ਅੰਮ੍ਰਿਤਸਰ, ਰਜਿੰਦਰ ਰਿਖੀ, ਬਲਰਾਜ ਰਾਜਾ, ਸੁਖਵਿੰਦਰ ਬਾਵਾ
ਰੱਖੜ ਪੁੰਨਿਆ ਦੇ ਸ਼ੁਭ ਮੌਕੇ ‘ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਅੱਜ 1.35 ਵਜੇ ਮੁੱਖ ਮੰਤਰੀ ਦਾ ਹੈਲੀਕਾਪਟਰ ਰਈਆ ਦੀ ਅਨਾਜ ਮੰਡੀ ਵਿੱਚ ਉਤਰਿਆ ਅਤੇ ਉਥੋਂ ਉਹ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਏ। ਮਾਨ ਸਿੱਧਾ ਗੁਰਦੁਆਰਾ ਸਾਹਿਬ ਗਏ ਅਤੇ 1.45 ਵਜੇ ਸ਼੍ਰੀ ਤੇਗ ਬਹਾਦਰ ਜੀ ਦੇ ਤਪ ਅਸਥਾਨ ਭੋਰਾ ਸਾਹਿਬ ਵਿਖੇ ਮੱਥਾ ਟੇਕਿਆ। ਉਹ ਕਰੀਬ 10 ਮਿੰਟ ਤੱਕ ਗੁਰਦੁਆਰੇ ਵਿੱਚ ਰਹੇ। ਇਸ ਤੋਂ ਬਾਅਦ ਉਹ ਰਈਆ ਮੰਡੀ ਹੈਲੀਪੈਡ ਵਾਪਸ ਆ ਗਏ ਅਤੇ 2.20 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਏ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੁਲਦੀਪ ਸਿੰਘ ਧਾਲੀਵਾਲ, ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਤੁੰਗ ਅਤੇ ਸੁਰਜੀਤ ਸਿੰਘ ਕੰਗ ਉਨ੍ਹਾਂ ਦੇ ਨਾਲ ਸਨ। ਬਾਬਾ ਬਕਾਲਾ ਸਾਹਿਬ ਗੁਰਦੁਆਰਾ ਵਿਖੇ ਭਗਵੰਤ ਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਅੱਜ ਰੱਖੜੀ ਦੇ ਮੌਕੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਆਇਆ ਹਾਂ। ਰੱਖੜੀ ਸਿਰਫ਼ ਧਾਗੇ ਦੀ ਸਾਂਝ ਨਹੀਂ ਹੈ, ਇਹ ਰਿਸ਼ਤਿਆਂ ਦੀ ਸਾਂਝ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਲੜਕੀ ਵਿੱਚ ਇਹ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਉਸ ਦਾ ਕੋਈ ਭਰਾ ਨਹੀਂ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਵੀ ਆਪਣੇ ਮਾਪਿਆਂ ਲਈ ਪੁੱਤਰਾਂ ਵਾਂਗ ਹਨ, ਉਹ ਲੜਕਿਆਂ ਨਾਲੋਂ ਵੱਧ ਕੰਮ ਕਰ ਰਹੀਆਂ ਹਨ, ਉਨ੍ਹਾਂ ਨਾਲੋਂ ਵੱਧ ਕਮਾਈ ਕਰ ਰਹੀਆਂ ਹਨ ਅਤੇ ਉੱਚੀ ਉਡਾਣ ਭਰ ਰਹੀਆਂ ਹਨ। ਅੱਜ ਦਾ ਤਿਉਹਾਰ ਭੈਣਾਂ ਦੀ ਰੱਖਿਆ ਦਾ ਪ੍ਰਣ ਲੈਣ ਦਾ ਤਿਉਹਾਰ ਹੈ। ਸਾਡੇ ਗੁਰੂਆਂ ਨੇ ਸਾਨੂੰ ਗਰੀਬਾਂ ਅਤੇ ਮਜ਼ਲੂਮਾਂ ਦੀ ਰੱਖਿਆ ਕਰਨਾ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਲਈ ਪੰਜਾਬ ਸਰਕਾਰ ਦਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੋ ਸਕਦਾ। ਇਸ ਇਲਾਕੇ ਦੀਆਂ ਸਾਰੀਆਂ ਮੰਗਾਂ ਭਾਵੇਂ ਉਹ ਸਿਵਲ ਹਸਪਤਾਲ ਦੀ ਹੋਵੇ, ਓਟ ਸੈਂਟਰ ਦੀ ਹੋਵੇ ਜਾਂ ਕੋਈ ਹੋਰ ਹੋਵੇ, ਸਭ ਨੂੰ ਪੂਰਾ ਕੀਤਾ ਜਾਵੇਗਾ। ਬਾਬਾ ਬਕਾਲਾ ਵਿੱਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਬਾਰੇ ਮਾਨ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਉਹ 31 ਅਗਸਤ ਨੂੰ ਹੋਣ ਵਾਲੀ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਉਨ੍ਹਾਂ ਨੇ ਮੁੰਬਈ ਵਿੱਚ ਹੋਣ ਵਾਲੀ ਸਿਆਸੀ ਮੀਟਿੰਗ ਵਿੱਚ ਸ਼ਾਮਲ ਹੋਣਾ ਹੈ।