ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ) -ਨਿੱਜੀਕਰਨ ਦੀ ਸਾਮਰਾਜੀ ਨੀਤੀ ਤਹਿਤ ਸਰਕਾਰੀ ਵਿਭਾਗਾਂ ‘ਚ ਠੇਕਾ ਭਰਤੀ ਰਾਹੀਂ ਨਿਗੂਣੀਆਂ ਤਨਖਾਹਾਂ ’ਤੇ ਸਾਲਾਂ ਬੱਧੀ ਆਰਜ਼ੀ ਰੱਖੇ ਜਾ ਰਹੇ ਮੁਲਾਜ਼ਮਾਂ ਵੱਲੋਂ ਪੱਕੇ ਰੁਜ਼ਗਾਰ ਅਤੇ ਪੂਰੀਆਂ ਤਨਖਾਹਾਂ ਵਰਗੀਆਂ ਹੱਕੀ ਮੰਗਾਂ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਝੰਡੇ ਹੇਠ ਸੰਘਰਸ਼ਸ਼ੀਲ ਕਾਮਿਆਂ ਦੁਆਰਾ 23 ਨਵੰਬਰ ਨੂੰ ਤਿੰਨ ਥਾਂਵਾਂ ’ਤੇ ਕੌਮੀ ਹਾਈਵੇ ਜਾਮ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਂਝੇ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਮੁਲਾਜ਼ਮ ਆਗੂਆਂ ਦੇ ਦੱਸਣ ਅਨੁਸਾਰ ਆਪਣੇ ਭਖਦੇ ਮਸਲਿਆਂ ਦੇ ਹੱਲ ਲਈ ਮਹੀਨਿਆਂ ਬੱਧੀ ਕੀਤੇ ਜਾ ਰਹੇ ਜਾਨ ਹੂਲਵੇਂ ਸੰਘਰਸ਼ ਨੂੰ ਪੰਜਾਬ ਸਰਕਾਰ ਵੱਲੋਂ ਅਣਡਿੱਠ ਕਰਨ ਵਿਰੁੱਧ ਰੋਸ ਵਜੋਂ ਹਾਈਵੇ ਜਾਮ ਕਰਨ ਦਾ ਫੈਸਲਾ ਕਰਨਾ ਪਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਸਮੇਤ ਸਾਰੇ ਕਿਰਤੀ ਕਾਮੇ ਆ ਰਹੇ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਕਾਲ਼ੇ ਖੇਤੀ ਕਾਨੂੰਨ ਬਣਾਏ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਦੀ ਨੀਤੀ ਇਨ੍ਹਾਂ ਨੀਤੀਆਂ ਵਿਰੁੱਧ ਸੰਘਰਸ਼ਸ਼ੀਲ ਸਾਰੇ ਕਿਰਤੀ ਕਿਸਾਨਾਂ ਮਜ਼ਦੂਰਾਂ ਦੀ ਸੰਘਰਸ਼-ਸਾਂਝ ਨੂੰ ਲਗਾਤਾਰ ਮਜ਼ਬੂਤ ਕਰਨ ਵੱਲ ਸੇਧਤ ਹੈ। ਸਾਂਝੇ ਕਿਸਾਨ ਘੋਲ਼ ਦੇ ਗਹਿਗੱਚ ਰੁਝੇਵਿਆਂ ਦੇ ਬਾਵਜੂਦ ਇਸ ਸੰਘਰਸ਼-ਸਾਂਝ ਨੂੰ ਲਗਾਤਾਰ ਮਜਬੂਤ ਕਰਨ ਦਾ ਫਰਜ਼ ਹਰ ਹਾਲਤ ਨਿਭਾਇਆ ਜਾਵੇਗਾ।
Boota Singh Basi
President & Chief Editor