ਭਾਜਪਾ ਦਾ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਏਜੰਡਾ ਇੱਕ ਵਾਰ ਫਿਰ ਹੋਇਆ ਬੇਨਕਾਬ: ਆਪ

0
30

ਭਾਜਪਾ ਦਾ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਏਜੰਡਾ ਇੱਕ ਵਾਰ ਫਿਰ ਹੋਇਆ ਬੇਨਕਾਬ: ਆਪ

ਆਪ ਪੰਜਾਬ ਨੇ ਡਾ. ਬੀ.ਆਰ. ਅੰਬੇਡਕਰ ਬਾਰੇ ਅਮਿਤ ਸ਼ਾਹ ਦੀ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ, ਕਿਹਾ ਤੁਰੰਤ ਮੁਆਫ਼ੀ ਮੰਗਣ ਗ੍ਰਹਿ ਮੰਤਰੀ

ਅਮਿਤ ਸ਼ਾਹ ਨੂੰ ਡਾ. ਅੰਬੇਡਕਰ ਵਿਰੁੱਧ ਆਪਣੀਆਂ ਟਿੱਪਣੀਆਂ ਲਈ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ: ਹਰਭਜਨ ਸਿੰਘ ਈ.ਟੀ.ਓ

ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਭਾਜਪਾ ਦਾ ਏਜੰਡਾ ਕਦੀ ਸਫਲ ਨਹੀਂ ਹੋਵੇਗਾ, ਅਸੀਂ ਕਿਸੇ ਨੂੰ ਵੀ ਬਾਬਾ ਸਾਹਿਬ ਅੰਬੇਡਕਰ ਦੇ ਆਦਰਸ਼ਾਂ ਨੂੰ ਰੋਲਣ ਨਹੀਂ ਦੇਵਾਂਗੇ: ਹਰਭਜਨ ਸਿੰਘ ਈ.ਟੀ.ਓ

ਅਮਿਤ ਸ਼ਾਹ ਦੀਆਂ ਟਿੱਪਣੀਆਂ ਭਾਜਪਾ ਅਤੇ ਆਰ.ਐਸ.ਐਸ. ਦੀ ਦਲਿਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ: ਪਵਨ ਕੁਮਾਰ ਟੀਨੂੰ

ਚੰਡੀਗੜ੍ਹ/ਜਲੰਧਰ, 19 ਦਸੰਬਰ 2024

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਡਾ. ਬੀ.ਆਰ. ਅੰਬੇਡਕਰ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ‘ਆਪ’ ਆਗੂਆਂ ਨੇ ਇਸ ਟਿੱਪਣੀ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕਰਾਰ ਦਿੰਦਿਆਂ ਭਾਜਪਾ ਅਤੇ ਆਰਐਸਐਸ ‘ਤੇ ਦਲਿਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਏਜੰਡਾ ਚਲਾਉਣ ਦਾ ਦੋਸ਼ ਲਾਇਆ।

ਵੀਰਵਾਰ ਨੂੰ ਜਲੰਧਰ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰੀ ਹਰਭਜਨ ਸਿੰਘ ਈਟੀਓ ਨੇ ਗ੍ਰਹਿ ਮੰਤਰੀ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੰਸਦ ਵਿੱਚ ਦਿੱਤਾ ਅਮਿਤ ਸ਼ਾਹ ਦਾ ਬਿਆਨ ਘਿਣਾਉਣਾ ਅਤੇ ਉਨ੍ਹਾਂ ਕਰੋੜਾਂ ਭਾਰਤੀਆਂ ਲਈ ਦੁਖਦਾਈ ਹੈ ਜੋ ਡਾ. ਅੰਬੇਡਕਰ ਨੂੰ ਗੁਰੂ ਮੰਨਦੇ ਹਨ। ਬਾਬਾ ਸਾਹਿਬ ਨੇ ਇੱਕ ਅਜਿਹਾ ਸੰਵਿਧਾਨ ਬਣਾਇਆ ਜਿਸ ਨੇ ਇੱਕ ਖੰਡਿਤ ਰਾਸ਼ਟਰ ਨੂੰ ਇੱਕਜੁੱਟ ਕੀਤਾ ਅਤੇ ਦਲਿਤਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ।

ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਨ ਦਾ ਭਾਜਪਾ ਦਾ ਲੁਕਵਾਂ ਏਜੰਡਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ‘ਆਪ’ ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਾ. ਅੰਬੇਡਕਰ ਦੇ ਪੈਰੋਕਾਰਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਤੁਰੰਤ ਅਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ।

