ਬੀਕੇਯੂ ਏਕਤਾ ਡਕੌਂਦਾ ਵੱਲੋਂ ਮੰਡੀਆਂ ਬੰਦ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਦਾ ਤੁਗਲਕੀ ਫ਼ਰਮਾਨ ਕਰਾਰ 

0
192
ਬੀਕੇਯੂ ਏਕਤਾ ਡਕੌਂਦਾ ਵੱਲੋਂ ਮੰਡੀਆਂ ਬੰਦ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਦਾ ਤੁਗਲਕੀ ਫ਼ਰਮਾਨ ਕਰਾਰ
ਪੰਜਾਬ ਸਰਕਾਰ ਮੰਡੀਆਂ ਬੰਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲਵੇ: ਮਨਜੀਤ ਧਨੇਰ
ਦਲਜੀਤ ਕੌਰ
ਚੰਡੀਗੜ੍ਹ/ਬਰਨਾਲਾ, 13 ਨਵੰਬਰ, 2023: ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਪੰਜਾਬ ਸਰਕਾਰ ਵੱਲੋਂ ਅੱਜ ਸ਼ਾਮ ਤੋਂ 18 ਜ਼ਿਲਿਆਂ ਦੀਆਂ 510 ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਬੰਦ ਕਰਨ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਸੂਬਾ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ ਨੇ ਦੱਸਿਆ ਕਿ ਸਰਕਾਰੀ ਅਧਿਕਾਰੀਆਂ ਨੇ ਦਫਤਰਾਂ ਵਿੱਚ ਬੈਠ ਕੇ ਮੰਡੀਆਂ ਵਿੱਚੋਂ ਝੋਨੇ ਦੀ ਖ੍ਰੀਦ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ ਜਦੋਂ ਕਿ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ। ਸੂਬਾ ਪ੍ਰਧਾਨ ਨੇ ਦੱਸਿਆ ਕਿ ਜਿਹੜਾ ਪੂਸਾ-44 ਅਤੇ ਝੋਨਾ ਮੱਕੀਆਂ ਵੱਢ ਕੇ ਬੀਜਿਆ ਹੈ ਉਹ ਤਾਂ ਹਾਲੇ ਖੇਤਾਂ ਵਿੱਚ ਹੀ ਖੜ੍ਹਾ ਹੈ। ਪਿਛੇਤਾ ਝੋਨਾ ਵੀ ਹਾਲੇ ਵੱਢਣ ਵਾਲਾ ਹੈ। ਸਰਕਾਰ ਨੂੰ ਪਤਾ ਨਹੀਂ ਕੌਣ ਕਹਿ ਗਿਆ ਕਿ ਝੋਨਾ ਮੰਡੀਆਂ ਵਿੱਚ ਆ ਨਹੀਂ ਰਿਹਾ।
ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਆਪਣੇ ਸਾਥੀਆਂ ਨਾਲ ਪਿੰਡ ਠੁੱਲੀਵਾਲ,ਮਾਂਗੇਵਾਲ,ਧਨੇਰ, ਮੂੰਮ,ਜੰਗੀਆਣਾ,ਸ਼ਹਿਣਾ ਅਤੇ ਹੋਰ ਮੰਡੀਆਂ ਦਾ ਦੌਰਾ ਕੀਤਾ। ਇਹਨਾਂ ਮੰਡੀਆਂ ਵਿੱਚੋਂ ਅੱਜ ਝੋਨੇ ਦੀ ਖਰੀਦ ਬੰਦ ਹੋ ਜਾਣੀ ਹੈ ਪਰ ਸਾਰੀਆਂ ਮੰਡੀਆਂ ਵਿੱਚ ਬਹੁਤ ਝੋਨਾ ਅਣਵਿਕਿਆ ਪਿਆ ਹੈ। ਇੱਥੇ ਝੋਨਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਮੰਡੀ ਵਿੱਚ ਬੈਠਿਆਂ ਨੂੰ ਪੰਜ ਛੇ ਦਿਨ ਹੋ ਗਏ ਹਨ ਪਰ ਝੋਨੇ ਦੀ ਸਰਕਾਰੀ ਖ੍ਰੀਦ ਨਹੀਂ ਹੋ ਰਹੀ। ਉਹਨਾਂ ਨੇ ਇਹ ਵੀ ਕਿਹਾ ਕਿ ਸੈਲਰਾਂ ਵਾਲੇ ਬੋਰੀਆਂ ਦਾ ਵੱਟਾ ਲਾ ਕੇ ਝੋਨਾ ਖ੍ਰੀਦਣ ਲਈ ਕਹਿੰਦੇ ਹਨ।
