ਬਰਨਾਲਾ ਵਿਖੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਈ ਮੀਟਿੰਗ
ਪਿੰਡ ਕੁੱਲਰੀਆਂ, ਜ਼ਿਲ੍ਹਾ ਮਾਨਸਾ ਦੇ ਕਿਸਾਨ ਛੇ ਮਹੀਨੇ ਤੋਂ ਆਪਣੀ ਜ਼ਮੀਨ ਦੀ ਰਾਖੀ ਲਈ ਲੜ ਰਹੇ ਹਨ ਲੜਾਈ
ਚੰਡੀਗੜ੍ਹ,
ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਆਬਾਦਕਾਰਾਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਅਤੇ ਕਿਸਾਨਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਸੰਘਰਸ਼ ਲੜਿਆ ਜਾ ਰਿਹਾ ਹੈ। ਇਸ ਸਬੰਧੀ ਛੇ ਜਨਵਰੀ ਤੋਂ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਪੱਕਾ ਮੋਰਚਾ ਲੱਗਿਆ ਹੋਇਆ ਹੈ। ਇਸ ਮੋਰਚੇ ਵਿੱਚ ਜਥੇਬੰਦੀ ਵੱਲੋਂ ਰੋਜ਼ਾਨਾ ਨਵੇਂ ਜ਼ਿਲੇ ਦੇ ਕਿਸਾਨ ਹਾਜ਼ਰ ਹੁੰਦੇ ਹਨ, ਰਾਤ ਨੂੰ ਵੀ ਮੋਰਚੇ ਵਿੱਚ ਰਹਿੰਦੇ ਹਨ ਅਤੇ ਦੂਜੇ ਦਿਨ ਨਵੇਂ ਜ਼ਿਲੇ ਤੋਂ ਕਿਸਾਨ ਕਾਫਲੇ ਪਹੁੰਚਣ ਮਗਰੋਂ ਹੀ ਘਰਾਂ ਨੂੰ ਪਰਤਦੇ ਹਨ।
ਇਸ ਘੋਲ ਦੀ ਲੜੀ ਵਜੋਂ ਜਿੱਥੇ ਅੱਜ ਕਿਸਾਨਾਂ ਅਤੇ ਬੀਬੀਆਂ ਨੇ ਇਕੱਠੇ ਹੋ ਕੇ ਬੁਢਲਾਡਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਰਿਹਾਇਸ਼ ਅੱਗੇ ਪੁਲਿਸ ਸਿਆਸੀ ਗੁੰਡਾ ਗੱਠਜੋੜ ਦਾ ਪੁਤਲਾ ਫ਼ੂਕਿਆ ਉੱਥੇ ਬਰਨਾਲਾ ਜ਼ਿਲ੍ਹੇ ਵਿੱਚ ਪਿੰਡ ਠੀਕਰੀਵਾਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਏ ਜਾਣੇ ਸਨ। ਪਰ ਅੱਜ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਠੀਕਰੀਵਾਲਾ ਵਿਖੇ ਪਹੁੰਚੇ ਤਾਂ ਪ੍ਰਸ਼ਾਸਨ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਖੇਤੀ ਮੰਤਰੀ ਨਾਲ ਮੀਟਿੰਗ ਕਰਵਾਈ ਗਈ ਜਿਸ ਵਿੱਚ ਖੇਤੀ ਮੰਤਰੀ ਨੇ ਜਥੇਬੰਦੀ ਨਾਲ ਕਿਸਾਨਾਂ ਨੂੰ ਇਨਸਾਫ਼ ਦੇਣ ਦਾ ਵਾਅਦਾ ਕੀਤਾ।
ਦੱਸਣਯੋਗ ਹੈ ਕਿ ਮਾਨਸਾ ਜਿਲੇ ਦੇ ਪਿੰਡ ਕੁੱਲਰੀਆਂ ਵਿਖੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਪਿੰਡ ਦਾ ਸਰਪੰਚ ਧੱਕੇਸ਼ਾਹੀ ਕਰ ਰਿਹਾ ਹੈ। ਅਕਤੂਬਰ ਮਹੀਨੇ ਦੌਰਾਨ ਸਰਪੰਚ ਅਤੇ ਉਸਦੇ ਗੁੰਡਾ ਟੋਲੇ ਨੇ ਇਕ ਕਿਸਾਨ ਉੱਪਰ ਗੱਡੀ ਚੜ੍ਹਾ ਕੇ ਸਖ਼ਤ ਜ਼ਖ਼ਮੀ ਕਰ ਦਿੱਤਾ। ਦਸੰਬਰ ਵਿੱਚ ਉਸੇ ਕਿਸਾਨ ਦੇ ਬੇਟੇ ਤੇ ਵੀ ਕਾਤਲਾਨਾ ਹਮਲਾ ਕੀਤਾ ਗਿਆ ਪਰ ਮਾਨਸਾ ਦੇ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ।
ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੁਹਾਲੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਅਤੇ ਕਿਸਾਨਾਂ ਖਿਲਾਫ ਹਮਲੇ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।