ਭਾਕਿਯੂ ਏਕਤਾ‌ ਡਕੌਂਦਾ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ 

0
53
ਕੁੱਲਰੀਆਂ ਅਬਾਦਕਾਰ ਕਿਸਾਨਾਂ ਦਾ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਜਿੱਤ ਤੱਕ ਜਾਰੀ ਰਹੇਗਾ: ਮਨਜੀਤ ਧਨੇਰ
ਕਿਸਾਨ ਰੋਹ ਨੂੰ ਭਾਂਪਦਿਆਂ ਕੈਬਨਿਟ ਮੰਤਰੀ ਇਨਸਾਫ਼ ਦਿਵਾਉਣ ਦਾ ਵਾਅਦਾ ਕਰਨ ਲਈ ਮਜ਼ਬੂਰ ਹੋਇਆ
ਬਰਨਾਲਾ,
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੇ 90ਵੇਂ ਸ਼ਹੀਦੀ ਦਿਵਸ ਮੌਕੇ ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਪ੍ਰਤੀ ਹਕੂਮਤ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਨੂੰ ਤੋੜਨ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਆਮਦ ਸਮੇਂ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਰੋਸ ਦਾ ਵਿਖਾਵਾ ਕੀਤਾ ਗਿਆ।
ਇਸ ਸਮੇਂ ਵਿਚਾਰ ਪੇਸ਼ ਕਰਦਿਆਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਸਾਹਿਬ ਸਿੰਘ‌ ਬਡਬਰ, ਜਗਰਾਜ ਸਿੰਘ ਹਰਦਾਸਪੁਰਾ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਕੁੱਲਰੀਆਂ ਦੇ ਅਬਾਦਕਾਰ ਕਿਸਾਨਾਂ ਦੇ ਜ਼ਮੀਨ ਦੀ ਰਾਖੀ ਲਈ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੁੱਲਰੀਆਂ ਦਾ ਸਰਪੰਚ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਦੀ ਮਿਲੀਭੁਗਤ ਨਾਲ 50 ਸਾਲ ਤੋਂ ਵੀ ਵੱਧ ਸਮੇਂ ਤੋਂ ਕਾਨੂੰਨਨ ਤੌਰ ‘ਤੇ ਕਾਬਜ਼ ਕਿਸਾਨਾਂ ਨੂੰ ਜ਼ਬਰੀ ਉਜਾੜਨ ਤੇ ਤੁਲਿਆ ਹੋਇਆ ਹੈ। ਅਬਾਦਕਾਰ ਕਿਸਾਨਾਂ ਉੱਤੇ ਗੁੰਡਾਢਾਣੀ ਵੱਲੋਂ ਹਮਲੇ ਵੀ ਕਰਵਾ ਰਿਹਾ ਹੈ। ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਿਹਾ ਮੋਰਚਾ 14 ਵੇਂ ਦਿਨ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਪੁਲਿਸ ਟੱਸ ਤੋਂ ਮੱਸ ਨਹੀਂ ਹੋਈ। ਇਸੇ ਕਰਕੇ 19 ਜਨਵਰੀ ਨੂੰ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ 90 ਵੇਂ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਅੱਜ ਭਾਵੇਂ ਮੁੱਖ ਮੰਤਰੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਥਾਂ ਗੋਆ ਵਿਖੇ ਵੋਟਾਂ ਦੀ ਫ਼ਸਲ ਵੱਢਣ ਚਲਾ ਗਿਆ ਪਰ ਖੇਤੀ ਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕਾਲੀ ਝੰਡੀਆਂ ਨਾਲ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ।
ਇਸ ਸਮੇਂ ਰਾਮ ਸਿੰਘ ਸ਼ਹਿਣਾ, ਭੋਲਾ ਸਿੰਘ ਛੰਨਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਕੁਲਵਿੰਦਰ ਸਿੰਘ ਉੱਪਲੀ, ਕਾਲਾ ਸਿੰਘ ਜੈਦ, ਰਣ ਸਿੰਘ ਉੱਪਲੀ, ਸਤਨਾਮ ਸਿੰਘ ਮੂੰਮ, ਅਮਰਜੀਤ ਸਿੰਘ ਠੁੱਲੀਵਾਲ, ਕੁਲਵੰਤ ਸਿੰਘ ਹੰਢਿਆਇਆ, ਸੁਖਦੇਵ ਸਿੰਘ ਕੁਰੜ, ਗੋਪਾਲ ਕ੍ਰਿਸ਼ਨ ਹਮੀਦੀ, ਬਲਵੰਤ ਸਿੰਘ ਠੀਕਰੀਵਾਲਾ ਆਦਿ ਆਗੂਆਂ ਨੇ 6 ਜਨਵਰੀ ਤੋਂ ਡੀਐੱਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਜਾਰੀ ਰੱਖਣ ਦਾ ਅਹਿਦ ਕੀਤਾ। ਆਗੂਆਂ ਨੇ 20 ਜਨਵਰੀ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਰਧਾਂਜਲੀ ਸਮੇਂ 11 ਵਜੇ ਠੀਕਰੀਵਾਲਾ ਪਹੁੰਚਣ ਦਾ ਸੱਦਾ ਦਿੱਤਾ। ਜਥੇਬੰਦਕ ਕਿਸਾਨ ਰੋਹ ਨੂੰ ਭਾਂਪਦਿਆਂ ਜਥੇਬੰਦੀ ਦੇ ਵਫਦ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਹੋਇਆ ਅਤੇ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ।

LEAVE A REPLY

Please enter your comment!
Please enter your name here