ਬੰਗਲਾਦੇਸ਼ ਵਿੱਚ 29 ਹਿੰਦੂਆਂ ਦੇ ਘਰ ਫੂਕੇ

0
364

* ਹਮਲਾਵਰਾਂ ਦੇ ਸਮੂਹ ਨੇ ਕਾਰਵਾਈ ਨੂੰ ਅੰਜਾਮ ਦਿੱਤਾ
ਢਾਕਾ (ਸਾਂਝੀ ਸੋਚ ਬਿਊਰੋ) -ਦੁਰਗਾ ਪੂਜਾ ਮੌਕੇ ਮੰਦਰਾਂ ਦੀ ਪਿਛਲੇ ਹਫ਼ਤੇ ਕੀਤੀ ਭੰਨਤੋੜ ਮਗਰੋਂ ਹਮਲਾਵਰਾਂ ਦੇ ਇਕ ਸਮੂਹ ਨੇ ਹਿੰਦੂਆਂ ਦੇ 29 ਘਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅੱਗਜ਼ਨੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਰੰਗਪੁਰ ਜਿਲ੍ਹੇ ਦੇ ਪੀਰਗੌਂਜ ਉਪ ਜਿਲ੍ਹੇ ਦੇ ਪਿੰਡ ਵਿੱਚ ਵਾਪਰੀ। ਇਹ ਥਾਂ ਢਾਕਾ ਤੋਂ ਲਗਪਗ 255 ਕਿਲੋਮੀਟਰ ਦੇ ਫਾਸਲੇ ’ਤੇ ਹੈ। ਇਸ ਦੌਰਾਨ ਢਾਕਾ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮੂਹ ਨੇ ਪ੍ਰਦਰਸ਼ਨਕਾਰੀ ਧਾਰਮਿਕ ਸਮੂਹਾਂ ਨਾਲ ਹੱਥ ਮਿਲਾਉਂਦਿਆਂ ਮੰਦਰਾਂ, ਪੂਜਾ ਸਥਲਾਂ ਤੇ ਹਿੰਦੂ ਭਾਈਚਾਰੇ ਦੇ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਘੱਟਗਿਣਤੀ ਸਮੂਹਾਂ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਲਈ ਵੱਖਰਾ ਮੰਤਰਾਲਾ ਬਣਾਏ ਜਾਣ ਦੀ ਮੰਗ ਕੀਤੀ ਹੈ। ਬੀਡੀਨਿਊਜ਼ 24 ਡਾਟ ਕਾਮ ਦੀ ਰਿਪੋਰਟ ਵਿੱਚ ਜਿਲ੍ਹੇ ਦੇ ਐੱਸ ਪੀ ਮੁਹੰਮਦ ਕਮਰੂਜ਼ਮਾਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੁਲੀਸ ਨੂੰ ਜਿਵੇਂ ਹੀ ਉਪ ਜਿਲ੍ਹੇ ਦੇ ਪਿੰਡ ਮਾਝੀਪਾੜਾ ਵਿੱਚ ਰਹਿੰਦੇ ਹਿੰਦੂ ਨੌਜਵਾਨ ਵੱਲੋਂ ਫੇਸਬੁੱਕ ’ਤੇ ‘ਧਰਮ ਦਾ ਨਿਰਾਦਰ’ ਕਰਦੀ ਪੋਸਟ ਪਾਉਣ ਦੀਆਂ ਅਫ਼ਵਾਹਾਂ ਬਾਰੇ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਦੇ ਇਕ ਸਮੂਹ ਨੇ ਪੁਲੀਸ ਦੇ ਸਾਹਮਣੇ ਹੀ ਇਸ ਨੌਜਵਾਨ ਸਮੇਤ ਹੋਰਨਾਂ ਘਰਾਂ ਨੂੰ ਅੱੱਗ ਲਾ ਦਿੱਤੀ। ਫਾਇਰ ਸੇਵਾ ਕੰਟਰੋਲ ਰੂਮ ਨੇ ਆਪਣੀ ਰਿਪੋਰਟ ਵਿੱਚ 29 ਰਿਹਾਇਸ਼ੀ ਘਰਾਂ ਨੂੰ ਅੱਗ ਲੱਗਣ ਦਾ ਦਾਅਵਾ ਕੀਤਾ ਹੈ।
ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਘਟਨਾ ਅਜਿਹੇ ਮੌਕੇ ਵਾਪਰੀ ਹੈ ਜਦੋਂ ਦੁਰਗਾ ਪੂਜਾ ਵਾਲੀ ਥਾਂ ਕਥਿਤ ਕੁਫ਼ਰ ਤੋਲਣ ਨਾਲ ਜੁੜੀ ਘਟਨਾ ਕਰਕੇ ਬੰਗਲਾਦੇਸ਼ ਵਿੱਚ ਵੱਖ ਵੱਖ ਥਾਈਂ ਹਿੰਦੂਆਂ ਦੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤੱਕ ਦਰਜਨਾਂ ਲੋਕਾਂ ਨੂੰ ਹਮਲਿਆਂ ਤੇ ਸੋਸ਼ਲ ਮੀਡੀਆ ’ਤੇ ਫਿਰਕੂ ਹਿੰਸਾ ਫੈਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here