ਜਿਨਸੀ ਸ਼ੋਸ਼ਣ ਦੇ ਸ਼ਿਕਾਰ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਘੋਲ ਨੂੰ ਡਟਵੀਂ ਹਮਾਇਤ: ਮਨਜੀਤ ਧਨੇਰ
ਦਲਜੀਤ ਕੌਰ
ਨਵੀਂ ਦਿੱਲੀ, 29 ਅਪ੍ਰੈਲ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਦਿੱਲੀ ਦੇ ਜੰਤਰ ਮੰਤਰ ਵਿਖੇ ਆਪਣੇ ਸਾਥੀਆਂ ਸਮੇਤ ਪਹੁੰਚਕੇ ਓਲੰਪੀਅਨ ਪਹਿਲਵਾਨਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਪਹਿਲਵਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਕੀਤੀ। ਇਹ ਧਰਨਾ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਬੀਜੇਪੀ ਦੇ ਰਾਮ ਰਾਜ ਵਾਲੇ ਯੂਪੀ ਤੋਂ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਪਰਚਾ ਦਰਜ਼ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਇਨ੍ਹਾਂ ਪਹਿਲਵਾਨਾਂ ਨੇ ਕਈ ਮਹੀਨੇ ਪਹਿਲਾਂ ਬ੍ਰਿਜ ਭੂਸ਼ਨ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਪਰ ਪੁਲੀਸ ਨੇ ਉਹਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ। ਇਨ੍ਹਾਂ ’ਚੋਂ ਇੱਕ ਪਹਿਲਵਾਨ ਨਾਬਾਲਗ ਵੀ ਹੈ। ਚਾਰ ਮਹੀਨੇ ਪਹਿਲਾਂ ਦੋਸ਼ਾਂ ਦੀ ਜਾਂਚ ਲਈ ਬਣੀ ਕਮੇਟੀ ਵੱਲੋਂ ਆਪਣੀ ਰਿਪੋਰਟ ਅਪ੍ਰੈਲ ਦੇ ਪਹਿਲੇ ਹਫਤੇ ਪੇਸ਼ ਕਰ ਦੇਣ ਦੇ ਬਾਵਜ਼ੂਦ ਉਸ ਖ਼ਿਲਾਫ਼ ਕਾਰਵਾਈ ਨਹੀਂ ਹੋਈ।
ਆਗੂਆਂ ਨੇ ਕਿਹਾ ਕਿ ਇਹਨਾਂ ਕੁੜੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤੇ ਹਨ, ਇਸ ਦੇ ਬਾਵਜੂਦ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਦੇਸ਼ ਦੇ ਹਾਲਾਤਾਂ ਦਾ ਭਲੀ ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਔਰਤਾਂ ਵਿਰੋਧੀ ਮਾਨਸਿਕਤਾ ਦੀਆਂ ਪਹਿਲਾਂ ਹੀ ਬਹੁਤ ਉਦਾਹਰਨਾਂ ਹਨ ਪਰ ਇਸ ਘਟਨਾ ਨੇ ਦੁਬਾਰਾ ਫਿਰ ਕੇਂਦਰ ਸਰਕਾਰ ਦੀ ਅਸਲੀਅਤ ਉਜਾਗਰ ਕਰ ਦਿੱਤੀ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਸਮੇਂ ਆਪਣੀ ਰਿਹਾਇਸ਼ ਤੇ ਸੱਦਕੇ ਸਨਮਾਨ ਕਰਨ ਦਾ ਵਿਖਾਵਾ ਕਰਦਾ ਹੈ, ਦੂਜੇ ਪਾਸੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਾਅਦ ਜ਼ੁਬਾਨ ਨੂੰ ਤਾਲਾ ਲਗਾਕੇ ਬੈਠਾ ਹੈ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ 7 ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਬਿਨਾਂ ਕਿਸੇ ਹੋਰ ਦੇਰੀ ਦੇ ਬ੍ਰਿਜ ਭੂਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਨਸਾਫ਼ ਲਈ ਰਾਹ ਪੱਧਰਾ ਕਰੇ। ਭਾਵੇਂ 28 ਅਪ੍ਰੈਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਖ਼ਿਲਾਫ਼ ਦਿੱਲੀ ਪੁਲਿਸ ਨੇ ਦੋ ਐਫ ਆਈ ਆਰ ਦਰਜ ਕਰ ਲਈਆਂ ਹਨ ਪਰ ਦਿੱਲੀ ਪੁਲਿਸ ਗ੍ਰਿਫ਼ਤਾਰੀ ਤੋਂ ਪਹਿਲਾਂ ਪੜਤਾਲ ਦੇ ਬਹਾਨੇ ਉਸ ਨੂੰ ਬਚਾਉਣ ਤੇ ਤੁਲੀ ਹੋਈ ਹੈ। ਇਸ ਲਈ ਬੀਕੇਯੂ ਡਕੌਂਦਾ ਦੇ ਆਗੂਆਂ ਨੇ ਪਹਿਲਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਪੂਰੇ ਦ੍ਰਿੜ ਇਰਾਦੇ ਨਾਲ ਡਟੇ ਰਹਿਣ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਉਹਨਾਂ ਦੇ ਸੰਘਰਸ਼ ਦੀ ਹਰ ਸੰਭਵ ਮੱਦਦ ਜਾਰੀ ਰਹੇਗੀ।