ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਵਰ੍ਹਦੇ ਮੀਂਹ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ
ਸੰਗਰੂਰ, 17 ਸਤੰਬਰ, 2023: ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ. ਟੀ. ਟੈੱਟ ਪਾਸ 5994 ਅਧਿਆਪਕਾਂ ਵੱਲੋਂ ਅੱਜ ਸੰਗਰੂਰ ਵਿਖੇ ਤੇਜ਼ ਬਾਰਿਸ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਰੋਸ ਮਾਰਚ ਕਰਦਿਆਂ ਕੋਠੀ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਬੇਰੁਜ਼ਗਾਰ ਅਧਿਆਪਕ ਆਗੂਆਂ ਸੁਰਿੰਦਰਪਾਲ ਗੁਰਦਾਸਪੁਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਅਤੇ ਬਲਵਿੰਦਰ ਸਿੰਘ ਕਾਕਾ ਨੇ ਮੰਗ ਕੀਤੀ ਕਿ 5994 ਈਟੀਟੀ ਭਰਤੀ ਦੀ ਮਾਨਯੋਗ ਹਾਈਕੋਰਟ ਵਿੱਚ ਸਰਕਾਰ ਵੱਲੋਂ ਪੈਰਵਾਈ ਕੀਤੀ ਜਾਵੇ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ 5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦਾ ਬੈਕਲਾਗ ਦੀਆਂ ਅਸਾਮੀਆਂ ਨੂੰ ਡੀ-ਰਿਜ਼ਰਵ ਕਰਕੇ ਜਲਦੀ ਤੋਂ ਜਲਦੀ ਸਕਰੂਟਨੀ ਸ਼ੁਰੂ ਕੀਤੀ ਜਾਵੇ ਅਤੇ ਪਹਿਲਾਂ ਹੀ ਸਕਰੂਟਨੀ ਕਰਵਾ ਚੁੱਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਭੇਜਿਆ ਜਾਵੇ।
ਇਸ ਮੌਕੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕ ਜਥੇਬੰਦੀ ਦੀ ਸਿੱਖਿਆ ਮੰਤਰੀ ਹਰਜੋਤ ਬੈੰਸ ਨਾਲ 27 ਸਤੰਬਰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾ਼ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ।
ਰੈਲੀ ਦੌਰਾਨ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਬੇਰੁਜ਼ਗਾਰਾਂ ਦੀਆਂ ਮੰਗਾਂ ਦਾ ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ ਪੁਖਤਾ ਹੱਲ ਨਹੀਂ ਕੱਢਿਆ ਤਾਂ ਆਉਣ ਵਾਲੇ ਦਿਨਾਂ ‘ਚ ਤਿੱਖੇ ਗੁਪਤ ਸੰਘਰਸ਼ ਕੀਤੇ ਜਾਣਗੇ, ਜਿਸ ਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸੁਰਿੰਦਰਪਾਲ ਗੁਰਦਾਸਪੁਰ, ਸੁਖਵਿੰਦਰ, ਗੁਰਪ੍ਰੀਤ, ਸੁਰਿੰਦਰ, ਬਲਵਿੰਦਰ ਸਿੰਘ ਕਾਕਾ, ਕਰਨ, ਸਰਬਜੀਤ ਸਿੰਘ ਆਦਿ ਬੇਰੁਜ਼ਗਾਰ ਆਗੂ ਹਾਜ਼ਰ ਸਨ।