ਭਾਕਿਯੂ ਉਗਰਾਹਾਂ ਵੱਲੋਂ ਕਲਕੱਤਾ ਵਿਖੇ ਔਰਤ ਡਾਕਟਰ ਨਾਲ਼ ਬਲਾਤਕਾਰ ਤੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ
ਭਾਕਿਯੂ ਉਗਰਾਹਾਂ ਵੱਲੋਂ ਕਲਕੱਤਾ ਵਿਖੇ ਔਰਤ ਡਾਕਟਰ ਨਾਲ਼ ਬਲਾਤਕਾਰ ਤੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ
ਦਲਜੀਤ ਕੌਰ
ਚੰਡੀਗੜ੍ਹ, 20 ਅਗਸਤ, 2024: ਬੀਤੇ ਦਿਨੀਂ ਕਲਕੱਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਸਿੱਖਿਆਰਥੀ ਡਾਕਟਰ ਔਰਤ ਨਾਲ਼ ਗੁੰਡਾ ਗ੍ਰੋਹ ਵੱਲੋਂ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰਨ ਦੀ ਘਿਨਾਉਣੀ ਘਟਨਾ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਬਾਰੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਇਸ ਵਹਿਸ਼ੀਆਨਾ ਕਾਰੇ ਦੇ ਦੋਸ਼ੀ ਦਰਿੰਦਿਆਂ ਨੂੰ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦਰਿੰਦਗੀ ਖਿਲਾਫ ਸੰਘਰਸ਼ਸ਼ੀਲ ਹੜਤਾਲੀ ਡਾਕਟਰਾਂ ਅਤੇ ਹੋਰ ਤਬਕਿਆਂ ਦੇ ਸੰਘਰਸ਼ਾਂ ਦੀ ਹਮਾਇਤ ਕੀਤੀ ਗਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਦੇਸ਼ ਭਰ ਅੰਦਰ ਲਗਭਗ ਰੋਜ਼ਾਨਾ ਵਾਪਰ ਰਹੀਆਂ ਅਜਿਹੀਆਂ ਅਣਮਨੁੱਖੀ ਵਹਿਸ਼ੀ ਘਟਨਾਵਾਂ ਲਈ ਮੁੱਖ ਤੌਰ ਉੱਤੇ ਰਾਜਨੀਤਕ ਸਮਾਜਿਕ ਪ੍ਰਬੰਧ ਜ਼ਿੰਮੇਵਾਰ ਹੈ। ਕਿਉਂਕਿ ਆਮ ਤੌਰ ‘ਤੇ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ। ਸਗੋਂ ਸਮਾਜ ਅੰਦਰ ਔਰਤ ਵਰਗ ਬਾਰੇ ਪ੍ਰਚਲਤ ਪਿਛਾਂਹ-ਖਿੱਚੂ ਜਗੀਰੂ ਧਾਰਨਾਵਾਂ ਤੋਂ ਸਮਾਜ ਨੂੰ ਮੁਕਤ ਕਰਨ ਲਈ ਵੀ ਕਿਸੇ ਹਕੂਮਤੀ ਪਾਰਟੀ ਜਾਂ ਉਨ੍ਹਾਂ ਦੀ ਸਰਕਾਰ ਵੱਲੋਂ ਗੰਭੀਰ ਉਪਰਾਲੇ ਨਹੀਂ ਕੀਤੇ ਜਾਂਦੇ। ਔਰਤਾਂ ਨੂੰ ਬਰਾਬਰ ਦੇ ਇਨਸਾਨ ਹੋਣ ਦਾ ਸਮਾਜਿਕ ਦਰਜਾ ਨਹੀਂ ਦਿੱਤਾ ਜਾਂਦਾ। ਪਰਸੋਂ ਡੇਹਰਾਦੂਨ ਦੇ ਬੱਸ ਸਟੈਂਡ ਵਿੱਚ ਸਰਕਾਰੀ ਬੱਸ ਅੰਦਰ ਕਿਸ਼ੋਰ ਬਾਲੜੀ ਨਾਲ ਦਿਨ ਦਿਹਾੜੇ ਵਾਪਰੀ ਬਲਾਤਕਾਰ ਦੀ ਘਟਨਾ ਅਤੇ ਕੁੱਝ ਸਮਾਂ ਪਹਿਲਾਂ ਕਪੂਰਥਲਾ ਵਿਖੇ ਇੱਕ ਮਾਸੂਮ ਬਾਲੜੀ ਨਾਲ ਵਾਪਰੀ ਦਰਿੰਦਗੀ ਭਰਪੂਰ ਘਟਨਾ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਦੀਆਂ ਹਨ। ਇਨ੍ਹਾਂ ਕਾਰਿਆਂ ਦੇ ਦੋਸ਼ੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਦੇਣ ਦੀ ਮੰਗ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਆਪਣੀ ਜਥੇਬੰਦੀ ਦੇ ਸਮੂਹ ਆਗੂਆਂ ਕਾਰਕੁਨਾਂ ਨੂੰ ਸੱਦਾ ਦਿੱਤਾ ਹੈ ਕਿ ਇਨ੍ਹੀਂ ਦਿਨੀਂ ਖੇਤੀ-ਨੀਤੀ ਮੋਰਚੇ ਦੀ ਪਿੰਡ ਪਿੰਡ ਚੱਲ ਰਹੀ ਲਾਮਬੰਦੀ ਤਿਆਰੀ ਮੁਹਿੰਮ ਦੌਰਾਨ ਇਸ ਗੰਭੀਰ ਸਮਾਜਿਕ ਰਾਜਨੀਤਕ ਮਸਲੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।