ਚਿੱਟੇ ਵਰਗੇ ਜਾਨਲੇਵਾ ਸਿੰਥੈਟਿਕ ਨਸ਼ਿਆਂ ਦੇ ਕੋਹੜ ਲਈ ਜ਼ਿੰਮੇਵਾਰ ਉਤਪਾਦਕ ਕਾਰਪੋਰੇਟ ਕੰਪਨੀਆਂ, ਥੋਕ ਵਪਾਰੀਆਂ ਅਤੇ ਕੇਂਦਰ/ਪੰਜਾਬ ਸਰਕਾਰਾਂ ਵਿਰੁੱਧ ਹੋਵੇਗਾ ਮੁਜ਼ਾਹਰਾ
ਬਰਨਾਲਾ, 15 ਅਗਸਤ, 2023: ਇੱਥੋਂ ਥੋੜ੍ਹੀ ਦੂਰ ਪਿੰਡ ਚੀਮਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਘਰ ਘਰ ਸੱਥਰ ਵਿਛਾ ਰਹੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੇ ਕੋਹੜ ਲਈ ਜ਼ਿੰਮੇਵਾਰ ਤਾਕਤਾਂ ਵਿਰੁੱਧ ਜ਼ੋਰਦਾਰ ਸ਼ੁਰੂਆਤੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਸਿਖਰ ‘ਤੇ 6 ਸਤੰਬਰ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵਿਰੁੱਧ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਕੀਤੇ ਜਾਣਗੇ। ਨਸ਼ਿਆਂ ਦੇ ਇਸ ਕੋਹੜ ਦੀਆਂ ਜ਼ਿੰਮੇਵਾਰ ਤਾਕਤਾਂ ਵਿੱਚ ਕਾਰਪੋਰੇਟ ਉਤਪਾਦਕ ਕੰਪਨੀਆਂ, ਥੋਕ ਨਸ਼ਾ-ਵਪਾਰੀ ਅਤੇ ਉਨ੍ਹਾਂ ਉੱਤੇ ਸੁਰੱਖਿਆ ਛਤਰੀ ਤਾਨਣ ਵਾਲੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਿਆਸੀ ਆਗੂ ਟਿੱਕੇ ਗਏ ਹਨ। ਨਸ਼ੇ ਵਰਤਣ ਵਰਤਾਉਣ ਵਾਲੇ ਨੌਜਵਾਨਾਂ ਤੇ ਆਮ ਲੋਕਾਂ ਨੂੰ ਇਨ੍ਹਾਂ ਤਾਕਤਾਂ ਦੇ ਜਾਲ਼ ਵਿੱਚ ਫ਼ਸੇ ਹੋਏ ਪੀੜਤ ਰੋਗੀ ਟਿੱਕਿਆ ਗਿਆ ਹੈ।
ਸ੍ਰੀ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਦੀ ਤਿਆਰੀ ਲਈ ਜਾਗ੍ਰਤੀ ਮੁਹਿੰਮ ਦੌਰਾਨ ਜ਼ਿਲ੍ਹਾ ਪੱਧਰੀ ਮੁਜ਼ਾਹਰਿਆਂ ਦੀਆਂ ਵਿਸ਼ਾਲ ਲਾਮਬਬੰਦੀਆਂ ਖਾਤਰ ਪਿੰਡ-ਪਿੰਡ ਜਨਤਕ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ ਕੀਤੇ ਜਾਣਗੇ। ਇਸ ਦੌਰਾਨ ਔਰਤਾਂ ਅਤੇ ਮਰਦਾਂ ਦੀਆਂ ਵੋਟ-ਸਿਆਸਤ ਤੋਂ ਨਿਰਲੇਪ ਨਸ਼ਾ-ਵਿਰੋਧੀ ਕਮੇਟੀਆਂ ਜਥੇਬੰਦ ਕੀਤੀਆਂ ਜਾਣਗੀਆਂ। ਇਨ੍ਹਾਂ ਕਮੇਟੀਆਂ ਦਾ ਚੋਟ ਨਿਸ਼ਾਨਾ ਨਸ਼ਿਆਂ ਦੇ ਕੋਹੜ ਲਈ ਜ਼ਿੰਮੇਵਾਰ ਟਿੱਕੀਆਂ ਤਾਕਤਾਂ ਹੀ ਹੋਣਗੀਆਂ ਜਿਨ੍ਹਾਂ ਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾਵਾਂ ਦਿਵਾਉਣ ਦਾ ਟੀਚਾ ਹੋਵੇਗਾ। ਜਦੋਂ ਕਿ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਤੇ ਆਮ ਲੋਕਾਂ ‘ਚ ਜਾਗ੍ਰਤੀ ਪੈਦਾ ਕਰਕੇ ਇਸ ਕੋਹੜ ਤੋਂ ਖਹਿੜਾ ਛੁਡਾਉਣ ਲਈ ਤਿਆਰ ਕਰਨਾ ਅਤੇ ਗਰੰਟੀ ਸ਼ੁਦਾ ਮੁਫ਼ਤ ਇਲਾਜ ਸਮੇਤ ਪੱਕੇ ਰੁਜ਼ਗਾਰ ਲਈ ਸਰਕਾਰਾਂ ਉੱਤੇ ਦਬਾਅ ਬਣਾਉਣ ਖਾਤਰ ਵਿਸ਼ਾਲ ਜਨਤਕ ਲਾਮਬੰਦੀਆਂ ਜੁਟਾਉਣਾ ਹੋਵੇਗਾ।
ਮੀਟਿੰਗ ਵਿੱਚ ਸੂਬਾ ਅਹੁਦੇਦਾਰਾਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਸਮੇਤ 13 ਹੋਰ ਔਰਤ ਆਗੂ ਅਤੇ 16 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਜਾਂ ਮੁੱਖ ਆਗੂ 34 ਸ਼ਾਮਲ ਸਨ।