ਅਸਲ ਵਿੱਚ ਖਰੀਦ ਏਜੰਸੀਆਂ ਕੁੱਝ ਬੇਈਮਾਨ ਸ਼ੈਲਰ ਮਾਲਕਾਂ ਨਾਲ ਮਿਲ ਕੇ ਵੱਧ ਨਮੀ ਦਾ ਬਹਾਨਾ ਬਣਾ ਕੇ ਝੋਨੇ ਦੀ ਖ੍ਰੀਦ ਕਰਨ ਤੋਂ ਟਾਲਾ ਵੱਟ ਰਹੇ ਹਨ ਅਤੇ ਸ਼ੈਲਰ ਮਾਲਕ ਕਿਸਾਨਾਂ ਤੋਂ ਬੋਰੀਆਂ ਦਾ ਵੱਟਾ ਲਾ ਕੇ ਝੋਨਾ ਸਿੱਧਾ ਖਰੀਦ ਰਹੇ ਹਨ। ਸੌ ਬੋਰੀ ਮਗਰ ਪੰਜ ਤੋਂ ਸੱਤ ਬੋਰੀਆਂ ਦੀ ਲੁੱਟ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਕਿਸਾਨਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾ ਕੇ ਉਹਨਾਂ ਨੂੰ ਚੂੰਡਿਆ ਜਾ ਰਿਹਾ ਹੈ।
ਪ੍ਰਧਾਨ ਨੇ ਸਵਾਲ ਕੀਤਾ ਕਿ ਕਿਤੇ ਦਾਲ ਵਿੱਚ ਕੁੱਝ ਕਾਲਾ ਤਾਂ ਨਹੀਂ ਹੈ ? ਉਨ੍ਹਾਂ ਕਿਹਾ ਕਿ ਇਹ ਉਸੇ ਸਰਕਾਰ ਦਾ ਫ਼ਰਮਾਨ ਹੈ ਜਿਹੜੀ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਝੋਨੇ ਦਾ ਦਾਣਾ ਦਾਣਾ ਖ੍ਰੀਦਣ ਦੇ ਦਮਗਜ਼ੇ ਮਾਰਦੀ ਸੀ। ਅਜਿਹੇ ਤੁਗਲਕੀ ਫਰਮਾਨ ਭਗਵੰਤ ਮਾਨ ਸਰਕਾਰ ਦੀ ਅਸਲ ਨੀਤੀ ਨੂੰ ਉਜਾਗਰ ਕਰਦੇ ਹਨ ਕਿ ਗੱਦੀ ਉੱਪਰ ਬੈਠਣ ਤੋਂ ਬਾਅਦ ਕਿਸਾਨਾਂ-ਮਜ਼ਦੂਰਾਂ ਦੀ ਸਾਰ ਲੈਣ ਦੀ ਥਾਂ ਸਰਮਾਏਦਾਰ ਵਪਾਰੀਆਂ ਦੇ ਹਿੱਤਾਂ ਅਨੁਸਾਰ ਫ਼ੈਸਲੇ ਕਰਦੇ ਹਨ।
ਸੂਬਾ ਪ੍ਰਧਾਨ ਨੇ ਸਰਕਾਰੀ ਖਰੀਦ ਏਜੰਸੀਆਂ ਅਤੇ ਬੇਈਮਾਨ ਸ਼ੈਲਰ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਹੁਣ ਸਮਾਂ ਪਹਿਲਾਂ ਵਾਲਾ ਨਹੀਂ ਰਿਹਾ। ਜਥੇਬੰਦੀਆਂ ਕਿਸਾਨਾਂ ਦੀ ਲੁੱਟ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਕਿਸਾਨਾਂ ਦੀ ਲੁੱਟ ਤੁਰੰਤ ਬੰਦ ਕੀਤੀ ਜਾਵੇ।
ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਬੰਦ ਕਰਨ ਦਾ ਇਹ ਕਿਸਾਨ ਮਾਰੂ ਹੁਕਮ ਤੁਰੰਤ ਰੱਦ ਕੀਤਾ ਜਾਵੇ ਅਤੇ ਜਿੰਨਾ ਚਿਰ ਸਾਰਾ ਝੋਨਾ ਵਿਕ ਨਹੀਂ ਜਾਂਦਾ, ਸਰਕਾਰੀ ਖਰੀਦ ਚਾਲੂ ਰੱਖੀ ਜਾਵੇ।

LEAVE A REPLY

Please enter your comment!
Please enter your name here