ਕੌਮਾਂਤਰੀ ਜੇਤੂ ਪਹਿਲਵਾਨ ਕੁੜੀਆਂ ਦੇ ਦਿੱਲੀ ਮੋਰਚੇ ਦੀ ਹਮਾਇਤ ਵਿੱਚ ਮੋਦੀ ਸਰਕਾਰ ਅਰਥੀਆਂ ਸਾੜੀਆਂ
ਚੰਡੀਗੜ੍ਹ, 13 ਮਈ, 2023: ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿਚ ਸੋਨਾ/ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਦੇ ਜੁਝਾਰੂ ਸੰਘਰਸ਼ ਦੀ ਹਮਾਇਤ ਕਰਦਿਆਂ ਉਨ੍ਹਾਂ ਨਾਲ ਜਿਣਸੀ ਸ਼ੋਸ਼ਣ ਦੇ ਇਖਲਾਕੀ ਜੁਰਮ ਲਈ ਦੋ ਐਫ ਆਈ ਆਰਜ਼ ਵਿੱਚ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਦੀ ਹਮਾਇਤੀ ਮੋਦੀ ਸਰਕਾਰ ਵਿਰੁੱਧ ਅੱਜ ਤੀਜੇ ਦਿਨ ਵੀ ਪੰਜਾਬ ਹਰਿਆਣੇ ‘ਚ 5 ਥਾਂਵਾਂ ਤੇ ਭਾਰੀ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪੰਜਾਬ ਦੇ 4 ਜ਼ਿਲ੍ਹਿਆਂ ਲੁਧਿਆਣਾ, ਮਲੇਰਕੋਟਲਾ, ਮੁਕਤਸਰ, ਹੁਸ਼ਿਆਰਪੁਰ ‘ਚ ਡੀ ਸੀ ਦਫ਼ਤਰਾਂ ਤੋਂ ਇਲਾਵਾ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਵਿੱਚ ਜਾਖਲ ਐੱਸ ਡੀ ਐੱਮ ਦਫ਼ਤਰ ਅੱਗੇ ਕੁੱਲ ਮਿਲਾ ਕੇ ਭਾਰੀ ਗਿਣਤੀ ਔਰਤਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਕਾਮਿਆਂ ਨੇ ਸਾਂਝੇ ਰੋਸ ਪ੍ਰਦਰਸ਼ਨ ਕੀਤੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਸਮੇਤ ਕੁੱਝ ਜਥੇਬੰਦੀਆਂ ਨੇ ਹਮਾਇਤੀ ਸ਼ਮੂਲੀਅਤ ਵੀ ਕੀਤੀ। ਉਕਤ ਸ਼ਹਿਰਾਂ ਵਿੱਚ ਅਰਥੀ ਸਾੜ ਮੁਜ਼ਾਹਰਿਆਂ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਡੀ ਸੀ/ਐੱਸ ਡੀ ਐਮ ਦਫ਼ਤਰਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਜਿਨ੍ਹਾਂ ਰਾਹੀਂ ਐਫ ਆਈ ਆਰਜ਼ ਵਿੱਚ ਨਾਮਜ਼ਦ ਬ੍ਰਿਜ ਭੂਸ਼ਨ ਦੀ ਸਾਰੇ ਅਹੁਦਿਆਂ ਤੋਂ ਬਰਖਾਸਤਗੀ ਅਤੇ ਤੁਰੰਤ ਗ੍ਰਿਫ਼ਤਾਰੀ ਤੋਂ ਇਲਾਵਾ ਜੰਤਰ ਮੰਤਰ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਖਿਡਾਰਨਾਂ ਦੀ ਘੇਰਾਬੰਦੀ ਤੁਰੰਤ ਖਤਮ ਕਰਨ ਅਤੇ ਜਾਬਰ ਪੁਲਸੀ ਹੱਲੇ ਰਾਹੀਂ ਜ਼ਖਮੀ ਕੀਤੇ ਕੁੜੀਆਂ ਮੁੰਡਿਆਂ ਦੇ ਮੁਫ਼ਤ ਸਰਕਾਰੀ ਇਲਾਜ ਅਤੇ ਢੁੱਕਵਾਂ ਮੁਆਵਜ਼ਾ ਦੇਣ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਸੰਗਰੂਰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੋਂ ਇਲਾਵਾ ਔਰਤ ਕਿਸਾਨ ਆਗੂ ਕਰਮਜੀਤ ਕੌਰ ਭੁਟਾਲ ਕਲਾਂ, ਬਲਜੀਤ ਕੌਰ ਮੂਣਕ, ਬਲਜੀਤ ਕੌਰ ਲਿਹਲ ਕਲਾਂ, ਕਰਨੈਲ ਕੌਰ ਕਲਾੜ, ਹਰਜੀਤ ਕੌਰ ਦਾਖਾ, ਗੁਰਮੇਲ ਕੌਰ ਦੁਲਮਾਂ, ਨਿਰਲੇਪ ਕੌਰ ਮਾਨਸਮਾਜਰਾ ਅਤੇ ਨੀਲਮ ਸਿਧਾਣੀ ਸ਼ਾਮਲ ਸਨ। ਮੁਕਤਸਰ, ਮਲੇਰਕੋਟਲਾ ਅਤੇ ਲੁਧਿਆਣਾ ਵਿਖੇ ਭਰਾਤਰੀ ਜਥੇਬੰਦੀਆਂ ਦੇ ਆਗੂ ਗੁਰਜੰਟ ਸਿੰਘ ਸਾਉਂਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਬੱਲਾ ਸਿੰਘ ਬਰੀਵਾਲਾ ਟੀ ਐੱਸ ਯੂ, ਤਰਸੇਮ ਸਿੰਘ ਪੰਜਾਬ ਰੋਡਵੇਜ਼, ਗੁਰਪ੍ਰੀਤ ਸਿੰਘ ਮੁਕਤਸਰ ਪਨਬਸ, ਅਮਰਜੀਤਪਾਲ ਸ਼ਰਮਾ ਰਿਟਾਇਰਡ ਟੀ ਐੱਸ ਯੂ ਆਗੂ, ਪਿਆਰਾ ਲਾਲ ਦੋਦਾ ਲੋਕ ਮੋਰਚਾ, ਕੁਲਦੀਪ ਸਿੰਘ ਬੁੱਢੇਵਾਲ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਹਰਜਿੰਦਰ ਸਿੰਘ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਜਸਵਿੰਦਰ ਸਿੰਘ ਟੀ ਐਸ ਯੂ, ਕਮਲਦੀਪ ਕੌਰ ਪੀ ਐੱਸ ਯੂ, ਮੁਹੰਮਦ ਇਰਸ਼ਾਦ ਇਸਲਾਮੀਆ ਜਮਾਤ ਨੇ ਦੋਸ਼ ਲਾਇਆ ਕਿ ਇਖਲਾਕੀ ਤੌਰ ‘ਤੇ ਨਿੱਘਰੇ ਦੋਸ਼ੀ ਬ੍ਰਿਜ ਭੂਸ਼ਨ ਬਾਰੇ ਮੋਦੀ ਸਰਕਾਰ ਦਾ ਬਚਾਓ ਪੈਂਤੜਾ ਸਰਾਸਰ ਸ਼ਰਮਨਾਕ ਹੈ। ਇਸ ਪੈਂਤੜੇ ਤਹਿਤ ਹੀ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨ ਖਿਡਾਰਨਾਂ ‘ਤੇ ਰਾਤ ਸਮੇਂ ਜਾਬਰ ਹੱਲਾ ਕੀਤਾ ਅਤੇ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਰੱਖੇ ਹਨ। ਹਿਮਾਇਤੀ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਭਿੜ ਕੇ ਧਰਨੇ ਵਾਲੀ ਥਾਂ ‘ਤੇ ਜਾਣਾ ਪੈਂਦਾ ਹੈ। ਦਿੱਲੀ ਦੀਆਂ ਹੱਦਾਂ ‘ਤੇ ਵੀ ਪੁਲਿਸ ਵਾਹਨਾਂ ਦੀ ਚੈਕਿੰਗ ਕਰਕੇ ਜੰਤਰ ਮੰਤਰ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਾ ਰਹੀ ਹੈ।
ਜਥੇਬੰਦੀ ਦੇ ਬੁਲਾਰਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਪ੍ਰਬੰਧਕਾਂ ਦੀ ਇਸ ਗੱਲੋਂ ਸਖ਼ਤ ਅਲੋਚਨਾ ਕੀਤੀ ਕਿ ਉਨ੍ਹਾਂ ਨੇ 6 ਮਈ ਵਾਲੀ ਰਾਤ ਨੂੰ ਜਥੇਬੰਦੀ ਦੇ ਔਰਤ ਕਾਫਲੇ ਨੂੰ ਠਹਿਰਨ ਲਈ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਕਾਰਨ ਕਾਫ਼ਲੇ ਨੂੰ ਰਸਤੇ ਵਿੱਚ ਹੀ ਜੀਂਦ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਰਹਿਣਾ ਪਿਆ ਸੀ।
ਕਿਸਾਨ ਆਗੂ ਕੋਕਰੀ ਕਲਾਂ ਨੇ ਦੱਸਿਆ ਕਿ ਜੁਝਾਰੂ ਪਹਿਲਵਾਨ ਕੁੜੀਆਂ ਵੱਲੋਂ ਸਰਕਾਰ ਨੂੰ 21 ਮਈ ਤੱਕ ਦਿੱਤੇ ਅਲਟੀਮੇਟਮ ਦੀ ਸਮਾਪਤੀ ਮਗਰੋਂ ਉਲੀਕੇ ਜਾਣ ਵਾਲੇ ਸੰਘਰਸ਼ ਦੇ ਅਗਲੇ ਪੜਾਅ ਵਿੱਚ ਵੀ ਜਥੇਬੰਦੀ ਵੱਲੋਂ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।