ਇਸ ਪ੍ਰੈਸ ਕਾਨਫ਼ਰੰਸ ਵਿੱਚ ਵਿਧਾਇਕ ਬਲਕਾਰ ਸਿੰਘ, ਸੀਨੀਅਰ ਨੇਤਾ ਦੀਪਕ ਬਾਲੀ, ਅੰਮ੍ਰਿਤਪਾਲ ਸਿੰਘ, ਗੁਰਿੰਦਰ ਸਿੰਘ ਸ਼ੇਰਗਿੱਲ, ਐਚ.ਐਸ. ਸੰਧੂ, ਮੰਗਲ ਸਿੰਘ ਬਸੀ ਅਤੇ ਗੁਰਚਰਨ ਸਿੰਘ ਚੰਨੀ ਵੀ ਮੌਜੂਦ ਸਨ।

ਈਟੀਓ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਸਾਡੇ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਦੇ ਨਿਰਮਾਤਾ ਨੂੰ ਬਣਦਾ ਸਤਿਕਾਰ ਦਿੰਦੀ ਹੈ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ ਵਿੱਚ ਡਾ. ਬੀ.ਆਰ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਦੀ ਉਦਾਹਰਣ ਦੇ ਕੇ ਇਸ ਗੱਲ ਨੂੰ ਉਜਾਗਰ ਕੀਤਾ ਅਤੇ ਪਾਰਟੀ ਵੱਲੋਂ ਇਨ੍ਹਾਂ ਪ੍ਰਤੀਮਾਨਾਂ ਨੂੰ ਦਰਸਾਉਂਦੀਆਂ ਕਦਰਾਂ-ਕੀਮਤਾਂ ਦੀ ਸੰਭਾਲ ਅਤੇ ਸਨਮਾਨ ਕਰਨ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਸੰਵਿਧਾਨ ਨਾਲ ਛੇੜਛਾੜ ਜਾਂ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਦੇ ਅਧਿਕਾਰਾਂ ਨਾਲ ਛੇੜਛਾੜ ਕਰਨ ਵਾਲੇ ਕਿਸੇ ਵੀ ਕਦਮ ਦਾ ਵਿਰੋਧ ਕਰਦੀ ਰਹੇਗੀ।

‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਸੰਵਿਧਾਨ ਦੀਆਂ ਧਰਮ ਨਿਰਪੱਖ ਅਤੇ ਸਮਾਵੇਸ਼ੀ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਉਜਾਗਰ ਕਰਦਿਆਂ ਭਾਜਪਾ ਅਤੇ ਆਰਐਸਐਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਬੀ ਆਰ ਅੰਬੇਡਕਰ ਨੇ ਆਪਣਾ ਪੂਰਾ ਜੀਵਨ ਸੰਵਿਧਾਨ ਬਣਾਉਣ, ਇੱਕ ਵਿਭਿੰਨ ਰਾਸ਼ਟਰ ਨੂੰ ਇੱਕਜੁੱਟ ਕਰਨ ਅਤੇ ਸਾਰਿਆਂ ਲਈ ਬਰਾਬਰ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਵਿੱਚ ਬਿਤਾਇਆ। ਪਰੰਤੂ ਭਾਜਪਾ ਅਤੇ ਆਰਐਸਐਸ ਨੇ ਵਾਰ-ਵਾਰ ਉਨ੍ਹਾਂ ਦੀ ਵਿਰਾਸਤ ਨੂੰ ਕਮਜ਼ੋਰ ਕਰਨ ਅਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਅਮਿਤ ਸ਼ਾਹ ਦੀਆਂ ਟਿੱਪਣੀਆਂ ਉਨ੍ਹਾਂ ਦੀ ਦਲਿਤ ਵਿਰੋਧੀ ਅਤੇ ਰਾਖਵਾਂਕਰਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ।

”ਆਪ’ ਨੇ ਭਾਜਪਾ ਅਤੇ ਆਰਐਸਐਸ ਨੂੰ ਸੰਵਿਧਾਨ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਅਤੇ ਲੋਕਤੰਤਰ ਅਤੇ ਸਮਾਨਤਾ ਦੇ ਬੁਨਿਆਦੀ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਚੇਤਾਵਨੀ ਦਿੱਤੀ। ‘ਆਪ’ ਆਗੂ ਨੇ ਕਿਹਾ ਕਿ ਭਾਰਤ ਹਰ ਨਾਗਰਿਕ ਦਾ ਹੈ ਅਤੇ ਕਿਸੇ ਨੂੰ ਵੀ ਡਾ.ਅੰਬੇਡਕਰ ਦੇ ਆਦਰਸ਼ਾਂ ਨੂੰ ਕੁਚਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here