‘ਐਮਰਜੈਂਸੀ’ ਫ਼ਿਲਮ ‘ਤੇ ਪਾਬੰਦੀ ਲਈ ਆਨਲਾਈਨ ਪੋਰਟਲ ਰਾਹੀਂ ਕਰਵਾਈ ਸ਼ਿਕਾਇਤ ਦਰਜ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,29 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ,ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਨਲਾਈਨ ਪੋਰਟਲ ਰਾਹੀਂ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਵਲੋਂ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੀ ਭਾਜਪਾ ਦੀ ਸੰਸਦ ਮੈਂਬਰ ਅਤੇ ਅਭਿਨੇਤਰੀ ਕੰਗਨਾ ਰਣੌਤ ਦੀ ਹਾਲ ਵਿਚ ਜ਼ਾਰੀ ਹੋਈ ਵਿਵਾਦਤ ਫ਼ਿਲਮ ‘ਐਮਰਜੈਂਸੀ’ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ।ਉਨ੍ਹਾਂ ਨੇ ਇਸ ਵਿਵਾਦਤ ਫ਼ਿਲਮ ਦੇ ਅੰਦਰ ਸਿੱਖ ਕੌਮ ਦੇ ਖਿਲਾਫ਼ ਨਫ਼ਰਤ ਦੀ ਪੇਸ਼ਕਾਰੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਭੜਕਾਉਣ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਸ.ਬ੍ਰਹਮਪੁਰਾ ਨੇ ਸਮਾਜਿਕ ਸਦਭਾਵਨਾ ਅਤੇ ਭਾਰਤ ਦੀ ਸੱਭਿਆਚਾਰਕ ਅਖੰਡਤਾ ‘ਤੇ ਇਸ ਤਰ੍ਹਾਂ ਦੇ ਚਿੱਤਰਾਂ ਦੇ ਮਾੜੇ ਪ੍ਰਭਾਵਾਂ ‘ਤੇ ਜ਼ੋਰ ਦਿੱਤਾ।ਇਸ ਫ਼ਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਨੂੰ ਅੱਤਵਾਦੀ ਵਜੋਂ ਪੇਸ਼ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਸ.ਬ੍ਰਹਮਪੁਰਾ ਨੇ ਭਾਈਚਾਰਿਆਂ ਦੇ ਆਪਸੀ ਵਿਵਾਦ ਅਤੇ ਫੁੱਟ ਪਾਉਣ ਵੱਲ ਇਸ਼ਾਰਾ ਕੀਤਾ ਜਿਸ ਦੇ ਭਵਿੱਖ ਵਿੱਚ ਨਤੀਜੇ ਬੇਹੱਦ ਮੰਦਭਾਗੇ ਸਾਹਮਣੇ ਆ ਸਕਦੇ ਹਨ।ਉਨ੍ਹਾਂ ਨੇ ਕੰਗਨਾ ਰਣੌਤ ਵੱਲੋਂ ਗ਼ਲਤ ਬਿਆਨਬਾਜ਼ੀ ਅਤੇ ਭੜਕਾਊ ਗਤਿਵਿਧੀਆਂ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਪੰਜਾਬ ਦੇ ਸੱਭਿਆਚਾਰਕ ਤਾਣੇ-ਬਾਣੇ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ।
ਸ.ਬ੍ਰਹਮਪੁਰਾ ਨੇ ਸਮਾਜਿਕ ਸਦਭਾਵਨਾ ਅਤੇ ਸੱਭਿਆਚਾਰਕ ਵਿਰਾਸਤ ‘ਤੇ ਮਹੱਤਵਪੂਰਨ ਸੰਭਾਵੀ ਪ੍ਰਭਾਵ ਦੇ ਮੱਦੇਨਜ਼ਰ, ਇਸ ਸੰਬੰਧੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੋਵਾਂ ਨੂੰ ਤੁਰੰਤ ਫ਼ਿਲਮ ‘ਤੇ ਪਾਬੰਦੀ ਲਗਾਉਣ ਲਈ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਇਸ ਨੂੰ ਰੋਕਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਅਜਿਹੀ ਫ਼ਿਲਮ ਦਾ ਪ੍ਰਸਾਰ ਜੋ ਲੋਕਾਂ ਦੀ ਆਪਸੀ ਵੰਡੀਆਂ ਨੂੰ ਵਧਾਉਂਦਾ ਹੈ,ਗ਼ਲਤ ਜਾਣਕਾਰੀ ਫੈਲਾਉਂਦਾ ਹੈ ਅਤੇ ਫ਼ਿਰਕੂ ਤਣਾਅ ਨੂੰ ਭੜਕਾਉਂਦਾ ਹੈ, ਨੂੰ ਬਿੰਨਾਂ ਕਿਸੇ ਦੇਰੀ ‘ਤੇ ਪਾਬੰਦੀ ਲਗਾਉਣਾ ਸੰਬੰਧਿਤ ਮੰਤਰਾਲੇ ਦੀ ਨੈਤਿਕ ਤੌਰ ‘ਤੇ ਜ਼ਿੰਮੇਵਾਰੀ ਬਣਦੀ ਹੈ।
ਸ.ਬ੍ਰਹਮਪੁਰਾ ਨੇ ਸਾਡੇ ਸਿੱਖ ਸਮਾਜ ਦੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਸੁਰੱਖਿਅਤ ਰੱਖਣ ਅਤੇ ਸੱਭਿਆਚਾਰਕ ਸਿਧਾਂਤਾਂ ਦੇ ਮੁੱਲਾਂ ਨੂੰ ਪਹਿਲ ਦੇਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।