ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਬੈਸਟ ਪ੍ਰਾਈਸ ਮੌਲ ਭੁੱਚੋ ਸਮੇਤ ਪੰਜ ਮੌਲਾਂ ਦੇ ਹਫ਼ਤੇ ਲਈ ਮੁਕੰਮਲ ਘਿਰਾਓ ਦੀ ਸ਼ੁਰੂਆਤ

0
379

* ਬੈਸਟ ਪ੍ਰਾਈਸ ਮੌਲ ਭੁੱਚੋ ਦੇ ਬਰਖਾਸਤ ਮੁਲਾਜ਼ਮਾਂ ਦੀ ਬਿਨਾਂ ਸ਼ਰਤ ਬਹਾਲੀ ਦੀ ਮੰਗ
ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ)— ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿਓ ਕੱਦ ਸਾਮਰਾਜੀ ਕੰਪਨੀ ਵਾਲਮਾਰਟ ਦੇ ਬੈਸਟ ਪ੍ਰਾਈਸ ਮੌਲ ਭੁੱਚੋ ਦੇ ਸਾਲ ਭਰ ਤੋਂ ਪੱਕੇ ਘਿਰਾਓ ਦੇ ਚਲਦਿਆਂ ਇਸ ਦੇ ਪ੍ਰਬੰਧਕਾਂ ਦੁਆਰਾ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਦੀ ਬਹਾਲੀ ਲਈ ਅੱਜ ਕੰਪਨੀ ਦੇ ਪੰਜਾਬ ਵਿਚਲੇ 5 ਹੋਰ ਮੌਲਾਂ ਦਾ ਹਫਤੇ ਲਈ ਮੁਕੰਮਲ ਘਿਰਾਓ ਸ਼ੁਰੂ ਕਰ ਦਿੱਤਾ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਪਿੱਛੇ ਮੁਲਾਜ਼ਮਾਂ ਕਿਸਾਨਾਂ ਦਰਮਿਆਨ ਟਕਰਾਅ ਪੈਦਾ ਕਰਨ ਦੀ ਕੰਪਨੀ ਦੀ ਭਾਜਪਾ ਮੋਦੀ ਸਰਕਾਰ ਨਾਲ ਮਿਲੀ ਭੁਗਤ ਚਾਲ ਹੈ। ਕਿਉਂਕਿ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨ ਸਾਰੇ ਖੁਰਾਕ ਪਦਾਰਥਾਂ ਦੀ ਮੰਡੀ ਤੇ ਪੈਦਾਵਾਰ ਅਜਿਹੀਆਂ ਸਾਮਰਾਜੀ ਕਾਰਪੋਰੇਟਾਂ ਸਮੇਤ ਅਡਾਨੀ ਅੰਬਾਨੀ ਦੇ ਹਵਾਲੇ ਕਰਨ ਖਾਤਰ ਹੀ ਬਣਾਏ ਗਏ ਹਨ। ਇਸੇ ਕਰਕੇ ਸਰਕਾਰੀ ਪ੍ਰਸ਼ਾਸਨ ਨੇ ਵੀ ਕੰਪਨੀ ਪ੍ਰਬੰਧਕਾਂ ਨੂੰ ਕੁਝ ਨਹੀਂ ਕਿਹਾ। ਜਥੇਬੰਦੀ ਨੇ ਬਕਾਇਦਾ ਅਲਟੀਮੇਟਮ ਦੇ ਕੇ ਹੀ ਅੱਜ ਅੰਮ੍ਰਿਤਸਰ, ਜਲੰਧਰ, ਜ਼ੀਰਕਪੁਰ ਅਤੇ ਲੁਧਿਆਣਾ ਦੇ ਦੋਨੋਂ ਮੌਲਾਂ ਦੇ ਹਫ਼ਤਾ ਭਰ ਲਈ ਘਿਰਾਓ ਸ਼ੁਰੂ ਕੀਤੇ ਹਨ।ਵੱਖ ਵੱਖ ਥਾਂਈਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਿੰਦਰ ਕੌਰ ਬਿੰਦੂ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਅਤੇ ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਜਿਲਿ੍ਹਆਂ ਬਲਾਕਾਂ ਦੇ ਆਗੂ ਸ਼ਾਮਲ ਸਨ।ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਮੋਦੀ ਸਰਕਾਰ ਦੀਆਂ ਪਾੜੋ ਤੇ ਰਾਜ ਕਰੋ ਵਾਲੀਆਂ ਹਰ ਕਿਸਮ ਦੀਆਂ ਸਾਮਰਾਜੀ ਚਾਲਾਂ ਨੂੰ ਚਕਨਾਚੂਰ ਕਰਨ ਦਾ ਇਕ ਹੋਰ ਸਬੂਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 27 ਸਤੰਬਰ ਦਾ ਲਾਮਿਸਾਲ ਭਾਰਤ ਬੰਦ ਹੋ ਨਿੱਬੜਿਆ, ਜਿਸ ਵਿੱਚ ਹਰ ਵਰਗ ਦੇ ਕਿਰਤੀ ਕਾਰੋਬਾਰੀ ਲੋਕਾਂ ਨੇ ਆਪਮੁਹਾਰੇ ਵਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਇਹ ਘਿਰਾਓ ਧਰਨੇ ਹਫ਼ਤਾ ਭਰ ਦਿਨੇ ਰਾਤ ਚੱਲਣਗੇ ਅਤੇ ਮੁਲਾਜ਼ਮ ਬਹਾਲੀ ਦੀ ਮੰਗ ਨਾ ਮੰਨੇ ਜਾਣ ਦੀ ਸੂਰਤ ਵਿੱਚ 6 ਅਕਤੂਬਰ ਨੂੰ ਇਸ ਸੰਘਰਸ਼ ਦਾ ਅਗਲਾ ਪੜਾਅ ਐਲਾਨਿਆ ਜਾਵੇਗਾ।ਸ੍ਰੀ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ ਕੱਲ੍ਹ ਨੂੰ ਕਾਰਪੋਰੇਟ ਕਾਰੋਬਾਰਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਜਥੇਬੰਦੀ ਦੇ 39 ਪੰਜਾਬ ਵਿਚਲੇ ਧਰਨਿਆਂ ਦੀ ਸਾਲਾਨਾ ਵਰ੍ਹੇਗੰਢ ਵਿਸ਼ਾਲ ਰੋਹ ਭਰਪੂਰ ਸਮਾਗਮਾਂ ਰਾਹੀਂ ਮਨਾਈ ਜਾਵੇਗੀ। ਹਰਿੰਦਰ ਬਿੰਦੂ ਨੇ ਐਲਾਨ ਕੀਤਾ ਕਿ ਸਾਮਰਾਜੀ ਕਾਰਪੋਰੇਟਾਂ ਤੇ ਸਰਕਾਰ ਦੀ ਮਿਲੀ ਭੁਗਤ ਕਾਰਨ ਘਟੀਆ ਬੀਜਾਂ/ਕੀਟਨਾਸ਼ਕਾਂ ਕਰਕੇ ਹੋਏ ਨਰਮੇ ਦੀ ਫਸਲ ਦੇ ਭਾਰੀ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 30000 ਰੁਪਏ ਪ੍ਰਤੀ ਪਰਿਵਾਰ ਦਿਵਾਉਣ ਲਈ ਕੱਲ੍ਹ ਪਹਿਲੀ ਅਕਤੂਬਰ ਨੂੰ 5 ਜਿਲਿ੍ਹਆਂ ਦੇ ਡੀ ਸੀ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਲਾਏ ਜਾਣਗੇ।

LEAVE A REPLY

Please enter your comment!
Please enter your name here