ਬੀਕੇਯੂ ਡਕੌਂਦਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ

0
126

ਖ਼ਰਾਬ ਮੌਸਮ ਕਾਰਨ ਫਸਲਾਂ ਦੇ‌ ਨੁਕਸਾਨ ਦੇ ਮੁਆਵਜ਼ੇ ਦੀ ਮੰਗ

ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਏਕੜ ਨੂੰ ਇਕਾਈ ਮੰਨਕੇ ਦਿੱਤਾ ਜਾਵੇ: ਮਨਜੀਤ ਧਨੇਰ, ਹਰਨੇਕ ਮਹਿਮਾ

ਸੰਗਰੂਰ, 6 ਅਪ੍ਰੈਲ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਅੱਜ ਹਜ਼ਾਰਾਂ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਪ੍ਰੋਗਰਾਮ ਵਿੱਚ ਕਿਸਾਨ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਹਰੇ ਝੰਡੇ ਅਤੇ ਹਰੀਆਂ ਚੁੰਨੀਆਂ ਦਾ ਸ਼ਹਿਰ ਵਿੱਚ ਹੜ੍ਹ ਆਇਆ ਹੋਇਆ ਸੀ। ਕਿਸਾਨ ਆਪੋ ਆਪਣੀਆਂ ਜ਼ਿਲ੍ਹਾ, ਬਲਾਕ ਅਤੇ ਪਿੰਡ ਕਮੇਟੀਆਂ ਦੀ ਅਗਵਾਈ ਵਿੱਚ ਸਵੇਰ ਤੋਂ ਹੀ ਵੇਰਕਾ ਮਿਲਕ ਪਲਾਂਟ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਵੇਰਕਾ ਮਿਲਕ ਪਲਾਂਟ ਤੋਂ ਜਾਬਤਾਬੱਧ ਮਾਰਚ ਕਰਦੇ ਅਤੇ ਆਕਾਸ਼ ਗੁੰਜਾਊ ਨਾਹਰੇ ਮਾਰਦੇ ਹਜ਼ਾਰਾਂ ਜੁਝਾਰੂ ਕਿਸਾਨ ਮਰਦ ਅਤੇ ਔਰਤਾਂ ਦੇ ਕਾਫ਼ਲੇ ਮੁੱਖ ਮੰਤਰੀ ਦੀ ਕੋਠੀ ਵੱਲ ਰਵਾਨਾ ਹੋਏ।

ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਆਪਣੇ ਸੰਬੋਧਨ ਰਾਹੀਂ ਮੰਗ ਕੀਤੀ ਕਿ ਪਿਛਲੇ ਦਿਨੀਂ ਹੋਈ ਬਰਸਾਤ, ਗੜੇਮਾਰ ਅਤੇ ਝੱਖੜ ਕਾਰਨ ਫਸਲਾਂ, ਸਬਜ਼ੀਆਂ, ਘਰਾਂ, ਹਰਾ ਚਾਰਾ ਅਤੇ ਬਾਗ਼ਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ, ਮੁਆਵਜ਼ਾ 50% ਤੋਂ ਵੱਧ ਖਰਾਬੇ ਲਈ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਇਸ ਤੋਂ ਘੱਟ ਖ਼ਰਾਬੇ ਲਈ 25,000/-ਰੁਪਏ ਪ੍ਰਤੀ ਏਕੜ ਦੇਣ, 33% ਵਾਲੀ ਅਤੇ ਪੰਜ ਏਕੜ ਤੱਕ ਹੀ ਮੁਆਵਜ਼ਾ ਦੇਣ ਵਾਲੀ ਸ਼ਰਤ ਖ਼ਤਮ ਕਰਕੇ ਇਹ ਮੁਆਵਜ਼ਾ ਏਕੜ ਨੂੰ ਇਕਾਈ ਮੰਨ ਕੇ ਦੇਣ, ਬਾਗ਼ਾਂ ਦੇ ਉਜਾੜੇ ਲਈ ਵਿਸ਼ੇਸ਼ ਪੈਕੇਜ ਦੇਣ, ਗਿਰਦਾਵਰੀਆਂ ਦਾ ਕੰਮ ਸਮਾਂਬੱਧ ਕਰਨ ਅਤੇ ਮੁਆਵਜ਼ਾ 14 ਅਪਰੈਲ ਤੋਂ ਪਹਿਲਾਂ ਪਹਿਲਾਂ ਜਾਰੀ ਕਰਨ,ਪਿਛਲੇ ਸਾਲ ਗੁਲਾਬੀ ਸੁੰਡੀ ਕਾਰਨ ਨਰਮੇਂ ਦੇ ਨੁਕਸਾਨ ਦਾ ਮੁਆਵਜ਼ਾ, ਲੰਪੀ ਸਕਿਨ ਕਾਰਨ ਮਰੇ ਪਸ਼ੂਆਂ ਦਾ ਮੁਆਵਜ਼ਾ, ਚਾਈਨਾ ਵਾਇਰਸ ਕਾਰਨ ਹੋਏ ਝੋਨੇ ਦੇ ਨੁਕਸਾਨ ਦਾ ਮੁਆਵਜ਼ਾ ਵੀ ਤੁਰੰਤ ਜਾਰੀ ਕਰਨ, ਮਜ਼ਦੂਰਾਂ ਨੂੰ ਵੀ ਬਣਦਾ ਮੁਆਵਜ਼ਾ ਦੇਣ, ਪੰਜਾਬ ਸਰਕਾਰ ਨੂੰ ਆਪਣੀ ਬੀਮਾ ਪਾਲਿਸੀ ਬਨਾਉਣ, ਇਸ ਵਿੱਚ ਏਕੜ ਨੂੰ ਇਕਾਈ ਮੰਨ ਕੇ ਮੁਆਵਜ਼ਾ ਦੇਣ ਦਾ ਪ੍ਰਬੰਧ ਕਰਨ, ਬੀਮੇ ਦਾ ਪ੍ਰੀਮੀਅਮ ਸਰਕਾਰ ਆਪਣੇ ਕੋਲੋਂ ਅਦਾ ਕਰਨ, ਕਿਸਾਨਾਂ ਸਿਰ ਚੜ੍ਹੇ ਹਰ ਕਿਸਮ ਦੀ ਕਰਜ਼ੇ ਦੀ ਅਦਾਇਗੀ ਇੱਕ ਸਾਲ ਲਈ ਅੱਗੇ ਪਾਉਣ, ਇਸ ਇੱਕ ਸਾਲ ਦੇ ਸਮੇਂ ਦਾ ਵਿਆਜ਼ ਸਰਕਾਰ ਵੱਲੋਂ ਅਦਾ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨਹਿਰਾਂ ਪੱਕੀਆਂ ਕਰਨ ਨਾਲ ਪਾਣੀ ਦੇ ਧਰਤੀ ਅੰਦਰ ਜੀਰਨ ਦੀ ਕੁਦਰਤੀ ਪ੍ਰਕਿਰਿਆ ਤੇ ਰੋਕ ਲਗਦੀ ਹੈ। ਇਸ ਲਈ ਨਹਿਰਾਂ ਦਾ ਤਲ ਪੱਕਾ ਕਰਨ ਤੇ ਰੋਕ ਲਾਉਣ, ਬਾਰਡਰ ਏਰੀਏ ਵਿੱਚ ਕਿਸਾਨਾਂ ਵੱਲੋਂ ਆਬਾਦ ਕੀਤੀ ਸੱਤਰ ਹਜ਼ਾਰ ਏਕੜ ਜ਼ਮੀਨ ਦੇ ਮਾਲਕੀ ਹੱਕ ਆਬਾਦਕਾਰਾਂ ਨੂੰ ਦਿੱਤੇ ਜਾਣ, ਦੀਪ ਮਲਹੋਤਰਾ ਦੀ ਸ਼ਰਾਬ ਅਤੇ ਕੈਮੀਕਲ ਫੈਕਟਰੀ ਮਲਬਰੋਸ ਇੰਟਰਨੈਸ਼ਨਲ ਨੂੰ ਬੰਦ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਲਤੀਫਪੁਰਾ ਵਿਖੇ ਜਬਰੀ ਉਜਾੜੇ ਲੋਕਾਂ ਦੇ ਵਸੇਵੇ ਦਾ ਪ੍ਰਬੰਧ ਕੀਤਾ ਜਾਵੇ।ਅੰਮ੍ਰਿਤਪਾਲ ਗ੍ਰਿਫ਼ਤਾਰੀ ਮਸਲੇ ਨਾਲ ਜੋੜ ਕੇ ਬੇਕਸੂਰ ਨੌਜਵਾਨਾਂ ਉੱਪਰ ਮੜ੍ਹਿਆ ਐਨ ਐਸ ਏ ਵਾਪਸ ਲੈਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਸਮੇਤ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੀਤੇ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਪੱਤਰਕਾਰਾਂ, ਵਕੀਲਾਂ ਨੂੰ ਰਿਹਾਅ ਕਰਨ, ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲ ਵਾਪਸ ਭੇਜਣ, ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਸੁਖਨੈਬ ਸਿੰਘ ਸਿੱਧੂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਦਰਜ ਕੀਤਾ ਪੁਲਿਸ ਕੇਸ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ।

ਸੂਬਾ ਆਗੂਆਂ ਹਰੀਸ਼ ਨੱਢਾ, ਬਲਵੰਤ ਸਿੰਘ ਉੱਪਲੀ, ਅੰਗਰੇਜ਼ ਸਿੰਘ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਮੁੱਖ ਮੰਤਰੀ ਪੰਜਾਬ ਨੂੰ ਭਰਮ ਹੈ ਕਿ ਧੋਖੇ ਭਰੀ ਲਾਰਿਆਂ ਲੱਪਿਆਂ ਵਾਲੀ ਨੀਤੀ ਨਾਲ ਡੰਗ ਟਪਾਈ ਕਰ ਲੈਣਗੇ। ਹੁਣ ਕਾਮੇਡੀ ਰਾਹੀਂ ਲੋਕਾਂ ਨੂੰ ਮਗਰ ਲਾਉਣ ਨਾਲ ਮਸਲੇ ਹੱਲ ਨਹੀਂ ਹੋਣੇ। ਸਰਕਾਰ ਦੀ ਵਾਂਗਡੋਰ ਸੰਭਾਲਣ ਤੋਂ ਬਾਅਦ ਠੋਸ ਨੀਤੀਆਂ ਬਨਾਉਣੀਆਂ ਪੈਣਗੀਆਂ। ਕਿਸਾਨਾਂ ਨੂੰ ਉਪਰੋਕਤ ਅਨੁਸਾਰ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਨਹੀਂ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ। ਸੰਘਰਸ਼ ਦਾ ਅਗਲਾ ਪੜਾਅ ਵਿਸ਼ਾਲ ਅਤੇ ਤਿੱਖਾ ਹੋਵੇਗਾ। ਸਮੁੱਚਾ ਪ੍ਰੋਗਰਾਮ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਦੀ ਸੁਚੱਜੀ ਮੰਚ ਸੰਚਾਲਨ ਹੇਠ ਚੱਲਿਆ। ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਸਕੱਤਰਾਂ ਨੇ ਵੀ ਵਿਚਾਰ ਪੇਸ਼ ਕੀਤੇ।

LEAVE A REPLY

Please enter your comment!
Please enter your name here