ਬੇਕਰਸ਼ਫੀਲਡ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬੇਕਰਸ਼ਫੀਲਡ ਨਿਵਾਸੀ ਜਤਿੰਦਰ ਤੂਰ ਅਤੇ ਜਰਨੈਲ ਬਰਾੜ ਨੇ ਆਪਣੇ ਸਹਿਯੋਗੀ ਸਾਥੀਆਂ ਦੀ ਮਦਦ ਨਾਲ “ਮਹਿਫਲ-ਏ-ਮੰਗਲ” ਕਰਵਾਈ। ਜੋ ਖਾਸ ਤੌਰ ‘ਤੇ ਪੰਜਾਬ ਤੋਂ ਆਏ ਹੋਏ ਉੱਘੇ ਗੀਤਕਾਰ ਮੰਗਲ ਹਠੂਰ ਦੇ ਸਨਮਾਨ ਵਿੱਚ ਰੱਖੀ ਗਈ ਸੀ। ਮੰਗਲ ਹਠੂਰ ਦੇ ਗੀਤ ਵਾਰਸ ਭਰਾਵਾ ਅਤੇ ਹੋਰ ਬਹੁਤ ਸਾਰੇ ਨਾਮਵਰ ਗਾਇਕਾ ਨੇ ਗਾਏ। ਇੰਨਾਂ ਗੀਤਾਂ ਵਿੱਚ ਮੰਗਲ ਹਠੂਰ ਨੇ ਪੰਜਾਬੀ ਵਿਰਸੇ ਅਤੇ ਪੰਜਾਬ ਦੀ ਗੱਲ ਕੀਤੀ ਹੈ। ਜੋ ਪੰਜਾਬੀਅਤ ਨਾਲ ਜੁੜੇ ਹੋਏ ਵੱਖ-ਵੱਖ ਵਿਸ਼ਿਆਂ ਰਾਹੀ ਜਿੱਥੇ ਸਾਡੇ ਸਮਾਜ ਦੀ ਤਰਜਮਾਨੀ ਕਰਦੇ ਹਨ, ਉੱਥੇ ਚੰਗੇ ਸਮਾਜ ਸਿਰਜਣ ਦਾ ਹੁੰਗਾਰਾ ਵੀ ਭਰਦੇ ਹਨ। ਇਸ ਸਮੇਂ ਮਹਿਫਲ ਵਿੱਚ ਮੰਗਲ ਹਠੂਰ ਨੇ ਆਪਣੇ ਲਿਖੇ ਸਦਾ ਬਹਾਰ ਗੀਤਾਂ ਦੀ ਛਹਿਬਰ ਲਾ ਸਰੋਤਿਆਂ ਨੂੰ ਇਉਂ ਕੀਲੀ ਰੱਖਿਆ, ਜਿਵੇਂ ਸੱਚ-ਮੁੱਖ ਹੀ ਉਨ੍ਹਾਂ ਨੂੰ ਕੁਝ ਪਲਾਂ ਲਈ ਪੰਜਾਬ ਲੈ ਵੜਿਆ ਹੋਵੇ। ਇਸੇ ਦੌਰਾਨ ਮੰਗਲ ਹਠੂਰ ਦੇ ਗੀਤਾਂ ਦੀ ਪੁਸਤਕ ਵੀ ਲੋਕ-ਅਰਪਣ ਕੀਤੀ ਗਈ। ਇਸ ਸਮੇਂ ਪ੍ਰਬੰਧਕਾ ਵੱਲੋਂ ਮੰਗਲ ਹਠੂਰ ਨੂੰ ਸਨਮਾਨ ਨਿਸ਼ਾਨੀ ਵੀ ਭੇਟ ਕੀਤੀ ਗਈ। ਮਹਿਫਲ ਵਿੱਚ ਮੰਗਲ ਹਠੂਰ ਤੋਂ ਇਲਾਵਾ ਗਾਇਕ ਗੌਗੀ ਸੰਧੂ, ਪੱਪੀ ਭਦੌੜ, ਸੰਨੀ ਬੱਬਰ ਅਤੇ ਹੋਰ ਗਾਇਕਾ ਨੇ ਵੀ ਸਰੋਤਿਆਂ ਦਾ ਭਰਪੂਰ ਮੰਨੋਰੰਜਨ ਕੀਤਾ। ਜਦ ਕਿ ਹਾਜ਼ਰੀਨ ਕਵੀਆਂ ਨੇ ਵੀ ਕਵਿਤਾਵਾ ਰਾਹੀ ਹਾਜ਼ਰੀ ਭਰੀ। ਅੰਤ ਜਤਿੰਦਰ ਤੂਰ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਪੰਜਾਬੀਅਤ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਬੇਕਸਫੀਲਡ ਵਿੱਚ ਲੱਗੀ ਇਹ ਮਹਿਫਲ ਰਾਤਰੀ ਦੇ ਸੁਆਦਿਸਟ ਖਾਣੇ ਨਾਲ ਯਾਦਗਾਰੀ ਹੋ ਨਿਬੜੀ।
Boota Singh Basi
President & Chief Editor