ਬਰਨਾਲਾ 18 ਅਕਤੂਬਰ (): ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸੰਪੰਨ ਹੋਈ 70ਵੀ ਪੰਜਾਬ ਰਾਜ ਅੰਤਰ ਜਿਲ੍ਹਾ ਅਥਲੈਟਿਕ ਮੀਟ ਵਿੱਚ ਬਰਨਾਲਾ ਦੀਆਂ ਲੜਕੀਆਂ ਨੇ ਤਗਮੇ ਜਿੱਤ ਕੇ ਬੱਲੇ–ਬੱਲੇ ਕਰਵਾਈ ਹੈ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਦੀਆਂ ਲੜਕੀਆਂ ਨੇ ਅੰਡਰ 14 ਸਾਲ ਉਮਰ ਵਰਗ ਵਿੱਚ ਚੈਂਪੀਅਨਸ਼ਿਪ ਹਾਸਲ ਕਰਕੇ ਜਿਲ੍ਹਾ ਬਰਨਾਲਾ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਸਿਮਰਨਜੀਤ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਨੇ 400 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਅਤੇ 600 ਮੀਟਰ ਦੌੜ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹੀ ਤਨਰਾਜ ਕੌਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੇ 80 ਮੀਟਰ ਹਰਡਲਜ਼ ਦੌੜ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਰਮਨਦੀਪ ਕੌਰ ਤੇ ਨਿਮਰਤ ਕੌਰ ਸਸਸਸ ਹਮੀਦੀ ਅਤੇ ਸਿਮਰਨਜੀਤ ਕੌਰ ਤੇ ਪ੍ਰਿਆਂਕਾ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਨੇ ਪੂਰੇ ਪੰਜਾਬ ਦੇ ਅਥਲੀਟਾਂ ਨੂੰ ਪਛਾੜ ਕੇ 4*100 ਮੀਟਰ ਰਿਲੇਅ ਦੌੜ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ ਹੈ।
ਅੰਡਰ 17 ਸਾਲ ਲੜਕੀਆਂ ਵਿੱਚ ਭੁਪਿੰਦਰ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਨੇ 400 ਮੀਟਰ ਹਰਡਲਜ਼ ਵਿੱਚ ਗੋਲਡ ਮੈਡਲ, 4*400 ਮੀਟਰ ਰਿਲੇਅ ਦੌੜ ਵਿੱਚ ਭੁਪਿੰਦਰ ਕੌਰ ਤੇ ਬੀਰਬਲ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਅਤੇ ਖੁਸ਼ਪ੍ਰੀਤ ਕੌਰ ਤੇ ਹਰਬਿੰਦਰ ਕੌਰ ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਦੀ ਟੀਮ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਅਤੇ ਟੀਮ ਇੰਚਾਰਜਾਂ ਡੀਪੀਈ ਅਵਤਾਰ ਸਿੰਘ, ਡੀਪੀਈ ਅਮਨਦੀਪ ਕੌਰ, ਡੀਪੀਈ ਸੰਸਾਰ ਸਿੰਘ, ਡੀਪੀਈ ਲਖਵੀਰ ਸਿੰਘ, ਡੀਪੀਈ ਅਰਸ਼ਦੀਪ ਕੌਰ, ਅਥਲੈਟਿਕ ਕੋਚ ਗੁਰਸੇਵਕ ਸਿੰਘ, ਡੀਪੀਈ ਸੁਮਨਪ੍ਰੀਤ ਕੌਰ, ਅਥਲੈਟਿਕ ਕੋਚ ਸੁਖਦੇਵ ਸਿੰਘ ਕੇਵਲ ਧੌਲਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਬਰਨਾਲਾ ਜਿਲ੍ਹੇ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਉਂਦੇ ਰਹਿਣਗੇ।







