* ਲਖੀਮਪੁਰ ਕਾਂਡ ਦੇ 5 ਸ਼ਹੀਦਾਂ ਦੀਆਂ ਅਸਥੀਆਂ ਭਲਕੇ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ
ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ) -ਨਰਮਾ ਤਬਾਹੀ ਤੋਂ ਪੀੜਤ 5 ਜਿਲਿ੍ਹਆਂ ਦੇ ਕਿਸਾਨਾਂ ਵੱਲੋਂ ਢੁੱਕਵਾਂ ਮੁਆਵਜ਼ਾ ਲੈਣ ਲਈ ਬਾਦਲ ਵਿਖੇ ਖ਼ਜ਼ਾਨਾ ਮੰਤਰੀ ਦੇ ਬੰਗਲੇ ਅੱਗੇ ਲਗਾਤਾਰ 15 ਦਿਨ ਕੀਤੇ ਗਏ ਧਰਨੇ/ਘਿਰਾਓ ਨੂੰ ਮਿਥ ਕੇ ਨਜ਼ਰਅੰਦਾਜ਼ ਕਰਨ ਵਾਲੀ ਪੰਜਾਬ ਸਰਕਾਰ ਦੀ ਅੜੀ ਭੰਨਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 25 ਅਕਤੂਬਰ ਤੋਂ ਬਠਿੰਡਾ ਸਕੱਤਰੇਤ ਦਾ ਅਣਮਿਥੇ ਸਮੇਂ ਲਈ ਮੁਕੰਮਲ ਘਿਰਾਓ ਕਰਨ ਦੇ ਐਲਾਨੇ ਗਏ ਸੂਬਾ ਪੱਧਰੇ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨ ਆਗੂਆਂ ਨਾਲ ਅਫ਼ਸਰਸ਼ਾਹੀ ਦੁਆਰਾ ਮੁਆਵਜ਼ੇ ਬਾਰੇ ਮਖੌਲੀਆ ਟਿੱਪਣੀਆਂ ਵਾਲ਼ੀ ਇੱਕੋ ਇੱਕ ਮੀਟਿੰਗ ਤੋਂ ਇਲਾਵਾ ਕਿਸੇ ਵੀ ਮੰਤਰੀ ਸੰਤਰੀ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਲੋੜ ਵੀ ਨਹੀਂ ਸਮਝੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਿਲਿ੍ਹਆਂ/ਬਲਾਕਾਂ ਦੀਆਂ ਤਿਆਰੀ ਮੀਟਿੰਗਾਂ ਕਰਕੇ ਪਿੰਡ ਪਿੰਡ ਜ਼ੋਰਦਾਰ ਮੁਹਿੰਮ ਆਰੰਭੀ ਜਾ ਚੁੱਕੀ ਹੈ। ਕਿਸਾਨ ਪੱਖੀ ਹੋਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਦੀ ਚੰਨੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਵੀ ਇਸ ਅੜੀ ਰਾਹੀਂ ਅਲਫ਼ ਨੰਗਾ ਹੋ ਜਾਣ ਨਾਲ ਕਿਸਾਨਾਂ ਮਜ਼ਦੂਰਾਂ ਅੰਦਰ ਇਹਦੇ ਵਿਰੁੱਧ ਅੰਤਾਂ ਦਾ ਰੋਹ/ਗੁੱਸਾ ਇਨ੍ਹਾਂ ਮੀਟਿੰਗਾਂ ਰੈਲੀਆਂ ‘ਚ ਹੋ ਰਹੇ ਵੱਡੇ ਇਕੱਠਾਂ ਰਾਹੀਂ ਸਾਫ਼ ਝਲਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਕਹਿ ਰਹੇ ਹਨ ਕਿ ਇਹ ਘਿਰਾਓ ਹੁਣ ‘ਕਰੋ ਜਾਂ ਮਰੋ‘ ਪੈਂਤੜੇ ਵਾਲ਼ਾ ਫੈਸਲਾਕੁੰਨ ਸੰਘਰਸ਼ ਹੋਵੇਗਾ। ਪਰਵਾਰਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਇਸ ਘਿਰਾਓ ਵਿੱਚ ਰਾਸ਼ਨ ਤੇ ਬਿਸਤਰਿਆਂ ਸਮੇਤ ਸ਼ਾਮਲ ਹੋਣਗੇ। ਜੇਕਰ ਸਰਕਾਰ ਨੇ ਪੁਲਿਸ ਨਾਕਿਆਂ ਰਾਹੀਂ ਰੋਕਣ ਦਾ ਯਤਨ ਕੀਤਾ ਤਾਂ ਇਹ ਨਾਕੇ ਹਰ ਹਾਲਤ ਪਾਰ ਕਰਕੇ ਬਠਿੰਡਾ ਸਕੱਤਰੇਤ ਪੁੱਜਿਆ ਜਾਵੇਗਾ। ਕਿਸਾਨ ਆਗੂ ਨੇ ਇਹ ਵੀ ਦੱਸਿਆ ਹੈ ਕਿ ਲਖੀਮਪੁਰ ਖੀਰੀ ਯੂ ਪੀ ਵਿਖੇ ਭਾਜਪਾ ਆਗੂਆਂ ਵੱਲੋਂ ਗੱਡੀਆਂ ਥੱਲੇ ਕੁਚਲ ਕੇ ਸ਼ਹੀਦ ਕੀਤੇ ਗਏ 5 ਕਿਸਾਨਾਂ ਦੀਆਂ ਅਸਥੀਆਂ ਲੈ ਕੇ ਜਥੇਬੰਦੀ ਵੱਲੋਂ ਕਿਸਾਨਾਂ ਮਜ਼ਦੂਰਾਂ ਦਾ ਸੈਂਕੜੇ ਵਹੀਕਲਾਂ ਦਾ ਵਿਸ਼ਾਲ ਕਾਫ਼ਲਾ ਭਲਕੇ 22 ਅਕਤੂਬਰ ਨੂੰ ਪਟਿਆਲੇ ਤੋੰ ਵੱਖ-ਵੱਖ ਜਿਲਿ੍ਹਆਂ ਰਾਹੀਂ ਹੁਸੈਨੀਵਾਲਾ ਪੁੱਜੇਗਾ ਅਤੇ ਕੌਮੀ ਸ਼ਹੀਦਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦਗਾਰ ਸਾਹਵੇਂ ਨਤਮਸਤਕ ਹੋਣ ਉਪਰੰਤ ਅਸਥੀਆਂ ਨੂੰ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਜਾਵੇਗਾ। ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ 23 ਅਕਤੂਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਕੀਤੀ ਜਾ ਰਹੀ ਸੂਬਾਈ ਰੋਸ ਰੈਲੀ ਵਿੱਚ ਡਟਵੀਂ ਹਮਾਇਤ ਵਜੋਂ ਸੈਂਕੜੇ ਕਿਸਾਨਾਂ ਦੁਆਰਾ ਸੰਕੇਤਕ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੀ ਯੋਗਤਾ ਅਨੁਸਾਰ ਪੂਰੀ ਤਨਖਾਹ ‘ਤੇ ਪੱਕੀ ਸਰਕਾਰੀ ਭਰਤੀ ਕਰਨ ਦੀ ਬਿਲਕੁਲ ਵਾਜਬ ਤੇ ਹੱਕੀ ਮੰਗ ਸਮੇਤ ਭਖਦੇ ਮਸਲਿਆਂ ਦੇ ਨਿਪਟਾਰੇ ਦੀ ਮੰਗ ਕੀਤੀ ਜਾਵੇਗੀ। ਅੰਮ੍ਰਿਤਸਰ ਵਿਖੇ ਜਲਿ੍ਹਆਂਵਾਲੇ ਬਾਗ਼ ਦੇ ਮੋਦੀ ਸਰਕਾਰ ਵੱਲੋਂ ਫਿਰਕੂ ਕੌਮ ਵਿਰੋਧੀ ਪੈਂਤੜੇ ਤਹਿਤ ਵਿਗਾੜੇ ਗਏ ਮੂਲ ਸਰੂਪ ਨੂੰ ਮੁੜ ਬਹਾਲ ਕਰਵਾਉਣ ਲਈ 23 ਅਕਤੂਬਰ ਨੂੰ ਹੀ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦੁਆਰਾ ਉੱਥੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਪ੍ਰੈੱਸ ਨੋਟ ਦੇ ਅੰਤ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਭਾਜਪਾ ਸਾਮਰਾਜੀ ਗੱਠਜੋੜ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੀ ਹੋਰ ਮਜ਼ਬੂਤੀ ਲਈ ਦਿੱਲੀ ਮੋਰਚੇ ਸਮੇਤ ਪੰਜਾਬ ਵਿੱਚ 40 ਥਾਂਵਾਂ‘ਤੇ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਵੀ ਪਹਿਲਾਂ ਮਿਥੇ ਗਏ ਪ੍ਰੋਗ੍ਰਾਮਾਂ ਮੁਤਾਬਕ ਔਰਤਾਂ, ਨੌਜਵਾਨਾਂ, ਕਿਸਾਨਾਂ ਮਜ਼ਦੂਰਾਂ ਦੀਆਂ ਲਾਮਬੰਦੀਆਂ ਨੂੰ ਜ਼ਰ੍ਹਬਾਂ ਦੇਣ ਲਈ ਪਿੰਡ ਪਿੰਡ ਜ਼ੋਰਦਾਰ ਯਤਨ ਜੁਟਾਏ ਜਾ ਰਹੇ ਹਨ।
Boota Singh Basi
President & Chief Editor