉਣ ਅਤੇ ਝੂਠੇ ਕੇਸ ਵਿੱਚ ਫਸਾਉਣ ਲਈ ਤਰਲੋ ਮੱਛੀ ਹੋ ਰਹੀ ਹੈ। ਇਸ ਨੇ ਪਹਿਲਾਂ ਵੀ ਅਜਿਹੇ ਦਰਜਨਾਂ ਬੁੱਧੀਜੀਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਡੱਕ ਰੱਖੇ ਹਨ।

ਆਗੂਆਂ ਨੇ ਕਿਹਾ ਕਿ ਇਸ ਤਾਨਾਸ਼ਾਹ ਧੱਕੇਸ਼ਾਹੀ ਵਿਰੁੱਧ ਜਥੇਬੰਦੀ ਵੱਲੋਂ ਪੰਜਾਬ ਗਵਰਨਰ ਹਾਊਸ ਵੱਲ 28 ਮਈ ਨੂੰ ਹਜ਼ਾਰਾਂ ਔਰਤਾਂ ਦਾ ਰੋਹ ਭਰਪੂਰ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਲੋਕ ਲਹਿਰ ਦਾ ਜਾਨਦਾਰ ਅੰਗ ਨਵਸ਼ਰਨ ਵਿਰੁੱਧ ਝੂਠਾ ਕੇਸ ਬਨਾਉਣ ਦੇ ਤਾਨਾਸ਼ਾਹੀ ਯਤਨ ਠੱਪ ਕੀਤੇ ਜਾਣ। ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਜਾਵੇਗੀ ਕਿ ਦਿੱਲੀ ਜੰਤਰ ਮੰਤਰ ਵਿਖੇ ਜਿਣਸੀ ਸ਼ੋਸ਼ਣ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੀਆਂ ਪਹਿਲਵਾਨ ਕੁੜੀਆਂ ਦੀ ਹੱਕੀ ਮੰਗਾਂ ਮੰਨ ਕੇ ਜਿਣਸੀ ਸ਼ੋਸ਼ਣ ਦੀਆਂ ਦੋ ਐੱਫ ਆਈ ਆਰਜ਼ ਵਿੱਚ ਨਾਮਜ਼ਦ ਦੋਸ਼ੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਕਿਸਾਨ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਗਵਰਨਰ ਹਾਊਸ ਵੱਲ ਮਾਰਚ ਤੋਂ ਪਹਿਲਾਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ 11 ਵਜੇ ਰੋਹ ਭਰਪੂਰ ਰੈਲੀ ਕੀਤੀ ਜਾਵੇਗੀ। ਉਹਨਾਂ ਪੰਜਾਬ ਦੀਆਂ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ, ਠੇਕਾ ਕਾਮੇ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਔਰਤਾਂ ਦੇ ਇਸ ਰੋਸ ਮਾਰਚ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here