ਬੀਕੇਯੂ ਏਕਤਾ ਡਕੌਂਦਾ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਬਰਨਾਲਾ ‘ਚ ਰੋਸ ਪ੍ਰਦਰਸ਼ਨ
ਆਮ ਆਦਮੀ ਪਾਰਟੀ ਖ਼ਿਲਾਫ਼ ਦਾ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਪਰਦਾਚਾਕ ਮਾਰਚ ਜਾਰੀ ਰਹੇਗਾ: ਜਗਰਾਜ ਹਰਦਾਸਪੁਰਾ
ਹਰ ਕੁਰਬਾਨੀ ਦੇ ਕੇ ਵੀ ਕੁੱਲਰੀਆਂ ਆਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖ਼ੀ ਕੀਤੀ ਜਾਵੇਗੀ: ਸਾਹਿਬ ਸਿੰਘ ਬਡਬਰ
ਆਮ ਆਦਮੀ ਪਾਰਟੀ ਭੂ ਮਾਫੀਆ ਅਤੇ ਗੁੰਡਿਆਂ ਦੀ ਯਾਰ: ਗੁਰਦੇਵ ਸਿੰਘ ਮਾਂਗੇਵਾਲ
ਦਲਜੀਤ ਕੌਰ
ਬਰਨਾਲਾ, 4 ਨਵੰਬਰ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਖਿਲਾਫ਼ ਮੋਰਚਾ ਖੋਲ੍ਹਦਿਆਂ ਬਰਨਾਲਾ ਸ਼ਹਿਰ ਦੇ ਸੇਖਾ ਰੋਡ, ਸਦਰ ਬਜ਼ਾਰ, ਕਾਲਜ ਰੋਡ, ਧਨੌਲਾ ਰੋਡ ਵਿਖੇ ਝੰਡਾ ਮਾਰਚ ਕੀਤਾ ਗਿਆ।
ਇਸ ਮਾਰਚ ਨੂੰ ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ,ਸਤਨਾਮ ਸਿੰਘ ਬਰਨਾਲਾ, ਬਲਵੰਤ ਸਿੰਘ ਠੀਕਰੀਵਾਲਾ, ਸੱਤਪਾਲ ਸਿੰਘ ਸਹਿਜੜਾ ਨੇ ਸੰਬੋਧਨ ਕੀਤਾ। ਥਾਂ-ਥਾਂ ਤੇ ਰੁਕ ਕੇ ਆਗੂਆਂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਦੀ ਜ਼ਮੀਨ, ਜੋ ਕਿ ਉਹਨਾਂ ਨੂੰ ਚੱਕਬੰਦੀ ਵਿਭਾਗ ਵੱਲੋਂ ਅਲਾਟ ਕੀਤੀ ਗਈ ਸੀ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੀ ਸ਼ਹਿ ਤੇ ਭੂ ਮਾਫੀਆ ਵੱਲੋਂ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਭੂ ਮਾਫੀਆ ਦੇ ਗੁੰਡਿਆਂ ਵੱਲੋਂ ਕਿਸਾਨਾਂ ਤੇ ਜਾਨਲੇਵਾ ਹਮਲੇ ਕਰਕੇ ਉਹਨਾਂ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ ਹੈ। ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਵਾਰ-ਵਾਰ ਪਹੁੰਚ ਕੀਤੀ ਗਈ ਹੈ। ਸਾਰਿਆਂ ਨੇ ਹੀ ਇਹ ਮੰਨਿਆ ਹੈ ਕਿ ਕੁੱਲਰੀਆਂ ਦੇ ਕਿਸਾਨਾਂ ਦਾ ਪੱਖ ਬਿਲਕੁਲ ਠੀਕ ਹੈ ਪ੍ਰੰਤੂ ਪ੍ਰਿੰਸੀਪਲ ਬੁੱਧਰਾਮ ਅਤੇ ਭੂ ਮਾਫੀਆ ਦੇ ਦਬਾਅ ਹੇਠ ਪ੍ਰਸ਼ਾਸਨ ਕਿਸਾਨਾਂ ਨਾਲ ਧੱਕਾ ਕਰਨ ਤੇ ਉਤਾਰੂ ਹੈ। ਜਥੇਬੰਦੀ ਪਿਛਲੇ ਪੌਣੇ ਦੋ ਸਾਲ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਲਈ ਜਥੇਬੰਦੀ ਨੇ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦਿਆਂ ਅੱਜ ਸ਼ਹਿਰ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜਾਗਰੂਕ ਕੀਤਾ ਗਿਆ।
ਬੁਲਾਰਿਆਂ ਨੇ ਮੰਡੀਆਂ ਵਿੱਚ ਝੋਨਾ ਰੋਲਣ, ਝੋਨੇ ਦੇ ਰੇਟ ਵਿੱਚ ਕੱਟ ਲੱਗਣ, ਡੀਏਪੀ ਦੇ ਸੰਕਟ ਅਤੇ ਪਰਾਲੀ ਫੂਕਣ ਵਾਲੇ ਕਿਸਾਨਾਂ ਖਿਲਾਫ ਸਖ਼ਤੀ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਅਤੇ ਭਾਜਪਾ ਖ਼ਿਲਾਫ਼ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਕੁੱਝ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਰਲ ਕੇ ਸਾਜਿਸ਼ ਕੀਤੀ ਗਈ ਹੈ ਤਾਂ ਕਿ ਪੰਜਾਬ ਦਾ ਮੰਡੀ ਸਿਸਟਮ ਫੇਲ੍ਹ ਕਰਕੇ ਕੰਟਰੈਕਟ ਫਾਰਮਿੰਗ ਲਾਗੂ ਕੀਤੀ ਜਾ ਸਕੇ। ਯਾਦ ਰਹੇ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਲਈ ਰੋਡ ਸ਼ੋਅ ਸੀ, ਦੂਜੇ ਪਾਸੇ ਕਿਸਾਨ ਕਾਫ਼ਲਾ ਸਰਕਾਰ ਦੀ ਅਸਲੀਅਤ ਨੂੰ ਲੋਕਾਂ ਵਿੱਚ ਉਜਾਗਰ ਕਰ ਰਿਹਾ ਸੀ।
ਬੁਲਾਰਿਆਂ ਨੇ ਦੁਹਰਾਇਆ ਕਿ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੀ ਰਾਖ਼ੀ ਹਰ ਕੁਰਬਾਨੀ ਦੇ ਕੇ ਕੀਤੀ ਜਾਵੇਗੀ ਅਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਕੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਹਰ ਹੀਲੇ ਨਾਕਾਮ ਕੀਤਾ ਜਾਵੇਗਾ।