ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ‘ਤੇ ਪੰਜਾਬ ਸਰਕਾਰ ਖ਼ਿਲਾਫ਼ ਗੁਪਤ ਐਕਸ਼ਨ ਕਰਨ ਦਾ ਐਲਾਨ

0
195

ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ‘ਚ ਲਿਆ ਫ਼ੈਸਲਾ

ਬੀ.ਏ ‘ਚੋਂ 55% ਦੀ ਸ਼ਰਤ ਨੂੰ ਮੁੱਢੋਂ ਰੱਦ ਕਰਨ ਅਤੇ ਲੈਕਚਰਾਰ ਦੀ ਭਰਤੀ ਲਈ ਸਮਾਜਿਕ ਸਿੱਖਿਆ ਵਿਸ਼ੇ ਨੂੰ ਸ਼ਾਮਿਲ ਕਰਨ ਦੀ ਮੰਗ

ਸੰਗਰੂਰ, 13 ਅਗਸਤ, 2023: ਬੇਰੁਜ਼ਗਾਰ ਬੀ.ਐੱਡ.ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੀ ਅੱਜ ਸੂਬਾ ਕਮੇਟੀ ਦੀ ਮੀਟਿੰਗ ਮਸਤੂਆਣਾ ਸਾਹਿਬ ਵਿਖੇ ਹੋਈ, ਜਿਸ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਜਲਦ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਰਕਾਰ ਖ਼ਿਲਾਫ਼ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਗੁਪਤ ਐਕਸ਼ਨ ਕਰਨਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਕਾ ਨੇ ਕਿਹਾ ਕਿ ਸਰਕਾਰ ਨੌਕਰੀ ਲਈ ਬੀ.ਏ ਵਿੱਚੋਂ ਲਗਾਈ ਗਈ 55% ਦੀ ਬੇਤੁੱਕੀ ਸ਼ਰਤ ਨੂੰ ਹਟਾਕੇ ਜਲਦ ਮਾਸਟਰ ਕੇਡਰ ਦੀ ਵੱਡੀ ਗਿਣਤੀ ਵਿੱਚ ਭਰਤੀ ਕਰੇ। ਉਹਨਾਂ ਦੱਸਿਆ ਕਿ ਪੰਜਾਬ ਦੇ ਅਨੇਕਾਂ ਸਰਕਾਰੀ ਸਕੂਲਾਂ ਅਧਿਆਪਕਾਂ ਦੀ ਕਮੀਂ ਨਾਲ ਜੂਝ ਰਹੇ ਹਨ ਅਤੇ ਬਹੁ-ਗਿਣਤੀ ਬੇਰੁਜ਼ਗਾਰ ਅਧਿਆਪਕ ਸੜਕਾਂ ਤੇ ਰੁੱਲ ਰਹੇ ਹਨ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀਂ ਪਿਛਲੇ ਦਿਨੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਕ ਸਕੂਲ ਵਿੱਚ ਮਾਰੀ ਗਈ ਰੇਡ ਦੇ ਦੌਰਾਨ ਵੀ ਸਾਹਮਣੇ ਆਈ ਹੈ, ਜਿੱਥੇ 24 ਅਧਿਆਪਕਾਂ ਦੀ ਲੋੜ ਹੈ ਪਰ ਸਿਰਫ਼ ਉੱਥੇ 12 ਅਧਿਆਪਕ ਹੀ ਸਨ।

ਯੂਨੀਅਨ ਆਗੂ ਨੇ ਦੱਸਿਆ ਕਿ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਨੌਕਰੀ ਲਈ ਬੀ.ਏ ਵਿੱਚੋਂ ਰੱਖੀ ਗਈ 55% ਦੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ ਕਿਉਂਕਿ ਬੀ.ਐੱਡ ਦਾ ਦਾਖਲਾ ਹੁਣ ਵੀ 45-50% ਤੇ ਹੋ ਰਿਹਾ ਹੈ ਅਤੇ ਅਧਿਆਪਕਾਂ ਦੀ ਭਰਤੀ ਸਮੇਂ ਵੀ ਮਾਸਟਰ ਕੇਡਰ ਦੇ ਪੇਪਰ ਦੀ ਮੈਰਿਟ ਬਣਦੀ ਹੈ ਨਾ ਕਿ ਬੀ.ਏ ਦੀ, ਇਸ ਲਈ ਜੇ ਪੰਜਾਬ ਸਰਕਾਰ 55% ਦੀ ਸ਼ਰਤ ਨੂੰ ਰੱਦ ਨਹੀਂ ਕਰਦੀ ਤਾਂ ਉਹਨਾਂ ਦੇ ਬਹੁ-ਗਿਣਤੀ ਸਾਥੀਆਂ ਦੀਆਂ ਡਿਗਰੀਆਂ ਰੱਦੀ ਹੋ ਜਾਣਗੀਆਂ। ਇਸ ਲਈ 55% ਦੀ ਸ਼ਰਤ ਨੂੰ ਮੁੱਢੋਂ ਰੱਦ ਕਰਕੇ ਜਲਦ ਵੱਡੇ ਪੱਧਰ ਤੇ ਅਧਿਆਪਕਾਂ ਦੀ ਭਰਤੀ ਕੱਢੀ ਜਾਵੇ ਤਾਂ ਜੋ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀਂ ਨੂੰ ਪੂਰਾ ਕਰਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਦੂਜਾ ਲੈਕਚਰਾਰ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕੀਤਾ ਜਾਵੇ।

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਜਲਦ ਉਹਨਾਂ ਦੀਆਂ ਇਹ ਮੰਗਾਂ ਨਹੀ ਮੰਨਦੀ ਤਾਂ ਬੇਰੁਜ਼ਗਾਰ ਅਧਿਆਪਕ ਵੱਡੀ ਗਿਣਤੀ ਨਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਸਖ਼ਤ ਗੁਪਤ ਐਕਸ਼ਨ ਕਰਨਗੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਸੇਖਾ, ਸੂਬਾ ਖ਼ਜ਼ਾਨਚੀ ਹਰਵਿੰਦਰ ਸਿੰਘ ਬਠਿੰਡਾ, ਮਨੀਸ਼ ਫਾਜ਼ਿਲਕਾ, ਸੰਦੀਪ ਸਿੰਘ ਮੋਫ਼ਰ, ਸੁਖਪਾਲ ਖਾਨ, ਜਗਸੀਰ ਜਲੂਰ, ਕੁਲਵੰਤ ਲੌਂਗੋਵਾਲ ਆਦਿ ਬੇਰੁਜ਼ਗਾਰ ਅਧਿਆਪਕ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here