ਭਾਕਿਯੂ ਡਕੌਂਦਾ ਵੱਲੋਂ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ

0
176

ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀਆਂ ਖ਼ਿਲਾਫ ਸਖ਼ਤ ਧਾਰਾਵਾਂ ਲਾਈਆਂ ਜਾਣ ਅਤੇ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਾਵੇ: ਬੀਕੇਯੂ ਡਕੌਂਦਾ

ਆਸਥਾ ਕਲੋਨੀ ਦੀਆਂ ਬੇਨਿਯਮੀਆਂ ਦੀ ਵਿਜੀਲੈਂਸ ਜਾਂਚ ਕਰਵਾਉਣ ਲਈ ਡੀਸੀ ਬਰਨਾਲਾ ਕੋਲੋਂ ਕੀਤੀ ਮੰਗ

ਬਰਨਾਲਾ, 20 ਜੂਨ, 2023: ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਦੀ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਸਥਾ ਕਲੋਨੀ ਦੇ ਮਾਲਕ ਸੋਨੀ ਦੀ ਸ਼ਹਿ ‘ਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਲੋਕ ਦਬਾਅ ਅੱਗੇ ਝੁਕਦਿਆਂ ਪੁਲਿਸ ਨੂੰ ਪਰਚਾ ਦਰਜ ਕਰਨ ਲਈ ਮਜ਼ਬੂਰ ਹੋਣਾ ਪਿਆ। ਇਸ ਦੇ ਬਾਵਜੂਦ ਵੀ ਭਾਕਿਯੂ ਏਕਤਾ ਡਕੌਂਦਾ ਵੱਲੋਂ ਦਾਣਾ ਮੰਡੀ ਬਰਨਾਲਾ ਵਿਖੇ ਗੁੰਡਾਗਰਦੀ ਖ਼ਿਲਾਫ਼ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ। ਕਿਉਂਕਿ ਜਿਹੜੀਆਂ ਧਾਰਾਵਾਂ ਤਹਿਤ ਪੁਲਿਸ ਨੇ ਪਰਚਾ ਦਰਜ ਕੀਤਾ ਹੈ, ਉਹ ਮਾਮੂਲੀ ਧਾਰਾਵਾਂ ਹਨ। ਇਸ ਸਾਜ਼ਿਸ਼ ਵਿੱਚ ਸ਼ਾਮਿਲ ਆਸਥਾ ਕਲੋਨੀ ਦੇ ਕਾਲੋਨਾਈਜ਼ਰ ਸੋਨੀ ਨੂੰ ਸ਼ਾਮਿਲ ਕੀਤਾ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਕਰਮਜੀਤ ਸਿੰਘ ਛੰਨਾਂ, ਦਰਸ਼ਨ ਸਿੰਘ ਕਾਤਰੋਂ ਅਤੇ ਬਾਬੂ ਸਿੰਘ ਖੁੱਡੀ ਕਲਾਂ ਨੇ ਸਾਰੀ ਘਟਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਆਪਣੀ ਜਥੇਬੰਦੀ ਦਾ ਅਰੁਣ ਕੁਮਾਰ ਉਰਫ ਵਾਹਿਗਰੂ ਸਿੰਘ ਜਥੇਬੰਦੀ ਦਾ ਸਰਗਰਮ ਕਾਰਕੁੰਨ ਹੈ। 