ਬੇਰੁਜ਼ਗਾਰਾਂ ਦੀ ਖ਼ੁਦਕੁਸ਼ੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਕਰਾਰ

0
320

ਬੇਰੁਜ਼ਗਾਰਾਂ ਦੀ ਖ਼ੁਦਕੁਸ਼ੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਕਰਾਰ

ਨੌਜਵਾਨ ਖੁਦਕੁਸ਼ੀ ਨਹੀਂ, ਸੰਘਰਸ਼ ਕਰਨ: ਢਿੱਲਵਾਂ

ਸੰਗਰੂਰ,
ਪਿਛਲੇ ਕਰੀਬ ਦੋ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਪਿੰਡ ਰੁਲ ਰਹੇ ਬੇਰੁਜ਼ਗਾਰ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਵਿੱਚੋ ਬੇਰੁਜ਼ਗਾਰੀ ਕਾਰਨ ਹਤਾਸ਼ ਹੋਕੇ ਖੁਦਕੁਸ਼ੀ ਕਰ ਚੁੱਕੀ ਪ੍ਰੋਫੈਸਰ ਦੀ ਮੌਤ ਲਈ ਸਿੱਧੇ ਤੌਰ ਉੱਤੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਜ਼ਿਮੇਵਾਰ ਹਨ। ਬਦਲਾਅ ਵਾਲੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਬਜਾਏ ਮੌਤਾਂ ਵੰਡ ਰਹੀ ਹੈ। ਉਕਤ ਸ਼ਬਦ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰ ਚੁੱਕੀ ਪ੍ਰੋਫੈਸਰ ਬਲਵਿੰਦਰ ਕੌਰ ਰੋਪੜ ਦੀ ਮੌਤ ਉੱਤੇ ਪ੍ਰਤੀਕਰਮ ਦਿੰਦੇ ਆਖੇ।

ਸ਼੍ਰੀ ਢਿੱਲਵਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ ਵਲੰਟੀਅਰ ਭੈਣ ਕਿਰਨਜੀਤ ਕੌਰ, ਜਗਸੀਰ ਸਿੰਘ ਚੱਕ ਭਾਈਕੇ ਆਦਿ ਨੇ ਵੀ ਸਰਕਾਰਾਂ ਦੀਆਂ ਬੇਰੁਜ਼ਗਾਰ ਮਾਰੂ ਨੀਤੀਆਂ ਤੋ ਤੰਗ ਆਕੇ ਮੌਤ ਨੂੰ ਗਲੇ ਲਗਾਇਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰਾਂ ਦੇ ਕਤਲ ਬਾਦਸਤੂਰ ਜਾਰੀ ਹਨ, ਬਦਲਾਅ ਸਿਰਫ ਇੰਨਾ ਆਇਆ ਹੈ ਕਿ ਕਾਤਲ ਬਦਲੇ ਹਨ। ਉਹਨਾਂ ਉਕਤ ਮਾਮਲੇ ਦੀ ਨਿਰਪੱਖ ਜਾਂਚ ਕਿਸੇ ਸੇਵਾ ਮੁਕਤ ਜੱਜ ਤੋ ਕਰਵਾ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਚਾਹੀਦਾ ਹੈ ਤਾਂ ਜ਼ੋ ਸਰਕਾਰ ਬਣਨ ਮਗਰੋਂ ਸਬੰਧਤ ਪਾਰਟੀ ਆਪਣੇ ਵਾਅਦੇ ਪੂਰ ਕਰੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪਾਰਟੀ ਦੀ ਮਾਨਤਾ ਰੱਦ ਕਰਕੇ ਸਖਤ ਕਾਰਵਾਈ ਕੀਤੀ ਜਾਵੇ।

ਉਹਨਾਂ ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਪੀੜਤ ਦੇ ਗਮ ਵਿੱਚ ਸ਼ਰੀਕ ਹੋਣ ਦੀ ਅਪੀਲ ਕਰਦਿਆਂ, ਪੰਜਾਬ ਦੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੇ ਸੰਘਰਸ਼ ਵਿੱਚ ਸਾਥ ਦੇਣ ਦੀ ਵੀ ਅਪੀਲ ਕੀਤੀ। ਉਹਨਾਂ ਕੇਂਦਰ ਸਰਕਾਰ ਉੱਤੇ ਵੀ ਦੋ ਕਰੋੜ ਸਾਲਾਨਾ ਨੌਕਰੀਆਂ ਦੇਣ ਦੇ ਵਾਅਦੇ ਉੱਤੋਂ ਮੁਕਰਨ ਦੇ ਦੋਸ਼ ਲਗਾਏ। ਉਹਨਾਂ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਨੂੰ ਖ਼ੁਦਕੁਸ਼ੀਆਂ ਦੀ ਬਜਾਏ ਸੰਘਰਸ਼ਾਂ ਦਾ ਪਿੜ ਮੱਲਣ ਦਾ ਹੋਕਾ ਦਿੱਤਾ।

LEAVE A REPLY

Please enter your comment!
Please enter your name here