ਬੀਕੇਯੂ ਡਕੌਂਦਾ ਵੱਲੋਂ ਹੜ੍ਹ ਪੀੜਤਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਡੀਸੀ ਦਫ਼ਤਰ ਬਰਨਾਲਾ ਦੇ ਘਿਰਾਓ ਦਾ ਐਲਾਨ

0
186

ਬਰਨਾਲਾ, 15 ਸਤੰਬਰ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਬਾਬੂ ਸਿੰਘ ਖੁੱਡੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਬਾਰੇ ਬਲਾਕ ਜਨਰਲ ਸਕੱਤਰ ਕੁਲਵਿੰਦਰ ਸਿੰਘ ਉੱਪਲੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਲਾਕ ਪੱਧਰੀ ਇਸ ਮੀਟਿੰਗ ਵਿੱਚ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋਏ। ਐਸਕੇਐਮ ਵੱਲੋਂ ਹੜ੍ਹ ਪੀੜਤਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਰਿਹਾਇਸ਼ਾਂ ਅੱਗੇ ਤਿੰਨ ਰੋਜ਼ਾ ਧਰਨਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਭਾਕਿਯੂ ਏਕਤਾ (ਡਕੌਂਦਾ) ਵੱਲੋਂ ਬਰਨਾਲਾ ਜ਼ਿਲ੍ਹੇ ਵਿੱਚ ਐਸਕੇਐਮ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਰਿਹਾਇਸ਼ ਅੱਗੇ ਵਿਸ਼ਾਲ ਤਿੰਨ ਰੋਜ਼ਾ ਧਰਨੇ ਸਬੰਧੀ ਸਮੂਹ ਪਿੰਡ ਇਕਾਈਆਂ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਉੱਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜ਼ਿਲ੍ਹਾ ਆਗੂਆਂ ਸੁਖਵਿੰਦਰ ਸਿੰਘ ਉੱਪਲੀ ਅਤੇ ਰਾਣਾ ਸਿੰਘ ਉੱਪਲੀ ਨੇ ਕਿਹਾ ਕਿ‌ ਕਿਉਂਕਿ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਕਿਸਾਨਾਂ ਅਤੇ ਆਮ ਲੋਕਾਂ ਦੀ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਨੇ ਹੀ ਬਾਂਹ ਨਹੀਂ ਫੜੀ, ਉਨ੍ਹਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਹੋਇਆ ਹੈ। ਕੁੰਭਕਰਨੀ ਨੀਂਦ ਸੁੱਤੇ ਕੇਂਦਰੀ ਅਤੇ ਸੂਬਾਈ ਹਾਕਮਾਂ ਨੂੰ ਜਗਾਉਣ ਅਤੇ ਮੁਆਵਜ਼ਾ ਹਾਸਲ ਕਰਨ ਲਈ ਇਹ ਵਿਸ਼ਾਲ ਤਿੰਨ ਰੋਜ਼ਾ ਧਰਨੇ ਦੇਕੇ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਹੁਣ ਸੰਘਰਸ਼ ਦੇ ਅਗਲੇ ਪੜਾਅ ਵਜੋਂ 22 ਸਤੰਬਰ ਨੂੰ ਡੀਸੀ ਦਫ਼ਤਰ ਬਰਨਾਲਾ ਦੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਦੇ ਕਾਫ਼ਲਿਆਂ ਦੀ ਸ਼ਮੂਲੀਅਤ ਕਰਾਉਣ ਲਈ ਹੁਣੇ ਤੋਂ ਹੀ ਤਿਆਰੀਆਂ ਵਿੱਚ ਜੁਟ ਜਾਣ ਦਾ ਸੱਦਾ ਦਿੱਤਾ।