14 ਜੂਨ 2023 ਨੂੰ ਬਾਅਦ ਦੁਪਿਹਰ ਕਰੀਬ 1 ਵਜੇ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਨਗਰ ਕੌਂਸਲ ਬਰਨਾਲਾ ਵਿਖੇ ਆਸਥਾ ਕਲੋਨੀ ਬਰਨਾਲਾ ਅੰਦਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਰੀ ਬੇਨਿਯਮਿਆਂ ਖ਼ਿਲਾਫ਼ ਮਿਤੀ 30-08-2022 ਨੂੰ ਦਿੱਤੀ ਦਰਖ਼ਾਸਤ ਦੇ ਸਬੰਧ ਵਿੱਚ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਹਾਸਲ ਕਰਨ ਲਈ ਨਗਰ ਕੌਂਸਲ ਦਫ਼ਤਰ ਗਿਆ ਸੀ। ਨਗਰ ਕੌਂਸਲ ਦੇ ਜੇ.ਈ. ਸਲੀਮ ਮੁਹੰਮਦ ਅਤੇ ਕੁੱਝ ਹੋਰ ਕਰਮਚਾਰੀਆਂ ਨੇ ਆਸਥਾ ਕਲੋਨੀ ਬਰਨਾਲਾ ਦੇ ਮਾਲਕ ਕਲੋਨਾਈਜਰ ਸੋਨੀ ਨਾਲ ਮਿਲਕੇ ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਸਾਡੇ ਕਿਸਾਨ ਕਾਰਕੁੰਨ ਨੂੰ ਕਮਰੇ ਵਿੱਚ ਬੰਦ ਕਰ ਲਿਆ। ਕਮਰੇ ਅੰਦਰ ਬੰਦ ਕਰਕੇ ਜੇ.ਈ. ਸਲੀਮ ਮੁਹੰਮਦ ਨੇ ਮੌਜੂਦ ਕਰਮਚਾਰੀਆਂ ਨੇ ਬੇਰਹਿਮੀ ਨਾਲ ਵਹਿਗੁਰੂ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜੇ.ਈ. ਸਲੀਮ ਮੁਹੰਮਦ ਨੇ ਇਹ ਕਹਿ ਕੇ ਉਸ ਦੀ ਦਾੜੀ ਨੂੰ ਹੱਥ ਪਾ ਲਿਆ ਕਿ ਅਸੀਂ ਤੇਰੀ ਸਿੱਖੀ ਕੱਢ ਕੇ ਦਿਖਾਉਂਦੇ ਹਾਂ। ਹੋਰ ਕਰਮਚਾਰੀਆਂ ਨੇ ਉਸਦੀ ਪੱਗ ਲਾਹ ਦਿੱਤੀ। ਦੋਸ਼ੀ ਸਾਡੇ ਕਿਸਾਨ ਕਾਰਕੁੰਨ ਦੀ ਕੁੱਟਮਾਰ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਹੁਣ ਤੂੰ ਬੁਲਾ ਜੀਹਨੂੰ ਮਰਜੀ ਅਸੀਂ ਦੇਖਦੇ ਹਾਂ ਕਿਹੜਾ ਤੇਰਾ ਵਾਹਿਗੁਰੂ ਤੇਰੀ ਮਦਦ ਤੇ ਆ ਕੇ ਤੈਨੂੰ ਬਚਾਉਂਦਾ ਹੈ। ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਦੇ ਰਹੇ। ਸਲੀਮ ਮੁਹੰਮਦ ਨੇ ਆਪਣੇ ਸਾਥੀਆਂ ਨੂੰ ਕਹਿ ਕੇ ਇੱਕ ਰੱਸਾ ਮੰਗਵਾ ਲਿਆ ਅਤੇ ਕਹਿਣ ਲੱਗੇ ਕਿ ਅੱਜ ਇਸ ਨੂੰ ਕਲੋਨਾਈਜ਼ਰ ਅਤੇ ਨਗਰ ਕੌਂਸਲ ਕਰਮਚਾਰੀਆਂ ਦੇ ਵਿਰੁੱਧ ਸ਼ਕਾਇਤਾਂ ਕਰਨ ਦਾ ਮਜ਼ਾ ਚਖਾਉਂਦੇ ਹਾਂ।ਇਸ ਦਾ ਪਤਾ ਲੱਗਣ ਤੇ ਬੀ.ਕੇ.ਯੂ.ਏਕਤਾ (ਡਕੌਂਦਾ) ਦਾ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਵੀ ਨਗਰ ਕੌਂਸਲ ਦਫ਼ਤਰ ਵਿੱਚ ਪਹੁੰਚ ਗਿਆ ਉਨ੍ਹਾਂ ਨੇ ਹੀ ਵਾਹਿਗੁਰੂ ਸਿੰਘ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਤੋਂ ਛੁਡਾ ਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ।

