ਚੰਡੀਗੜ੍ਹ, 25 ਦਸੰਬਰ, 2022: ਜਲੰਧਰ ਸ਼ਹਿਰ ਦੀ ਲਤੀਫਪੁਰਾ ਬਸਤੀ ਦੇ ਦਰਜਨਾਂ ਗਰੀਬ ਪ੍ਰਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਜ਼ਾਲਮਾਨਾ ਢੰਗ ਨਾਲ ਦੂਜੀ ਵਾਰ ਉਜਾੜਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਸਭ ਨੂੰ ਪਤਾ ਹੈ ਕਿ ਬਰਤਾਨਵੀ ਸਾਮਰਾਜ ਅਤੇ ਉਸ ਦੀਆਂ ਪਿੱਠੂ ਫਿਰਕੂ ਤਾਕਤਾਂ ਵੱਲੋਂ ਭੜਕਾਏ 1947 ਦੇ ਫਿਰਕੂ ਦੰਗਿਆਂ ਸਮੇਂ ਪਾਕਿਸਤਾਨੀ ਖੇਤਰ ਵਿੱਚੋਂ ਉੱਜੜ ਕੇ ਆਏ ਇਹ ਪ੍ਰਵਾਰ ਇੱਥੇ ਸਰਕਾਰ ਵੱਲੋਂ ਅਲਾਟ ਕੀਤੀ ਡੇੜ੍ਹ ਏਕੜ ਜ਼ਮੀਨ ‘ਤੇ ਵਸੇ ਸਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਪੀੜਤ ਪਰਵਾਰਾਂ ਨੂੰ ਸਰਕਾਰ ਵੱਲੋਂ ਮਾਲ ਰਿਕਾਰਡ ਵਿੱਚ ਮਾਲਕਾਨਾ ਹੱਕ ਦੇਣ ਦੀ ਥਾਂ ਉਲਟਾ ਨਜਾਇਜ਼ ਕਾਬਜ਼ਕਾਰ ਕਹਿ ਕੇ ਮੁੜ ਉਜਾੜਨਾ ਸਰਾਸਰ ਬੇਇਨਸਾਫ਼ੀ ਭਰੀ ਜ਼ਾਲਮਾਨਾ ਕਾਰਵਾਈ ਹੈ। ਇਹ ਜਗ੍ਹਾ ਪਹਿਲੀ ਸਰਕਾਰ ਵੱਲੋਂ ਕਾਰਪੋਰੇਟ ਘਰਾਣੇ ਨੂੰ ਅਲਾਟ ਕੀਤੀ ਗਈ ਸੀ ਅਤੇ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਾਉਂਦੀ ਭਗਵੰਤ ਮਾਨ ਸਰਕਾਰ ਵੱਲੋਂ ਉਸ ਕਾਰਪੋਰੇਟ ਘਰਾਣੇ ਨੂੰ ਕਬਜ਼ਾ ਅਦਾਲਤੀ ਫੈਸਲੇ ਦੇ ਬਹਾਨੇ ਹੇਠ ਬੁਲਡੋਜ਼ਰਾਂ ਰਾਹੀਂ ਸਣੇ ਸਾਮਾਨ ਘਰ ਢਾਹ ਕੇ ਦਿਵਾਇਆ ਜਾ ਰਿਹਾ ਹੈ। ਬੱਚੇ ਬੁੱਢੇ ਸਾਰੇ ਹੀ ਹੱਡ ਚੀਰਵੀਂ ਠੰਢ ਵਿੱਚ ਖੁੱਲ੍ਹੇ ਅਸਮਾਨ ਥੱਲੇ ਸੰਤਾਪ ਭੋਗਣ ਲਈ ਮਜਬੂਰ ਕੀਤੇ ਗਏ ਹਨ। ਅਦਾਲਤਾਂ ਸਾਹਮਣੇ ਪੀੜਤ ਲੋਕਾਂ ਦਾ ਪੱਖ ਮੁਸ਼ਤੈਦੀ ਨਾਲ ਰੱਖਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਨੂੰ ਉਸੇ ਤਰ੍ਹਾਂ ਪਹਿਲ ਦਿੱਤੀ ਜਾ ਰਹੀ ਹੈ ਜਿਵੇਂ ਪਹਿਲੀਆਂ ਲੋਕ ਵਿਰੋਧੀ ਸਰਕਾਰਾਂ ਕਰਦੀਆਂ ਰਹੀਆਂ ਹਨ। ਇਸ ਅਤਿ ਘਿਨਾਉਣੇ ਜ਼ੁਲਮ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਨ੍ਹਾਂ ਪੀੜਤ ਪਰਿਵਾਰਾਂ ਦੀ ਉਨ੍ਹਾਂ ਦੇ ਘਰ ਤੁਰੰਤ ਮੁੜ ਉਸਾਰਨ ਅਤੇ ਤੋੜੇ ਭੰਨੇ ਸਾਮਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਦਾ ਜਥੇਬੰਦੀ ਵੱਲੋਂ ਜ਼ੋਰਦਾਰ ਸਮਰਥਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਰੋਸਮਈ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ ਗਈ ਹੈ।
Boota Singh Basi
President & Chief Editor