ਇਸ ਮੀਟਿੰਗ ਵਿੱਚ ਆਗੂਆਂ ਵੱਲੋਂ ਜਥੇਬੰਦਕ ਅਦਾਰਿਆਂ ਦੀ ਮਜ਼ਬੂਤੀ ਲਈ ਨਵੇਂ ਸਿਰਿਉਂ ਜਥੇਬੰਦਕ ਚੋਣਾਂ ਦੇ ਅਮਲ ਨੂੰ ਤੇਜ਼ ਕਰਕੇ ਪਿੰਡ ਪੱਧਰੀ ਮੈਂਬਰਸ਼ਿਪ ਕਰਨ ਲਈ 20 ਸਤੰਬਰ ਤੱਕ ਦਾ ਸਮਾਂ ਤਹਿ ਕੀਤਾ ਗਿਆ। ਕਈ ਪਿੰਡਾਂ ਨੇ ਮੈਂਬਰਸ਼ਿਪ ਕੱਟਕੇ ਜਮ੍ਹਾਂ ਕਰਵਾ ਦਿੱਤੀ ਹੈ, ਬਾਕੀ ਰਹਿੰਦੀਆਂ ਪਿੰਡ ਇਕਾਈਆਂ ਨੂੰ ਮੈਂਬਰਸ਼ਿਪ ਜਲਦ ਪੂਰੀ ਕਰਨ ਦੀ ਹਦਾਇਤ ਕੀਤੀ ਗਈ। ਉਸ ਤੋਂ ਬਾਅਦ 30 ਸਤੰਬਰ ਤੱਕ ਮੈਂਬਰਸ਼ਿਪ ਦੇ ਅਧਾਰ ਤੇ ਬਲਾਕ ਬਰਨਾਲਾ ਦਾ ਡੈਲੀਗੇਟ ਇਜਲਾਸ ਕਰਕੇ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ 5000 ਰੁ. ਪ੍ਰਤੀ ਏਕੜ ਵਿਸ਼ੇਸ਼ ਪੈਕੇਜ ਦੇਣ ਦੀ ਥਾਂ ਜਾਬਰ ਹੱਥ ਕੰਡੇ ਅਪਨਾਉਣ ਦੇ ਐਲਾਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਜਿਹੇ ਜਾਬਰ ਹੱਥ ਕੰਡੇ ਅਪਨਾਉਣ ਤੋਂ ਬਾਜ ਆਵੇ ਨਹੀਂ ਤਾਂ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਪਿੰਡ ਧੌਲਾ ਦੇ ਗ਼ਰੀਬ ਕਿਸਾਨ ਪਰਿਵਾਰ ਦੇ ਨੌਜਵਾਨ ਨਰਾਇਣ ਸਿੰਘ ਪੁੱਤਰ ਨਛੱਤਰ ਸਿੰਘ ਦੇ ਰੋਟਾਵੇਟਰ ਦੇ ਬਲੇਡ ਬਨਾਉਣ ਵਾਲੀ ਸ਼੍ਰੀ ਬਾਲਾ ਜੀ ਇੰਡਸਟਰੀ ਖੁੱਡੀ ਖੁਰਦ ਵਿੱਚ ਮਾਲਕਾਂ ਵੱਲੋਂ ਢੁੱਕਵੇਂ ਪ੍ਰਬੰਧ ਨਾ ਕਰਕੇ ਕੰਮ ਕਰਦੇ ਦੌਰਾਨ ਬਾਂਹ ਕੱਟੀ ਜਾਣ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਮੰਗ ਕੀਤੀ ਕਿ ਫੈਕਟਰੀ ਮਾਲਕ 15 ਲੱਖ ਰੁਪਏ ਦਾ ਮੁਆਵਜ਼ਾ ਵਰਕਰ ਨਰਾਇਣ ਸਿੰਘ ਨੂੰ ਤੁਰੰਤ ਅਦਾ ਕਰਨ ਨਹੀਂ ਤਾਂ ਸੰਘਰਸ਼ ਦਾ ਰਸਤਾ ਅਖ਼ਤਿਆਰ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਕੁਲਵੰਤ ਸਿੰਘ ਹੰਢਿਆਇਆ, ਹਰਪਾਲ ਸਿੰਘ ਹੰਢਿਆਇਆ, ਗੋਪਾਲ ਕ੍ਰਿਸ਼ਨ ਹਮੀਦੀ, ਰਾਜ ਸਿੰਘ ਹਮੀਦੀ, ਜਰਨੈਲ ਸਿੰਘ ਖੁੱਡੀਕਲਾਂ, ਬਲਵੰਤ ਸਿੰਘ ਠੀਕਰੀਵਾਲਾ, ਕੁਲਦੀਪ ਸਿੰਘ ਧੌਲਾ, ਮੱਖਣ ਸਿੰਘ, ਜੀਤ ਸਿੰਘ, ਜਗਦੇਵ ਸਿੰਘ ਖੁੱਡੀਕਲਾਂ, ਸਤਨਾਮ ਸਿੰਘ, ਗੁਰਮੀਤ ਸਿੰਘ ਬਰਨਾਲਾ, ਅਮਨਦੀਪ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਕੋਠੇ ਰਾਮਸਰ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here