ਆਗੂਆਂ ਨੇ ਕਿਹਾ ਕਿ ਜੇ.ਈ. ਸਲੀਮ ਮੁਹੰਮਦ ਨੇ ਵਾਹਿਗੁਰੂ ਸਿੰਘ ਦੀ ਕੁੱਟਮਾਰ ਦੀ ਪੂਰੀ ਜਾਣਕਾਰੀ ਫੋਨ ਕਰਕੇ ਆਸਥਾ ਕਲੋਨੀ ਦੇ ਮਾਲਕ ਨੂੰ ਵੀ ਦਿੱਤੀ। ਵਾਹਿਗੁਰੂ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਘਟਨਾ ਨੂੰ ਛੁਪਾਉਣ ਲਈ ਦੋਸ਼ੀਆਂ ਨੇ ਸੀ ਸੀ ਟੀ ਵੀ ਕੈਮਰੇ ਪਹਿਲਾਂ ਤੋਂ ਹੀ ਰਚੀ ਸਾਜਿਸ਼ ਤਹਿਤ ਬੰਦ ਕਰ ਦਿੱਤੇ ਸਨ। ਆਗੂਆਂ ਨੇ ਕਿਹਾ ਕਿ ਬਣਦੇ ਸਾਰੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ । ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ, ਕਾਲਾ ਸਿੰਘ ਜੈਦ, ਅਮਰਜੀਤ ਸਿੰਘ ਠੁੱਲੀਵਾਲ, ਸੁਖਦੇਵ ਸਿੰਘ ਕੁਰੜ, ਜੱਗਾ ਸਿੰਘ ਮਹਿਲ ਕਲਾਂ, ਬੂਟਾ ਸਿੰਘ ਫਰਵਾਹੀ, ਬਲਵੰਤ ਸਿੰਘ ਠੀਕਰੀਵਾਲਾ, ਗੁਰਮੀਤ ਸਿੰਘ ਸੁਖਪੁਰਾ, ਡਾ ਰਜਿੰਦਰ ਪਾਲ, ਗੁਰਪ੍ਰੀਤ ਸਿੰਘ ਛੰਨਾਂ ਅਤੇ ਗੁਰਮੀਤ ਸਿੰਘ ਬਰਨਾਲਾ ਆਦਿ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇ।

ਆਗੂਆਂ ਨੇ ਦੱਸਿਆ ਕਿ ਡੀਸੀ ਬਰਨਾਲਾ ਦਾ ਰਵੱਈਆ ਲੁੱਟੇਰਿਆਂ ਦੇ ਹੱਕ ਵਿੱਚ ਭੁਗਤਣ ਵਾਲਾ ਬਹੁਤ ਪੱਖਪਾਤੀ ਸੀ। ਅਗਲਾ ਨਿੰਦਣਯੋਗ ਰਵੱਈਆ ਐੱਸ ਐੱਸ ਪੀ ਬਰਨਾਲਾ ਦਾ ਸਾਹਮਣਾ ਆਇਆ ਕਿ ਮਿਲਣ ਗਏ ਵਫ਼ਦ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ। ਗੁੱਸੇ ਵਿੱਚ ਆਏ ਕਿਸਾਨਾਂ ਨੇ ਐਸ ਐਸ ਪੀ ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਸ਼ੁਰੂ ਕਰਕੇ ਚਿਤਾਵਨੀ ਦਿੱਤੀ ਕਿ ਬਰਨਾਲਾ ਜ਼ਿਲ੍ਹੇ ਦੇ ਸੰਘਰਸ਼ਮਈ ਇਤਿਹਾਸ ਨੂੰ ਜਾਣ ਲੈਣਾ ਚਾਹੀਦਾ ਹੈ। ਇਹ ਕਾਫ਼ਲੇ ਨਾ ਝੁਕਣਗੇ ਨਾ ਡਰਨਗੇ। ਬੇਖੌਫ ਹੋਕੇ ਅੱਗੇ ਵਧਦੇ ਜਾਣਗੇ। ਲੋਕ ਸੰਘਰਸ਼ ਦੇ ਦਬਾਅ ਅੱਗੇ ਝੁਕਦਿਆਂ ਐਸ ਪੀ ਰਮਨੀਸ਼ ਚੌਧਰੀ ਨੇ ਭਰੇ ਇਕੱਠ ਵਿੱਚ ਆਕੇ ਜਥੇਬੰਦੀ ਨਾਲ ਕੀਤੇ ਵਰਤਾਓ ਪ੍ਰਤੀ ਅਹਿਸਾਸ ਕਰਕੇ ਮੰਗ ਪੱਤਰ ਹਾਸਲ ਕੀਤਾ ਅਤੇ ਇਨਸਾਫ਼ ਦਿਵਾਉਣ ਦਾ ਵਿਸ਼ਵਾਸ ਦਿਵਾਇਆ।

LEAVE A REPLY

Please enter your comment!
Please enter your name here