ਬੀਕੇਯੂ ਏਕਤਾ ਡਕੌਂਦਾ ਨੇ ਅਰੁਣ ਕੁਮਾਰ ਵਾਹਿਗੁਰੂ ਸਿੰਘ ਖ਼ਿਲਾਫ਼ ਪਰਚਾ ਦਰਜ ਕਰਨ ਦਾ ਲਿਆ ਗੰਭੀਰ ਨੋਟਿਸ

0
154

ਹੰਗਾਮੀ ਮੀਟਿੰਗ ਵਿੱਚ ਲਿਆ ਫੈਸਲਾ, ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ: ਹਰਦਾਸਪੁਰਾ

ਇੱਕ ਜੁਲਾਈ ਦੀ ਸੂਬਾਈ ਮੀਟਿੰਗ ਵਿੱਚ ਵਿਚਾਰ ਕੇ ਗੁੰਡਾਗਰਦੀ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ: ਉੱਪਲੀ

ਬਰਨਾਲਾ, 23 ਜੂਨ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਹੋਏ ਫੈਸਲਿਆਂ ਸਬੰਧੀ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਕਹਾਵਤ ਬਰਨਾਲਾ ਪੁਲਿਸ ਤੇ ਐਨ ਢੁੱਕਵੀਂ ਹੈ। ਜਿਸ ਨੇ ਐੱਫ ਆਈ ਆਰ 274 ਮਿਤੀ 21-06-2023 ਪੁਲਿਸ ਸਟੇਸ਼ਨ ਸਿਟੀ ਬਰਨਾਲਾ ਵਿਖੇ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਬਰਨਾਲਾ ਵਿਰੁੱਧ ਧਾਰਾ 323, 341, 427, 186, 506 ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਭਾਕਿਯੂ ਏਕਤਾ ਡਕੌਂਦਾ ਦੇ ਕਾਰਕੁੰਨ ਖ਼ਿਲਾਫ਼ ਪੁਲਿਸ ਵੱਲੋਂ ਨਜਾਇਜ਼ ਪਰਚਾ ਦਰਜ ਕਰਨ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀਆਂ ਪਿੰਡ-ਪਿੰਡ ਅਰਥੀਆਂ ਸਾੜਨ ਦਾ ਐਲਾਨ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਦੇ ਮਾਲਕ ਸੋਨੀ ਵੱਲੋਂ ਮਿਉਂਸਪਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਖ਼ਿਲਾਫ਼ 30/08/2022 ਨੂੰ ਦਿੱਤੀ ਦਰਖਾਸਤ ਬਾਰੇ ਜਾਣਕਾਰੀ ਹਾਸਲ ਕਰਨ ਗਿਆ ਸੀ। ਮਿਉਂਸਪਲ ਕਮੇਟੀ ਅਧਿਕਾਰੀਆਂ ਸਲੀਮ ਮੁਹੰਮਦ ਜੇਈ ਅਤੇ ਹੋਰ ਕਰਮਚਾਰੀਆਂ ਨੂੰ ਨਾਲ ਲੈਕੇ ਆਸਥਾ ਕਲੋਨੀ ਬਰਨਾਲਾ ਦੇ ਕਾਲੋਨਾਈਜ਼ਰ ਸੋਨੀ ਦੀ ਸ਼ਹਿ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਈ। ਅਰੁਣ ਕੁਮਾਰ ਵਾਹਿਗੁਰੂ ਸਿੰਘ ਨੇ ਪੁਲਿਸ ਕੋਲ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਦੌਰਾਨ ਆਪਣਾ ਬਿਆਨ ਪੁਲਿਸ ਕੋਲ ਦਰਜ ਕਰਵਾਇਆ ਸੀ। 20 ਜੂਨ 2023 ਨੂੰ ਗੁੰਡਾਗਰਦੀ ਖ਼ਿਲਾਫ਼ ਕੀਤੇ ਜਾਣ ਵਾਲੇ ਮੁਜ਼ਾਹਰੇ ਤੋਂ ਪਹਿਲਾਂ ਪੁਲਸ ਨੇ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਖਾਨਾ ਪੂਰਤੀ ਕਰ ਦਿੱਤੀ। ਪੁਲਿਸ ਦੇ ਇਸ ਪੱਖਪਾਤੀ ਰਵੱਈਏ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਮੰਗ ਕੀਤੀ ਸੀ ਕਿ ਸਾਰੇ ਦੋਸ਼ੀਆਂ ਨੂੰ ਬਣਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ, ਪਰ ਪੁਲਿਸ ਨੇ 21/06/2023 ਨੂੰ ਉਲਟਾ ਅਰੁਣ ਕੁਮਾਰ ਵਾਹਿਗੁਰੂ ਸਿੰਘ ਦੇ ਖ਼ਿਲਾਫ਼ ਹੀ ਉਸ ਦੀ ਕੁੱਟਮਾਰ ਕਰਨ ਵਾਲੇ ਮਿਉਂਸਪਲ ਕਮੇਟੀ ਦੇ ਜੇਈ ਦੀ ਸ਼ਿਕਾਇਤ ਤੇ ਸਖਤ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰ ਦਿੱਤਾ ਹੈ।

ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਮਿਉਂਸਪਲ ਅਧਿਕਾਰੀਆਂ ਦੀ ਗੁੰਡਾਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਫਤਾ ਭਰ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀਆਂ ਪਿੰਡ-ਪਿੰਡ ਅਰਥੀਆਂ ਸਾੜਕੇ ਇਨ੍ਹਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇਗਾ ਅਤੇ ਅਗਲੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ। 1 ਜੁਲਾਈ ਦੀ ਸੂਬਾਈ ਮੀਟਿੰਗ ਵਿੱਚ ਗੁੰਡਾ-ਪੁਲਿਸ-ਸਿਆਸੀ-ਕਲੋਨਾਈਜਰਾਂ ਦੇ ਗੱਠਜੋੜ ਨੂੰ ਬੇਨਕਾਬ ਕਰਨ ਲਈ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਮੀਟਿੰਗ ਵਿੱਚ ਹਾਜ਼ਰ ਆਗੂਆਂ ਬਾਬੂ ਸਿੰਘ ਖੁੱਡੀ ਕਲਾਂ, ਕੁਲਵਿੰਦਰ ਸਿੰਘ ਉੱਪਲੀ, ਸੁਖਵਿੰਦਰ ਸਿੰਘ ਉੱਪਲੀ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਸਿੰਘ ਠੁੱਲੀਵਾਲ, ਬਲਵੰਤ ਸਿੰਘ ਠੀਕਰੀਵਾਲਾ, ਸੁਖਦੇਵ ਸਿੰਘ ਕੁਰੜ, ਭਾਗ ਸਿੰਘ ਕੁਰੜ, ਕੁਲਵੰਤ ਸਿੰਘ ਹੰਢਿਆਇਆ, ਜਗਜੀਤ ਸਿੰਘ ਖੁੱਡੀ ਕਲਾਂ, ਸਤਨਾਮ ਸਿੰਘ ਬਰਨਾਲਾ, ਗੁਰਮੀਤ ਸਿੰਘ ਬਰਨਾਲਾ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ, ਕਾਲੋਨਾਈਜ਼ਰਾਂ ਨਾਲ ਮਿਲਕੇ ਬੇਨਿਯਮੀਆਂ ਰਾਹੀਂ ਸੈਂਕੜੇ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਗਾ ਰਹੇ ਹਨ। ਜਿਸ ਕਰੋੜਾਂ ਰੁਪਏ ਘਪਲਿਆਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ। ਆਗੂਆਂ ਸਾਰੀਆਂ ਪਿੰਡ ਇਕਾਈਆਂ ਨੂੰ ਅਪੀਲ ਕੀਤੀ ਕਿ ਪਿੰਡ-ਪਿੰਡ ਅਰਥੀਆਂ ਸਾੜਨ ਦੇ ਪ੍ਰੋਗਰਾਮ ਨੂੰ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੇ ਵਡੇਰੇ ਚੈਲੰਜ ਵਜੋਂ ਕਬੂਲ ਕਰਦਿਆਂ ਅਰਥੀ ਸਾੜ੍ਹ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇ।

LEAVE A REPLY

Please enter your comment!
Please enter your name here