ਬੱਚੇ ਦਾ ਨਹੀਂ ਮਿਲਿਆ ਕੋਈ ਸੁਰਾਗ, ਐਨ.ਡੀ.ਆਰ.ਐਫ. ਦੀ ਟੀਮ  ਵਾਪਸ ਗਈ

0
262
*ਡੀ ਸੀ ਕਪੂਰਥਲਾ ਮਿਸ਼ਨ ਫੇਲ ਦੇ ਚਲਦੇ  ਫ਼ੋਨ ਨਹੀਂ ਚੁੱਕ ਰਹੇ 
ਕਪੂਰਥਲਾ, 12 ਅਗਸਤ (ਸੁਖਪਾਲ ਸਿੰਘ ਹੁੰਦਲ) -ਬੀਤੇ ਮੰਗਲਵਾਰ ਦੁਪਹਿਰ ਗੰਦੇ ਨਾਲੇ ਵਿਚ ਡਿੱਗੇ ਕਰੀਬ 2 ਸਾਲਾਂ ਅਭਿਲਾਸ਼ ਦੇ ਮਾਮਲੇ ਵਿਚ ਐਨ.ਡੀ.ਆਰ.ਐਫ. ਦੀ ਰੈਸਕਿਊ ਟੀਮ ਨੇ ਲੱਗਭਗ 72 ਘੰਟੇ ਸਖ਼ਤ ਯਤਨ ਕੀਤੇ ਪਰ ਉਨ੍ਹਾਂ ਦੇ ਹੱਥ ਕੋਈ ਵੀ ਸਫ਼ਲਤਾ ਨਹੀਂ ਲੱਗੀ ਤੇ ਆਖਰ ਉਹ ਟੀਮ ਅੱਜ ਵਾਪਸ ਚਲੀ ਗਈ ਤੇ ਅਜੇ ਵੀ ਅਭਿਲਾਸ਼ ਦਾ ਨਾ ਮਿਲਣਾ ਇਕ ਪਹੇਲੀ ਬਣਿਆ ਹੋਇਆ ਹੈ। ਉੱਥੇ ਹੀ ਪ੍ਰਸਾਸ਼ਨ ਤੇ ਐਨ.ਡੀ.ਆਰ.ਐਫ. ਦੀ ਟੀਮ ਸੋਚਣ ਲਈ ਮਜ਼ਬੂਰ ਸੀ ਕਿ ਅਭਿਲਾਸ਼ ਨਾਲੇ ਵਿਚ ਡਿੱਗਿਆ ਹੈ ਜਾਂ ਨਹੀਂ ਜਾਂ ਫਿਰ ਇਹ ਕਿਹਾ ਜਾਵੇ ਕਿ ਜੇਕਰ ਡਿੱਗਿਆ ਹੈ ਤਾਂ ਕੀ ਉਸਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਖਾ ਗਿਆ। ਇਸ ਸਬੰਧੀ ਜਦੋਂ ਡੀ.ਐਸ.ਪੀ. ਸਬ ਡਵੀਜ਼ਨ ਮਨਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਰੈਸਕਿਊ ਆਪ੍ਰੇਸ਼ਨ ਦੌਰਾਨ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਗੰਦੇ ਨਾਲੇ ਨੂੰ ਪੂਰੀ ਤਰ੍ਹਾਂ ਨਾਲ ਬਾਰੀਕੀ ਨਾਲ ਖੰਗਾਲਿਆ ਗਿਆ ਅਤੇ ਹੁਣ ਉਨ੍ਹਾਂ ਦੀ ਟੀਮ ਦੇ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਦੀ ਟੀਮ ਨੂੰ ਨਾਲੇ ਨੂੰ ਖੰਗਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਪਰ ਫਿਰ ਵੀ ਅਜੇ ਤੱਕ ਅਭਿਲਾਸ਼ ਦਾ ਕੋਈ ਪਤਾ ਨਹੀਂ ਚੱਲ ਪਾ ਰਿਹਾ ਹੈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚੇ ਦੀ ਭਾਲ ਕਰਨ ਲਈ ਯਤਨ ਨਿਰੰਤਰ ਜਾਰੀ ਹਨ । ਡੀ.ਐਸ.ਪੀ. ਸਬ ਡਵੀਜ਼ਨ ਦੇ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ਼ ਦੀ ਜਾਂਚ ਵਿਚ ਵੀ ਬੱਚੇ ਅਭਿਲਾਸ਼ ਦੇ ਖੇਡਣ ਤੱਕ ਦੀ ਫੁਟੇਜ਼ ਤਾਂ ਹੈ ਪ੍ਰੰਤੂ ਉਸਦੇ ਨਾਲੇ ਵਿਚ ਡਿੱਗਣ ਦੇ ਕਿਤੇ ਵੀ ਸੀ.ਸੀ.ਟੀ.ਵੀ. ਵਿਚ ਪੁਖਤਾ ਪੁਸ਼ਟੀ ਨਹੀਂ ਹੋ ਰਹੀ ਹੈ, ਸਿਰਫ਼ ਇਕ ਛੋਟੀ ਬੱਚੀ ਵੱਲੋਂ ਅਭਿਲਾਸ਼ ਦੀ ਮਾਂ ਮਨੀਸ਼ਾ ਨੂੰ ਦੱਸਣ ਤੋਂ ਬਾਅਦ ਹਫੜਾ ਦਫੜੀ ਮੱਚ ਗਈ, ਸੀ.ਸੀ.ਟੀ.ਵੀ. ਫੁਟੇਜ਼ ਵਿਚ ਲੋਕਾਂ ਦੇ ਇਕੱਠੇ ਹੋਣ ਅਤੇ ਮਨੀਸ਼ਾ ਨੂੰ ਬਚਾਉਂਣ ਦਾ ਵੀਡੀਓ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਹਲਾਤਾਂ ਦੇ ਬਾਵਜੂਦ ਵੀ ਐਨ.ਡੀ.ਆਰ.ਐਫ. ਦੀ ਟੀਮ ਨੇ ਲੱਗਭਗ 72 ਘੰਟੇ ਰੈਸਕਿਊ ਆਪ੍ਰੇਸ਼ਨ ਜਾਰੀ ਰੱਖਿਆ ਤੇ ਹੁਣ ਉਨ੍ਹਾਂ ਦੇ ਵਾਪਸ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਦੀ ਟੀਮ ਨੂੰ ਬੱਚੇ ਦੀ ਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।ਦੂਜੇ ਪਾਸੇ ਡਿਪਟੀ ਕਮਿਸ਼ਨਰ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਮਿਸ਼ਨ ਫੇਲ ਦੇ ਚਲਦੇ ਫ਼ੋਨ ਤੱਕ ਨਹੀਂ ਚੁੱਕਿਆ।

LEAVE A REPLY

Please enter your comment!
Please enter your name here