ਬੁਢਲਾਡਾ ਦਾ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਤਿੰਨ ਸਾਲ ਤੋਂ ਬਿਨਾਂ ਪਰਾਲੀ ਸਾੜੇ 30 ਕਿੱਲਿਆਂ ‘ਚ ਕਰ ਰਿਹੈ ਕਣਕ ਦੀ ਸਿੱਧੀ ਬਿਜਾਈ
*ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਕਿਸਾਨ ਦੇ ਖੇਤ ‘ਚ ਪਹੁੰਚ ਕੇ ਕੀਤੀ ਹੌਂਸਲਾ ਅਫਜ਼ਾਈ
*ਕਿਹਾ, ਹੋਰ ਕਿਸਾਨ ਵੀ ਅਗਾਂਹਵਧੂ ਕਿਸਾਨ ਰਮਨਦੀਪ ਤੋਂ ਪ੍ਰੇਰਨਾ ਲੈਣ
ਬੁਢਲਾਡਾ/ਮਾਨਸਾ, 09 ਨਵੰਬਰ:
ਬੁਢਲਾਡਾ ਦਾ ਵਸਨੀਕ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਧਾਲੀਵਾਲ ਪਿਛਲੇ ਤਿੰਨ ਸਾਲ ਤੋਂ ਆਪਣੀ 30 ਕਿੱਲੇ ਜ਼ਮੀਨ ਵਿਚ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰ ਰਿਹੈ ਅਤੇ ਹੋਰਨਾ ਕਿਸਾਨਾਂ ਪ੍ਰੇਰਨਾਸ੍ਰੋਤ ਬਣਿਆ ਹੋਇਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਸਾਨ ਰਮਨਦੀਪ ਦੇ ਖੇਤ ਪਹੁੰਚ ਕੇ ਉਸ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੂਜੇ ਕਿਸਾਨ ਵੀ ਅਜਿਹੇ ਕਿਸਾਨਾਂ ਤੋਂ ਸੇਧ ਲੈ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਬਲਕਿ ਇਸ ਨੂੰ ਮਸ਼ੀਨਰੀ ਦੀ ਵਰਤੋਂ ਰਾਹੀਂ ਮਿੱਟੀ ਵਿਚ ਰਲਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 08 ਹਜ਼ਾਰ ਤੋਂ ਵਧੇਰੇ ਮਸ਼ੀਨਰੀ ਪਰਾਲੀ ਪ੍ਰਬੰਧਨ ਲਈ ਉਪਲੱਬਧ ਹੈ।
ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨ ਇਨ ਸੀਟੂ ਅਤੇ ਐਕਸ ਸੀਟੂ ਵਿਧੀ ਰਾਹੀਂ ਪਰਾਲੀ ਪ੍ਰਬੰਧਨ ਕਰ ਸਕਦੇ ਹਨ ਜਿਸ ਦੇ ਲਈ ਜ਼ਿਲ੍ਹੇ ਅੰਦਰ 115 ਬੇਲਰ ਅਤੇ 03 ਹਜ਼ਾਰ ਦੇ ਕਰੀਬ ਸੁਪਰ ਸੀਡਰ ਉਪਲੱਬਧ ਹਨ।
ਐਸ.ਐਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਕਿਸਾਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਕਾਨੂੰਨ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਵਿਚ ਜਿਸ ਵੀ ਕਿਸਾਨ ਨੂੰ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਨੇੜਲੇ ਦਫ਼ਤਰ ਜਾਂ ਐਸ.ਡੀ.ਐਮ. ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੁਦਰਤ ਦੀ ਸਾਂਭ ਸੰਭਾਲ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਨਾਲ ਹੀ ਝੋਨੇ ਦੀ ਫਸਲ ਤੋਂ ਹੋਰ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇ ਅਤੇ ਧਰਤੀ ਹੇਠਲਾ ਪਾਣੀ ਤੇ ਵਾਤਾਵਰਣ ਦੀ ਬਚਾਅ ਹੋ ਸਕੇ।