* ਸਿੱਖਿਆ ਮੰਤਰੀ ਨਾਲ ਮੀਟਿੰਗ ਵਿੱਚ ਹੱਲ ਨਾ ਹੋਇਆ ਤਾਂ ਹੋਵੇਗਾ ਗੁਪਤ ਐਕਸ਼ਨ- ਦੀਪਕ ਕੰਬੋਜ
* 11ਵੇਂ ਦਿਨ ਵੀ ਟੈਂਕੀ ਉਪਰ ਡਟੇ ਰਹੇ ਬੇਰੁਜ਼ਗਾਰ ਅਧਿਆਪਕ
ਖਰੜ, (ਦਲਜੀਤ ਕੌਰ ਭਵਾਨੀਗੜ੍ਹ) -ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਅੱਜ 1 ਨਵੰਬਰ ਨੂੰ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਮੀਟਿੰਗ ਹੋਵੇਗੀ। ਉਧਰ ਅੱਜ 11ਵੇਂ ਦਿਨ ਵੀ ਟੈਂਕੀ ’ਤੇ ਚੜ੍ਹੇ ਦੋ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਪਰਮ ਫ਼ਾਜਿਲਕਾ ਤੇ ਅਮਨ ਫ਼ਾਜਿਲਕਾ ਵੀ ਟੈਂਕੀ ਦੇ ਉੱਪਰ ਡਟੇ ਰਹੇ, ਅਤੇ ਟੈਂਕੀ ਹੇਠਾਂ ਲੱਗਿਆ ਪੱਕਾ ਮੋਰਚਾ ਜਾਰੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਇਹ ਦੋਵੇਂ ਬੇਰੁਜ਼ਗਾਰ ਅਧਿਆਪਕ ਠੰਢ ਵਿੱਚ ਵੀ ਲਗਾਤਾਰ ਟੈਂਕੀ ਉਪਰ ਡਟੇ ਹੋਏ ਹਨ ਅਤੇ ਠੰਡ ਦੇ ਕਾਰਨ ਬੇਰੁਜ਼ਗਾਰ ਅਧਿਆਪਕਾਂ ਦੀ ਸਿਹਤ ਵੀ ਖ਼ਰਾਬ ਹੋਣ ਲੱਗ ਪਈ ਹੈ, ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਸਾਰ ਨਹੀਂ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੇ ਪ੍ਰਤੀ ਇਕ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸ਼ਲਿਦਰ ਕੰਬੋਜ , ਸੁਰਿੰਦਰ ਕੰਬੋਜ, ਸੁਰੇਸ਼ ਕੰਬੋਜ, ਰਜਿੰਦਰ ਕੰਬੋਜ, ਗੁਰਪ੍ਰੀਤ ਕੰਬੋਜ, ਕ੍ਰਿਸ਼ ਕੰਬੋਜ, ਨਰੇਸ਼ ਕੰਬੋਜ, ਰਾਹੁਲ ਕੰਬੋਜ, ਪਰਦੀਪ ਕੰਬੋਜ, ਮਨੋਹਰ, ਜਗਤਾਰ ਸਿੰਘ ਤੇ ਹਰਮਨ ਕੰਬੋਜ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ੍ਹ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਕੋਈ ਵੀ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਹੋਰ ਤਿੱਖੇ ਐਕਸ਼ਨ ਕੀਤੇ ਜਾਣਗੇ, ਜਿਸ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ, ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
Boota Singh Basi
President & Chief Editor