ਬੇਰੁਜਗਾਰ ਮਲਟੀਪਰਪਜ ਸਿਹਤ ਵਰਕਰਾਂ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ
ਪਟਿਆਲਾ, 17 ਮਾਰਚ, 2024: ਸਿਹਤ ਵਿਭਾਗ ਵਿੱਚ ਮਲਟੀ ਪਰਪਜ ਹੈਲਥ ਵਰਕਰ (ਮੇਲ) ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਨੂੰ ਉਮਰ ਹੱਦ ਦੀ ਛੋਟ ਦੇ ਕੇ ਭਰਨ ਸਬੰਧੀ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਸਿਹਤ ਮੰਤਰੀ ਡਾ: ਬਲਵੀਰ ਸਿੰਘ ਦੀ ਸਥਾਨਕ ਰਿਹਾਇਸ ਦਾ ਘਿਰਾਓ ਕੀਤਾ ਗਿਆ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਮੰਤਰੀ ਦੀ ਰਿਹਾਇਸ ਵੱਲ ਨੂੰ ਮਾਰਚ ਦੇ ਰੂਪ ਵਿੱਚ ਨਾਅਰੇਬਾਜੀ ਕਰਦੇ ਅੱਗੇ ਵਧੇ ਬੇਰੁਜਗਾਰਾਂ ਨੂੰ ਪੁਲਿਸ ਪ੍ਰਸ਼ਾਸਨ ਦੁਆਰਾ ਬੈਰੀਕੇਡ ਲਗਾ ਕੇ ਰੋਕ ਲਿਆ, ਪ੍ਰੰਤੂ ਬੇਰੁਜਗਾਰਾਂ ਦੇ ਰੋਹ ਨੂੰ ਵੇਖਦਿਆਂ ਤੁਰੰਤ ਪ੍ਰਸਾਸਨ ਵਲੋਂ ਘਰ ਵਿੱਚ ਹਾਜਰ ਸਿਹਤ ਮੰਤਰੀ ਦੇ ਪੁੱਤਰ ਨੂੰ ਬੁਲਾ ਕੇ ਮੰਗ ਪੱਤਰ ਦਿਵਾਇਆ ਗਿਆ। ਸੂਬਾ ਪ੍ਰਧਾਨ ਢਿੱਲਵਾਂ ਨੇ ਦੱਸਿਆ ਕਿ ਸਿਹਤ ਮੰਤਰੀ ਦੇ ਪੁੱਤਰ ਵਲੋਂ ਵਿਸਵਾਸ ਦਿੱਤਾ ਗਿਆ ਕਿ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਲੱਗੇ ਚੋਣ ਜ਼ਾਬਤੇ ਤੋਂ ਬਾਅਦ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਸਬੰਧੀ ਇਸਤਿਹਾਰ ਜਾਰੀ ਕੀਤਾ ਜਾਵੇਗਾ।ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰਦੀ ਹੈ ਤਾਂ ਚੋਣਾਂ ਤੋਂ ਬਾਅਦ ਭਵਿੱਖ਼ ਵਿੱਚ ਅਗਲੇ ਸੰਘਰਸ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਸ ਮੌਕੇ ਮਨਪ੍ਰੀਤ ਭੁੱਚੋ, ਹੀਰਾ ਲਾਲ ਅੰਮ੍ਰਿਤਸਰ, ਨਾਹਰ ਸਿੰਘ ਅਤੇ ਰਾਜ ਸੰਗਤੀਵਾਲਾ ਸੰਗਰੂਰ, ਕੁਲਦੀਪ ਪੰਨਾ ਵਾਲ, ਸੋਨੀ ਲਹਿਰਾ, ਨਵਦੀਪ ਰੋਮਾਣਾ, ਮੇਜਰ ਪਾਤੜਾਂ, ਜਸਮੇਲ ਦੇਧਨਾ, ਗੁਰਜੰਟ ਸਿੰਘ, ਹਰਕੀਰਤ ਬਾਲਦ ਕਲਾਂ, ਰੁਪਿੰਦਰ ਸੁਨਾਮ, ਕੁਲਵਿੰਦਰ ਸਿੰਘ ਗਿੱਲ, ਨਵ ਗਗਨ ਸਿੰਘ, ਸੁਰਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਹਾਜਰ ਸਨ।