ਚੰਡੀਗੜ੍ਹ/ਸੰਗਰੂਰ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਚੋਣ ਕਮਿਸ਼ਨ ਦੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਨ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਧੂਰੀ ਦੇ ਲੋਕ ਮਾਨ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆਏ। ਥਾਂ-ਥਾਂ ਲੋਕਾਂ ਨੇ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਜਿੱਤ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬੁੱਧਵਾਰ ਨੂੰ ਭਗਵੰਤ ਮਾਨ ਨੇ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਰੁੜਗੜ੍ਹ, ਈਸਾਪੁਰ ਲੰਡਾ, ਫਰਵਾਹੀ, ਕਲੇਰਾਂ, ਚਾਂਗਲੀ, ਕਾਤਰੋਂ, ਘਨੌਰੀ ਕਲਾਂ, ਘਨੌਰ ਕਲਾਂ, ਘਨੌਰ ਖੁਰਦ, ਬਮਾਲ ਅਤੇ ਧੂਰੀ ਸ਼ਹਿਰ ਦਾ ਦੌਰਾ ਕੀਤਾ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਤੱਕ ਸਾਡੀ ਜਿੰਮੇਵਾਰੀ ਤੁਹਾਡੀ ਹੈ, ਉਸ ਤੋਂ ਬਾਅਦ ਤੁਹਾਡੀ ਸਾਰੀ ਜਿੰਮੇਵਾਰੀ ਸਾਡੀ ਹੋਵੇਗੀ। ਮਾਨ ਨੇ ਕਿਹਾ ਕਿ ਸਾਡੀ ਲੜਾਈ ਪਰਿਵਾਰ ਅਤੇ ਕੁਰਸੀ ਬਚਾਉਣ ਦੀ ਨਹੀਂ ਹੈ। ਸਾਡੀ ਲੜਾਈ ਪੰਜਾਬ ਨੂੰ ਬਚਾਉਣ ਦੀ ਹੈ। ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਚਾਉਣ ਦੀ ਹੈ। ਕਿਸਾਨਾਂ ਅਤੇ ਖੇਤੀ ਨੂੰ ਬਚਾਉਣ ਦੀ ਹੈ। ਪੰਜਾਬ ਦੇ ਉਦਯੋਗ ਅਤੇ ਕਾਰੋਬਾਰ ਨੂੰ ਬਚਾਉਣਾ ਦੀ ਹੈ। ਅਸੀਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੋਵਾਂ ਨੂੰ ਬਚਾਵਾਂਗੇ।
Boota Singh Basi
President & Chief Editor